PreetNama
ਖੇਡ-ਜਗਤ/Sports News

ਨਵਜੋਤ ਸਿੰਘ ਸਿੱਧੂ ‘ਤੇ ਭੜਕੇ ਗੌਤਮ ਗੰਭੀਰ, ਇਮਰਾਨ ਖ਼ਾਨ ਨੂੰ ‘ਵੱਡਾ ਭਰਾ’ ਬਣਾਉਣ ‘ਤੇ AAP ਨੇ ਵੀ ਕਾਂਗਰਸ ਨੂੰ ਘੇਰਿਆ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਪ੍ਰਤੀ ਆਪਣੇ ਪਿਆਰ ਨੂੰ ਲੈ ਕੇ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਸ਼ਨਿਚਰਵਾਰ ਨੂੰ ਕਰਤਾਰਪੁਰ ਸਾਹਿਬ ਨਤਮਸਤਕ ਹੋਏ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਕਹਿ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਸਿੱਧੂ ਦੇ ਇਸ ਬਿਆਨ ‘ਤੇ ਭਾਜਪਾ ਤੇ ਆਮ ਆਦਮੀ ਪਾਰਟੀ ਨੇ ਤਿੱਖਾ ਹਮਲਾ ਕੀਤਾ ਹੈ। ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨਵਜੋਤ ਸਿੰਘ ਸਿੱਧੂ ਪਹਿਲਾਂ ਆਪਣੇ ਪੁੱਤਰ ਜਾਂ ਧੀ ਨੂੰ ਭਾਰਤ-ਪਾਕਿਸਤਾਨ ਸਰਹੱਦ ‘ਤੇ ਲੜਨ ਲਈ ਭੇਜਦੇ ਹਨ ਤੇ ਫਿਰ ਅੱਤਵਾਦੀ ਦੇਸ਼ ਦੇ ਮੁਖੀ (ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ) ਨੂੰ ਆਪਣਾ ਵੱਡਾ ਭਰਾ ਦੱਸਦੇ ਹਨ। ਕ੍ਰਿਕਟਰ ਤੋਂ ਰਾਜਨੇਤਾ ਬਣੇ ਗੌਤਮ ਗੰਭੀਰ ਨੇ ਵੀ ਕਿਹਾ ਕਿ ਭਾਰਤ 70 ਸਾਲਾਂ ਤੋਂ ਪਾਕਿਸਤਾਨ ਦੁਆਰਾ ਸਪਾਂਸਰ ਕੀਤੇ ਅੱਤਵਾਦ ਨਾਲ ਲੜ ਰਿਹਾ ਹੈ ਤੇ ਸਿੱਧੂ ਵੱਲੋਂ ਇਕ ‘ਅੱਤਵਾਦੀ ਦੇਸ਼’ ਦੇ ਪ੍ਰਧਾਨ ਮੰਤਰੀ ਨੂੰ ਆਪਣਾ ਵੱਡਾ ਭਰਾ ਕਹਿਣਾ ‘ਸ਼ਰਮਨਾਕ’ ਹੈ।

ਦਿੱਲੀ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ (ਆਪ) ਨੇ ਵੀ ਸਿੱਧੂ ‘ਤੇ ਜ਼ੋਰਦਾਰ ਹਮਲਾ ਕੀਤਾ ਹੈ। ‘ਆਪ’ ਦੇ ਕੌਮੀ ਬੁਲਾਰੇ ਅਤੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਪ੍ਰਤੀ ਪਿਆਰ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਬਹੁਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਾਕਿਸਤਾਨ ਪ੍ਰਤੀ ਪਿਆਰ ਸਭ ਸਾਹਮਣੇ ਆ ਰਿਹਾ ਹੈ। ਉਹ ਪਾਕਿਸਤਾਨ ਅਤੇ ਇਮਰਾਨ ਖਾਨ ਦੀ ਵਡਿਆਈ ਕਰ ਰਹੇ ਹਨ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ।

ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ, ਇੱਥੇ ਪੰਜਾਬ ਪੁਲਿਸ ਤੇ ਬੀਐਸਐਫ ਹਰ ਰੋਜ਼ ਕਈ ਡਰੋਨ ਹਮਲਿਆਂ ਨੂੰ ਨਾਕਾਮ ਕਰਦੇ ਹਨ। ਇੱਥੇ ਵੱਡੀ ਮਾਤਰਾ ਵਿਚ ਹੈਰੋਇਨ ਫੜੀ ਜਾਂਦੀ ਹੈ। ਪਾਕਿਸਤਾਨ ਪੰਜਾਬ ਰਾਹੀਂ ਸਾਡੇ ਦੇਸ਼ ਨੂੰ ਨਸ਼ੇ, ਡਰੋਨ ਤੇ ਟਿਫਿਨ ਬੰਬ ਵੇਚਦਾ ਹੈ। ਪੰਜਾਬ ਦੇ ਡੀਜੀਪੀ ਲਗਾਤਾਰ ਇਹ ਗੱਲ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਸ਼ੁਰੂ ਤੋਂ ਹੀ ਪਾਕਿਸਤਾਨ ਨਾਲ ਵਪਾਰ ਲਈ ਸਰਹੱਦ ਖੋਲ੍ਹਣ ਦੀ ਗੱਲ ਕਰਦੇ ਆ ਰਹੇ ਹਾਂ ਪਰ ਹੁਣ ਹਾਲਾਤ ਅਜਿਹੇ ਹਨ ਕਿ ਜੇਕਰ ਸਰਹੱਦ ਵਪਾਰ ਲਈ ਖੋਲ੍ਹ ਦਿੱਤੀ ਜਾਂਦੀ ਹੈ ਤਾਂ ਪਾਕਿਸਤਾਨ ਤੋਂ ਚਾਰ ਗੁਣਾ ਨਸ਼ਾ, ਅੱਤਵਾਦ ਅਤੇ ਹਥਿਆਰ ਆਉਂਦੇ ਹਨ।

Related posts

ਵਰਲਡ ਕੱਪ ‘ਚ ਨਹੀਂ ਚੁਣੇ ਗਏ ਰਾਇਡੂ ਨੇ ਕ੍ਰਿਕੇਟ ਤੋਂ ਲਿਆ ਸੰਨਿਆਸ

On Punjab

ਕੀ ਰੱਦ ਹੋਵੇਗਾ IPL ਸੀਜ਼ਨ? ਟੀਮ ਮਾਲਕਾਂ ਨੇ ਲਏ ਕੁੱਝ ਵੱਡੇ ਫੈਸਲੇ

On Punjab

ਟੀਮ ਇੰਡੀਆ ਨੂੰ ‘ਭਗਵੀਂ’ ਵਰਦੀ ਨੇ ਹਰਾਇਆ?

On Punjab