ਚੰਡੀਗੜ੍ਹ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਪ੍ਰਸ਼ਾਸਨ ਦੀ ਐਡਵਾਇਜ਼ਰੀ ਨਹੀਂ ਮੰਨੀ ਤੇ ਸ਼ਰਾਬ ਤੇ ਹਥਿਆਰ ’ਤੇ ਗਾਣਾ ਗਾਇਆ। ਦੁਸਾਂਝ ਨੇ ਪ੍ਰੋਗਰਾਮ ਦੀ ਸ਼ੁਰੂਆਤ ਹੀ ‘ਪੰਜ ਤਾਰਾ’ ਗਾਣਾ ਗਾ ਕੇ ਕੀਤੀ। ਉਨ੍ਹਾਂ ਨੇ ‘ਪਟਿਆਲਾ ਪੈਗ’ ਗਾਣਾ ਵੀ ਗਾਇਆ ਜਦਕਿ ਬਾਲ ਸੁਰੱਖਿਆ ਕਮਿਸ਼ਨ ਨੇ ਦਿਲਜੀਤ ਦੁਸਾਂਝ ਤੇ ਉਨ੍ਹਾਂ ਦੀ ਕੰਪਨੀ ਨੂੰ ਐਡਵਾਇਜ਼ਰੀ ਜਾਰੀ ਕੀਤੀ ਸੀ ਕਿ ਸ਼ੋਅ ’ਚ ‘ਪੰਜ ਤਾਰਾ’ ਤੇ ‘ਪਟਿਆਲਾ ਪੈੱਗ’ ਨਾ ਗਾਇਆ ਜਾਵੇ। ਦਿਲਜੀਤ ਦੁਸਾਂਝ ਨੇ ਐਡਵਾਇਜ਼ਰੀ ਨਹੀਂ ਮੰਨੀ। ਪ੍ਰਸ਼ਾਸਨ ਦੇ ਨਾਲ-ਨਾਲ ਬਾਲ ਕਮਿਸ਼ਨ ਦੀ ਵੀ ਇਸ ਸ਼ੋਅ ’ਤੇ ਨਜ਼ਰ ਸੀ। ਬਾਲ ਕਮਿਸ਼ਨ ਹੁਣ ਦਿਲਜੀਤ ਦੁਸਾਂਝ ਨੂੰ ਨੋਟਿਸ ਜਾਰੀ ਕਰਨ ਜਾ ਰਿਹਾ ਹੈ। ਕਮਿਸ਼ਨ ਨੇ ਇਹ ਵੀ ਕਿਹਾ ਸੀ ਕਿ ਕਿਸੇ ਵੀ ਬੱਚੇ ਨੂੰ ਸਟੇਜ ’ਤੇ ਨਾ ਬੁਲਾਇਆ ਜਾਵੇ। ਦਿਲਜੀਤ ਦੁਸਾਂਝ ਨੇ ਸਟੇਜ ’ਤੇ ਪੁੱਜਦੇ ਹੀ ਭੀੜ ਨੂੰ ‘ਪੰਜਾਬੀ’ ਕਹਿ ਕੇ ਸੰਬੋਧਨ ਕੀਤਾ। ਦਿਲਜੀਤ ਦੁਸਾਂਝ ਨੇ ਵਰਲਡ ਚੈੱਸ ਚੈਂਪੀਅਨ ਡੀ ਗੁਕੇਸ਼ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਰਲਡ ਚੈੱਸ ਚੈਂਪੀਅਨ ਦੇ ਰਾਹ ’ਚ ਕਈ ਮੁਸੀਬਤਾਂ ਆਈਆਂ ਤੇ ਉਨ੍ਹਾਂ ਨੂੰ ਵੀ ਕਈ ਮੁਸੀਬਤਾਂ ਦਾ ਸਾਹਮਣਾ ਹਰ ਰੋਜ਼ ਕਰਨਾ ਪੈਂਦਾ ਹੈ। ਇਸ ਨਾਲ-ਨਾਲ ‘ਪੁਸ਼ਪਾ’ ਫਿਲਮ ਦਾ ਡਾਇਲਾਗ ਬੋਲਿਆ, ‘ਝੁਕੇਗਾ ਨਹੀਂ ਸਾਲਾ’। ਉਨ੍ਹਾਂ ਨੇ ਕਿਹਾ ਕਿ ਜਦ ਸਾਲਾ ਨਹੀਂ ਝੁਕਿਆ ਤਾਂ ਜੀਜਾ ਕਿੱਥੇ ਝੁਕੇਗਾ। ਦਿਲਜੀਤ ਦੁਸਾਂਝ ਨੇ ਕਿਹਾ ਕਿ ਸਾਨੂੰ ਪਰੇਸ਼ਾਨ ਕਰਨ ਦੀ ਥਾਂ ਵੈਨਿਊ ਤੇ ਮੈਨੇਜਮੈਂਟ ਠੀਕ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਗਲੀ ਵਾਰ ਲੋਕ ਹਰ ਪਾਸੇ ਹੋਣ ਤੇ ਉਹ ਉਨ੍ਹਾਂ ਵਿਚਾਲੇ ਪਰਫਾਰਮੈਂਸ ਦੇਣ।
ਬਿਨਾਂ ਟਿਕਟ ਦੇ ਗੇਟ ਤੱਕ ਵੀ ਨਹੀਂ ਪੁੱਜ ਸਕਿਆ ਕੋਈ –ਪੁਲਿਸ ਨੇ ਜਾਂਚ ਏਨੀ ਸਖ਼ਤ ਕੀਤੀ ਸੀ ਕਿ ਬਿਨਾਂ ਟਿਕਟ ਕੋਈ ਵੀ ਵਿਅਕਤੀ ਪ੍ਰੋਗਰਾਮ ਵਾਲੀ ਥਾਂ ਦੇ ਗੇਟ ਤੱਕ ਵੀ ਨਹੀਂ ਪੁੱਜ ਸਕਿਆ। ਗੇਟ ਤੋਂ ਲਗਪਗ 200 ਮੀਟਰ ਪਹਿਲਾਂ ਹੀ ਪੁਲਿਸ ਟੀਮ ਤਾਇਨਾਤ ਕੀਤੀ ਗਈ ਸੀ। ਜਿਸ ਕੋਲ ਟਿਕਟ ਨਹੀਂ ਸੀ, ਉਨ੍ਹਾਂ ਨੂੰ ਉਥੋਂ ਵਾਪਸ ਭੇਜ ਦਿੱਤਾ ਜਾ ਰਿਹਾ ਸੀ।