ਨਵੀਂ ਦਿੱਲੀ- ਆਈਪੀਐੱਲ ਟੀਮ ਰੌਇਲ ਚੈਲੰਜਰਜ਼ ਬੈਂਗਲੁਰੂ (Royal Challengers Bengaluru) ਦੇ ਤੇਜ਼ ਗੇਂਦਬਾਜ਼ Yash Dayal ’ਤੇ ਜੈਪੁਰ ਪੁਲੀਸ ਵੱਲੋਂ ਦਰਜ ਕੀਤੀ ਗਈ ਇੱਕ FIR ਵਿੱਚ ਨਾਬਾਲਗ ਨਾਲ ਜਬਰ ਜਨਾਹ ਦਾ ਦੋਸ਼ ਲਗਾਇਆ ਗਿਆ ਹੈ। ਉੱਤਰ ਪ੍ਰਦੇਸ਼ ਦਾ ਇਹ 27 ਸਾਲਾ ਕ੍ਰਿਕਟਰ ਪਹਿਲਾਂ ਹੀ ਗਾਜ਼ੀਆਬਾਦ ਦੀ ਇੱਕ ਔਰਤ ਵੱਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਦਿਆਲ ਨੇ ਪੰਜ ਸਾਲਾਂ ਦੇ ਰਿਸ਼ਤੇ ਦੌਰਾਨ ਉਸ ਨਾਲ ਵਿਆਹ ਦਾ ਵਾਅਦਾ ਕਰਕੇ ਉਸ ਦਾ ਸ਼ੋਸ਼ਨ ਕੀਤਾ ਸੀ।
ਜੈਪੁਰ ਦੇ ਸਾਂਗਾਨੇਰ ਸਦਰ ਥਾਣੇ ਦੇ SHO ਅਨਿਲ ਜੈਮਨ ਨੇ ਦੱਸਿਆ ਕਿ ਤਾਜ਼ਾ FIR ਬੁੱਧਵਾਰ ਨੂੰ ਦਰਜ ਕੀਤੀ ਗਈ ਸੀ। ਉਨ੍ਹਾਂ ਸ਼ੁੱਕਰਵਾਰ ਨੂੰ ਇੱਥੇ ਦੱਸਿਆ, ‘‘Yash Dayal ਵਿਰੁੱਧ ਜਬਰ ਜਨਾਹ ਲਈ POCSO (ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ) ਐਕਟ ਅਤੇ BNS (ਭਾਰਤੀ ਨਿਆ ਸੰਹਿਤਾ) ਦੀਆਂ ਸੰਬੰਧਿਤ ਧਾਰਾਵਾਂ ਤਹਿਤ FIR ਦਰਜ ਕੀਤੀ ਗਈ ਹੈ।’’
ਦਿਆਲ ਇੱਕ ਮੱਧਮ ਤੇਜ਼ ਗੇਂਦਬਾਜ਼, ਭਾਰਤੀ ਘਰੇਲੂ ਸਰਕਟ ਵਿੱਚ ਕਾਫ਼ੀ ਮਸ਼ਹੂਰ ਗੇਂਦਬਾਜ਼ ਹੈ। ਉਸ ਨੇ 2018 ਵਿੱਚ ਉੱਤਰ ਪ੍ਰਦੇਸ਼ ਲਈ ਆਪਣਾ ਡੈਬਿਊ ਕੀਤਾ ਸੀ ਅਤੇ ਉਦੋਂ ਤੋਂ 27 ਫਸਟ-ਕਲਾਸ ਮੈਚ ਖੇਡ ਚੁੱਕਾ ਹੈ, ਜਿਸ ਵਿੱਚ 84 ਵਿਕਟਾਂ ਲਈਆਂ ਹਨ। ਦਿਆਲ ਨੇ 2022 ਵਿੱਚ ਗੁਜਰਾਤ ਟਾਈਟਨਸ (Gujarat Titans) ਨਾਲ ਆਪਣਾ IPL ਕਰੀਅਰ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਹ RCB ਵਿੱਚ ਚਲਾ ਗਿਆ, ਜਿਸ ਨੇ ਉਸਨੂੰ 2024 ਦੀ ਖਿਡਾਰੀਆਂ ਦੀ ਨਿਲਾਮੀ ਵਿੱਚ ਪੰਜ ਕਰੋੜ ਰੁਪਏ ਵਿੱਚ ਖਰੀਦਿਆ ਸੀ।

