PreetNama
ਸਮਾਜ/Socialਖਬਰਾਂ/News

ਨੀਟ ਪੇਪਰ ਲੀਕ: ਸੀਬੀਆਈ ਵੱਲੋਂ ਹਜ਼ਾਰੀਬਾਗ ਸਕੂਲ ਦੇ ਪ੍ਰਿੰਸੀਪਲ ਤੋਂ ਪੁੱਛ ਪੜਤਾਲ ਗੁਜਰਾਤ ਦੇ ਦੋ ਪ੍ਰਾਈਵੇਟ ਸਕੂਲਾਂ ’ਚ ਪੁੱਜੀਆਂ ਸੀਬੀਆਈ ਦੀਆਂ ਟੀਮਾਂ

ਮੈਡੀਕਲ ਕੋਰਸਾਂ ਲਈ ਦਾਖਲਾ ਪ੍ਰੀਖਿਆ ਨੀਟ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਸਬੰਧ ਵਿੱਚ ਅੱਜ ਸੀਬੀਆਈ ਦੀ ਟੀਮ ਝਾਰਖੰਡ ਦੇ ਹਜ਼ਾਰੀਬਾਗ ਦੇ ਸਕੂਲ ਵਿੱਚ ਪੁੱਜੀ ਤੇ ਇੱਥੋਂ ਦੇ ਪ੍ਰਿੰਸੀਪਲ ਤੋਂ ਪੁੱਛ ਪੜਤਾਲ ਕੀਤੀ। ਇਸੇ ਦੌਰਾਨ ਸੀਬੀਆਈ ਦੀਆਂ ਟੀਮਾਂ ਗੁਜਰਾਤ ਦੇ ਖੇੜਾ ਤੇ ਪੰਚਮਹਿਲ ਜ਼ਿਲ੍ਹਿਆਂ ਵਿਚਲੇ ਦੋ ਪ੍ਰਾਈਵੇਟ ਸਕੂਲਾਂ ਵਿੱਚ ਵੀ ਪੁੱਜੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਸੀਬੀਆਈ ਦੀ ਟੀਮ ਨੇ ਝਾਰਖੰਡ ਦੇ ਹਜ਼ਾਰੀਬਾਗ ਵਿਚਲੇ ਓਆਇਸਿਸ ਸਕੂਲ ਦੇ ਪ੍ਰਿੰਸੀਪਲ ਡਾ. ਅਹਿਸਾਨੁਲ ਹੱਕ ਤੋਂ ਸੱਤ ਘੰਟੇ ਪੁੱਛ-ਪੜਤਾਲ ਕੀਤੀ ਤੇ ਫਿਰ ਉਨ੍ਹਾਂ ਨੂੰ ਹਜ਼ਾਰੀਬਾਗ ਦੇ ਚੜ੍ਹੀ ਲੈ ਗਈ। ਡਾ. ਹੱਕ ਹਜ਼ਾਰੀਬਾਗ ’ਚ ਨੀਟ-ਯੂਜੀ ਦੇ ਜ਼ਿਲ੍ਹਾ ਕੋਆਰਡੀਨੇਟਰ ਸਨ। ਹਜ਼ਾਰੀਬਾਗ ਸਦਰ ਦੇ ਸਬ-ਡਿਵੀਜ਼ਨਲ ਪੁਲੀਸ ਅਫਸਰ ਕੁਮਾਰ ਸ੍ਰੀਵਾਸਤਵ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਰ ਸੂਤਰਾਂ ਤੋਂ ਜਾਂਚ ਸਬੰਧੀ ਜਾਣਕਾਰੀ ਮਿਲੀ ਹੈ ਪਰ ਉਨ੍ਹਾਂ ਨੂੰ ਇਸ ਸਬੰਧੀ ਅਧਿਕਾਰਤ ਤੌਰ ’ਤੇ ਸੂਚਿਤ ਨਹੀਂ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਸੀਬੀਆਈ ਦੀ 12 ਮੈਂਬਰੀ ਟੀਮ ਲੰਘੀ ਸ਼ਾਮ ਹਜ਼ਾਰੀਬਾਗ ਪੁੱਜੀ ਅਤੇ ਅੱਜ ਅੱਠ ਮੈਂਬਰੀ ਟੀਮ ਨੇ ਸਕੂਲ ਦਾ ਦੌਰਾ ਕੀਤਾ। ਟੀਮ ਦੇ ਕੁਝ ਮੈਂਬਰ ਜ਼ਿਲ੍ਹੇ ’ਚ ਐੱਸਬੀਆਈ ਦੀ ਮੁੱਖ ਬ੍ਰਾਂਚ ਵਿੱਚ ਗਏ। ਬੈਂਕ ਦਾ ਮੈਨੇਜਰ ਕਥਿਤ ਤੌਰ ’ਤੇ ਪ੍ਰਸ਼ਨ ਪੱਤਰਾਂ ਦਾ ਨਿਗਰਾਨ ਸੀ। ਸੂਤਰਾਂ ਨੇ ਦੱਸਿਆ ਕਿ ਬੈਂਕ ਨੂੰ ਕਥਿਤ ਤੌਰ ’ਤੇ ਇੱਕ ਕੁਰੀਅਰ ਸੇਵਾ ਰਾਹੀਂ ਈ-ਰਿਕਸ਼ਾ ’ਤੇ ਭੇਜੇ ਗਏ ਪ੍ਰਸ਼ਨ ਪੱਤਰ ਪ੍ਰਾਪਤ ਹੋਏ ਸਨ। ਇਸੇ ਦਰਮਿਆਨ ਸੀਬੀਆਈ ਦੀਆਂ ਟੀਮਾਂ ਨੇ ਗੁਜਰਾਤ ਦੇ ਖੇੜਾ ਤੇ ਪੰਚਮਹਿਲ ਜ਼ਿਲ੍ਹਿਆਂ ਦੇ ਦੋ ਨਿੱਜੀ ਸਕੂਲਾਂ ’ਚ ਪਹੁੰਚ ਕੇ ਕੇਸ ਨਾਲ ਸਬੰਧਤ ਜਾਂਚ ਕੀਤੀ ਹੈ।

ਇਸੇ ਦੌਰਾਨ ਬਿਹਾਰ ਦੇ ਪਟਨਾ ਵਿਚਲੀ ਇੱਕ ਅਦਾਲਤ ਨੇ ਨੀਟ ਪ੍ਰਸ਼ਨ ਪੱਤਰ ਲੀਕ ਮਾਮਲੇ ’ਚ ਗ੍ਰਿਫ਼ਤਾਰ ਦੋ ਮੁਲਜ਼ਮਾਂ ਬਲਦੇਵ ਕੁਮਾਰ ਉਰਫ਼ ਚਿੰਟੂ ਤੇ ਮੁਕੇਸ਼ ਕੁਮਾਰ ਨੂੰ ਤਿੰਨ ਰੋਜ਼ਾ ਸੀਬੀਆਈ ਰਿਮਾਂਡ ’ਤੇ ਭੇਜ ਦਿੱਤਾ ਹੈ।

Related posts

ਹੋਲੀ ਨੂੰ ‘ਗਵਾਰਾਂ’ ਦਾ ਤਿਉਹਾਰ ਦੱਸਣ ’ਤੇ ਫਰਾਹ ਖ਼ਾਨ ਖ਼ਿਲਾਫ਼ ਸ਼ਿਕਾਇਤ ਦਰਜ

On Punjab

ਮਜ਼ਬੂਤ ਆਲਮੀ ਰੁਝਾਨਾਂ ਕਾਰਨ ਸ਼ੁਰੂਆਤੀ ਕਾਰੋਬਾਰ ਦੌਰਾਨ ਬਾਜ਼ਾਰਾਂ ਵਿੱਚ ਤੇਜ਼ੀ

On Punjab

Canada to cover cost of contraception and diabetes drugs

On Punjab