ਨਵੀਂ ਦਿੱਲੀ- ਕੌਮੀ ਰਾਜਧਾਨੀ ਵਿਚ ਅੱਜ ਸਵੇਰੇ ਘੱਟੋ ਘੱਟ ਤਿੰਨ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਦਿੱਲੀ ਪੁਲੀਸ ਦੇ ਅਧਿਕਾਰੀ ਨੇ ਕਿਹਾ ਕਿ ਇਸ ਧਮਕੀ ਮਗਰੋਂ ਹੰਗਾਮੀ ਸੇਵਾਵਾਂ ਤੁਰੰਤ ਹਰਕਤ ਵਿਚ ਆ ਗਈਆਂ।
ਉਨ੍ਹਾਂ ਕਿਹਾ ਕਿ ਸਵੇਰੇ 8 ਵਜੇ ਦੇ ਕਰੀਬ ਪੁਲੀਸ ਨੂੰ ਪ੍ਰਸ਼ਾਂਤ ਵਿਹਾਰ ਅਤੇ ਦਵਾਰਕਾ ਸੈਕਟਰ 16 ਦੇ CRPF ਸਕੂਲਾਂ ਦੇ ਨਾਲ-ਨਾਲ ਚਾਣਕਿਆਪੁਰੀ ਦੇ ਇੱਕ ਹੋਰ ਸਕੂਲ ਤੋਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਬਾਰੇ ਕਾਲਾਂ ਆਈਆਂ। ਉਨ੍ਹਾਂ ਕਿਹਾ ਕਿ ‘ਪੁਲੀਸ ਟੀਮਾਂ ਤੁਰੰਤ ਸਕੂਲ ਦੇ ਅਹਾਤੇ ਦੀ ਜਾਂਚ ਕਰਨ ਲਈ ਪਹੁੰਚ ਗਈਆਂ।’
ਡਿਪਟੀ ਕਮਿਸ਼ਨਰ ਆਫ਼ ਪੁਲੀਸ (ਦਵਾਰਕਾ) ਅੰਕਿਤ ਸਿੰਘ ਨੇ ਕਿਹਾ, ‘‘ਸੋਮਵਾਰ ਸਵੇਰੇ, ਦਵਾਰਕਾ ਉੱਤਰੀ ਪੁਲੀਸ ਸਟੇਸ਼ਨ ਨੂੰ PCR ’ਤੇ ਕਾਲ ਆਈ ਜਿਸ ਵਿੱਚ ਇੱਥੇ CRPF ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਬਾਰੇ ਜਾਣਕਾਰੀ ਦਿੱਤੀ ਗਈ। ਇਲਾਕੇ ਨੂੰ ਫੌਰੀ ਸੀਲ ਕਰ ਦਿੱਤਾ ਗਿਆ। ਸਥਾਨਕ ਪੁਲੀਸ, ਸੂਹੀਆ ਕੁੱਤੇ ਅਤੇ ਬੰਬ ਨਕਾਰਾ ਦਸਤੇ ਸਕੂਲ ਪਹੁੰਚੇ ਅਤੇ ਉਚਿਤ ਜਾਂਚ ਕੀਤੀ।’’
ਉਨ੍ਹਾਂ ਕਿਹਾ ਕਿ ਸਾਈਬਰ ਪੁਲੀਸ ਮਾਹਰ ਈਮੇਲ ਦੇ ਸਰੋਤ ਦਾ ਪਤਾ ਲਗਾ ਰਹੇ ਹਨ। ਡੀਸੀਪੀ ਨੇ ਕਿਹਾ, ‘‘ਸਕੂਲ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।’’