ਆਕਲੈਂਡ- ਦੱਖਣੀ ਆਕਲੈਂਡ ਵਿੱਚ ਡੈਸਟੀਨੀ ਚਰਚ ਨਾਲ ਜੁੜੇ ਪ੍ਰਦਰਸ਼ਨਕਾਰੀਆਂ ਵੱਲੋਂ ਨਗਰ ਕੀਰਤਨ ਵਿੱਚ ਪਾਏ ਵਿਘਨ ਤੋਂ ਕੁਝ ਦਿਨਾਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਹੈ। ਨਿਊਜ਼ੀਲੈਂਡ ਦੇ ਇੱਕ ਵਸਨੀਕ ਨੇ ਸਿੱਖ ਭਾਈਚਾਰੇ ਦੀ ਨਿਰਸਵਾਰਥ ਸੇਵਾ ਨੂੰ ਦਰਸਾਉਂਦੀ ਇੱਕ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਸਾਂਝੀ ਕੀਤੀ ਹੈ।
ਇਸ ਵਿਅਕਤੀ ਦੀ ਪਛਾਣ ਨੇਟ ਹੈਮਨ ਵਜੋਂ ਹੋਈ ਹੈ। ਨੇਟ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਇੱਕ ਭੋਜਨ ਚੈਰਿਟੀ ਲਈ ਸਥਾਨਕ ਕੋਆਰਡੀਨੇਟਰ ਸਨ ਅਤੇ ਹਫ਼ਤੇ ਵਿੱਚ ਕਈ ਵਾਰ ਉਹ ਲੋੜਵੰਦ ਲੋਕਾਂ ਨੂੰ ਖਾਣਾ ਖੁਆਉਂਦੇ ਸਨ। ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਲਗਾਤਾਰ ਤਾਜ਼ੇ ਤਿਆਰ ਕੀਤੇ ਭੋਜਨ ਦੀਆਂ ਟਰੇਆਂ ਲੈ ਕੇ ਉੱਥੇ ਪਹੁੰਚਦੇ ਹਨ — ਜਿਸਦਾ ਖਰਚਾ ਅਤੇ ਤਿਆਰੀ ਉਹ ਖੁਦ ਕਰਦੇ ਹਨ — ਅਤੇ ਇਹ ਸਭ ਉਹ ਬਿਨਾਂ ਕਿਸੇ ਪਛਾਣ, ਮੀਡੀਆ ਦਾ ਧਿਆਨ ਜਾਂ ਪ੍ਰਸ਼ੰਸਾ ਦੀ ਇੱਛਾ ਦੇ ਕਰਦੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਸ਼ਾਂਤੀਪੂਰਵਕ ਅਤੇ ਕਾਨੂੰਨੀ ਤੌਰ ‘ਤੇ ਕੱਢਿਆ ਜਾ ਰਿਹਾ ਸੀ। ਇਸ ਦੌਰਾਨ ਲਗਪਗ 50 ਪ੍ਰਦਰਸ਼ਨਕਾਰੀ ਰੂਟ ਦੇ ਨੇੜੇ ਇਕੱਠੇ ਹੋਏ, ਜਿਨ੍ਹਾਂ ਨੇ “Kiwis First” (ਕੀਵੀ ਪਹਿਲਾਂ) ਅਤੇ “Keep NZ, NZ” (ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਰਹਿਣ ਦਿਓ) ਵਰਗੇ ਨਾਅਰੇ ਲਿਖੇ ਪੋਸਟਰ ਫੜੇ ਹੋਏ ਸਨ ਅਤੇ ਸਮਾਗਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਵਿੱਚ ‘ਹਾਕਾ’ (Haka) ਕਰ ਰਹੇ ਸਨ। ਪੁਲੀਸ ਨੇ ਤੁਰੰਤ ਦਖਲ ਦਿੰਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਸ਼ਰਧਾਲੂਆਂ ਤੋਂ ਵੱਖ ਕੀਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਸੜਕ ਦੇ ਹਿੱਸੇ ਖਾਲੀ ਕਰਵਾਕੇ ਹਾਲਾਤ ਕਾਬੂ ਵਿੱਚ ਕੀਤੇ ਸਨ।

