ਦੱਖਣੀ ਚੀਨ ਸਾਗਰ ’ਚ ਅਮਰੀਕਾ ਤੇ ਚੀਨ ਦੇ ਤਣਾਅ ਨੂੰ ਦੇਖਦੇ ਹੋਏ ਅਮਰੀਕੀ ਸਰਕਾਰ ਹੁਣ ਚੀਨ ਦੀਆਂ ਜਲ ਸੈਨਿਕ ਸਮਰੱਥਾਵਾਂ ਨੂੰ ਦੇਖਦੇ ਹੋਏ ਉੱਥੇ ਆਪਣੀ ਫ਼ੌਜੀ ਤਾਕਤ ਹੋਰ ਵਧਾਉਣਾ ਚਾਹੁੰਦੀ ਹੈ।
ਏਸ਼ੀਆ ਟਾਈਮਜ਼ ਦੀ ਰਿਪੋਰਟ ਮੁਤਾਬਕ, ਕੁਝ ਏਸ਼ਿਆਈ ਆਗੂਆਂ ਨੂੰ ਡਰ ਸੀ ਕਿ ਡੋਨਾਲਡ ਟਰੰਪ ਦੇ ਚੋਣ ਹਾਰਨ ਮਗਰੋਂ ਅਮਰੀਕਾ ਚੀਨ ਖ਼ਿਲਾਫ਼ ਆਪਣੇ ਸਖ਼ਤ ਰਵੱਈਏ ਨੂੰ ਛੱਡ ਦੇਵੇਗਾ। ਪਰ ਇਸਦਾ ਉਲਟ ਹੀ ਹੋਇਆ ਹੈ। ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਜੋਅ ਬਾਇਡਨ ਦੇ ਰੁਖ਼ ਨਾਲ ਕਈ ਅਮਰੀਕੀ ਸਹਿਯੋਗੀਆਂ ਦੀ ਏਸ਼ੀਆ ’ਚ ਪੈਠ ਵੱਧ ਗਈ ਹੈ।
ਇਸ ਮਹੀਨੇ ਦੇ ਸ਼ੁਰੂ ’ਚ ਦੱਖਣੀ ਚੀਨ ਸਾਗਰ ਦੇ ਵਿਵਾਦਤ ਟਾਪੂ ਸਮੂਹਾਂ ’ਚ ਅਮਰੀਕੀ ਜੰਗੀ ਬੇੜਾ ਯੂਐੱਸਐੱਸ ਕਾਰਲ ਵਿਨਸਨ ਦੀ ਅਗਵਾਈ ’ਚ ਪੰਜ ਦਿਨਾ ਜਲ ਸੈਨਿਕ ਡਿ੍ਰਲ ਹੋਈ। ਪਿਛਲੇ ਸਾਲ ਦੇ ਮੁਕਾਬਲੇ ਇਹ ਜਲ ਸੈਨਿਕ ਅਭਿਆਸ ਦੋ ਹਫ਼ਤੇ ਜ਼ਿਆਦਾ ਸਮਾਂ ਤਕ ਚੱਲਿਆ। ਚੀਨ ਤੇ ਤਾਈਵਾਨ ਵਿਚਾਲੇ ਭਾਰੀ ਤਣਾਅ ਵਿਚਾਲੇ ਅਮਰੀਕੀ ਜੰਗੀ ਬੇੜਿਆਂ ਨੇ ਪਿਛਲੇ ਐਤਵਾਰ ਨੂੰ ਦੱਖਣੀ ਚੀਨ ਸਾਗਰ ’ਚ ਦਾਖ਼ਲਾ ਕੀਤਾ।

