ਨਵੀਂ ਦਿੱਲੀ- ਕੌਮੀ ਰਾਜਧਾਨੀ ਵਿਚ ਅੱਜ ਪ੍ਰਦੂਸ਼ਣ ਦਾ ਪੱਧਰ ਪਹਿਲਾਂ ਨਾਲੋਂ ਘੱਟ ਰਿਹਾ ਤੇ ਪਿਛਲੇ ਦੋ ਦਿਨਾਂ ਤੋਂ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਤੋਂ ਬਾਅਦ ਦਿੱਲੀ-ਐਨਸੀਆਰ ਵਿੱਚ GRAP 4 ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹੈ। ਇਸ ਸਬੰਧੀ ਹੁਕਮ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਜਾਰੀ ਕੀਤੇ। ਦਿੱਲੀ ਦਾ ਗੰਭੀਰ ਹਵਾ ਪ੍ਰਦੂਸ਼ਣ ਦਾ ਤਿੰਨ ਦਿਨਾਂ ਦਾ ਦੌਰ ਮੰਗਲਵਾਰ ਖਤਮ ਹੋ ਗਿਆ। ਸ਼ਹਿਰ ਦੇ ਔਸਤ ਹਵਾ ਗੁਣਵੱਤਾ ਸੂਚਕ ਅੰਕ (AQI) ਵਿੱਚ ਮਾਮੂਲੀ ਸੁਧਾਰ ਹੋਇਆ ਅਤੇ ਇਹ 395 ਦਰਜ ਕੀਤਾ ਗਿਆ। ਇਸ ਵਿਚ ਮਾਮੂਲੀ ਸੁਧਾਰ ਦੇ ਬਾਵਜੂਦ ਨਿਗਰਾਨੀ ਸਟੇਸ਼ਨਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਬਣਿਆ ਹੋਇਆ ਹੈ। CPCB ਸਮੀਰ ਐਪ ਦੇ ਅੰਕੜਿਆਂ ਅਨੁਸਾਰ ਕੁੱਲ ਸਟੇਸ਼ਨਾਂ ਵਿੱਚੋਂ 23 ਵਿਚ ਏ ਕਿਊ ਆਈ ਹਾਲੇ ਵੀ ਗੰਭੀਰ’ ਸ਼੍ਰੇਣੀ ਵਿੱਚ, 14 ਬਹੁਤ ਖਰਾਬ ਅਤੇ 1 ਵਿਚ ਖਰਾਬ ਦਰਜ ਕੀਤਾ ਗਿਆ। ਵਜ਼ੀਰਪੁਰ ਵਿਚ ਏ ਕਿਊ ਆਈ 445 ਰਿਹਾ। ਉਸ ਤੋਂ ਬਾਅਦ ਆਨੰਦ ਵਿਹਾਰ 444 ਅਤੇ ਜਹਾਂਗੀਰਪੁਰੀ ਵਿਚ ਏ ਕਿਊ ਆਈ 443 ਰਿਹਾ।
ਆਈ ਟੀ ਓ ’ਤੇ ਏ ਕਿਊ ਆਈ 414 ਦੱਸਿਆ ਗਿਆ ਸੀ ਜਦੋਂਕਿ ਅਕਸ਼ਰਧਾਮ ਵਿੱਚ 445 ਦਰਜ ਕੀਤਾ ਗਿਆ ਸੀ। ਇਹ ਦੋਵੇਂ ਗੰਭੀਰ ਸ਼੍ਰੇਣੀ ਵਿੱਚ ਸਨ। ਕੌਮੀ ਰਾਜਧਾਨੀ ਵਿਚ ਤਿੰਨ ਦਿਨ ਪਹਿਲਾਂ ਪ੍ਰਦੂਸ਼ਣ ਦਾ ਪੱਧਰ ਬਹੁਤ ਵੱਧ ਗਿਆ ਸੀ ਜਿਸ ਕਾਰਨ ਕੇਂਦਰ ਦੇ ਪ੍ਰਦੂਸ਼ਣ ਨਿਗਰਾਨ ਵਿਭਾਗ ਨੇ ਦਿੱਲੀ-ਐਨਸੀਆਰ ਵਿੱਚ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਪੜਾਅ 4 ਤਹਿਤ ਪਾਬੰਦੀਆਂ ਮੁੜ ਲਾ ਦਿੱਤੀਆਂ ਸਨ। ਉਸ ਵੇਲੇ ਦਿੱਲੀ ਦਾ AQI ਸ਼ਾਮ 4 ਵਜੇ 400 ਦਰਜ ਕੀਤਾ ਗਿਆ ਸੀ ਜੋ ਰਾਤ 8 ਵਜੇ 428 ਦਰਜ ਕੀਤਾ ਗਿਆ।

