PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਤਿੰਨ ਸੌ ਤੋਂ ਵੱਧ ਸੀਨੀਅਰ ਸੈਕੰਡਰੀ ਤੇ ਐਲੀਮੈਂਟਰੀ ਸਕੂਲਾਂ ਨੂੰ ਹੜ੍ਹਾਂ ਦੀ ਮਾਰ

ਚੰਡੀਗੜ੍ਹ- ਹੜ੍ਹ ਕਰਕੇ ਹੁਸ਼ਿਆਰਪੁਰ, ਕਪੂਰਥਲਾ, ਤਰਨ ਤਾਰਨ, ਗੁਰਦਾਸਪੁਰ, ਫਿਰੋਜ਼ਪੁਰ, ਅੰਮ੍ਰਿਤਸਰ, ਸੁਲਤਾਨਪੁਰ ਲੋਧੀ ਅਤੇ ਫਾਜ਼ਿਲਕਾ ਦੇ ਕਈ ਪਿੰਡ ਡੁੱਬਣ ਕਾਰਨ, ਪੰਜਾਬ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਇੱਕ ਕਵਾਇਦ ਸ਼ੁਰੂ ਕੀਤੀ ਹੈ। ਸਬੰਧਤ ਜ਼ਿਲ੍ਹਾ ਅਧਿਕਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਤੇ ਸਿੱਖਿਆ ਵਿਭਾਗ ਸਕੂਲਾਂ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਵੀ ਕਰ ਰਿਹਾ ਹੈ।

ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 300 ਤੋਂ ਵੱਧ ਸੀਨੀਅਰ ਸੈਕੰਡਰੀ ਅਤੇ ਐਲੀਮੈਂਟਰੀ ਸਕੂਲ ਪ੍ਰਭਾਵਿਤ ਹੋਏ ਹਨ। ਸੂਬਾ ਸਰਕਾਰ ਨੇ ਲੰਘੇ ਦਿਨ 27 ਅਗਸਤ ਤੋਂ 30 ਅਗਸਤ ਤੱਕ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਸੀ।

ਰਿਪੋਰਟਾਂ ਮੁਤਾਬਕ ਕਪੂਰਥਲਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਫਾਜ਼ਿਲਕਾ ਦੇ ਕਈ ਸਕੂਲ ਹੜ੍ਹ ਦੇ ਪਾਣੀ ਨਾਲ ਡੁੱਬ ਗਏ ਹਨ। ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਉਂਕਿ ਹੜ੍ਹ ਦੇ ਪਾਣੀ ਨਾਲ ਫਰਨੀਚਰ ਅਤੇ ਢਾਂਚਿਆਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ, ਇਸ ਲਈ ਹੜ੍ਹ ਦਾ ਪਾਣੀ ਘਟਣ ਅਤੇ ਕਲਾਸਾਂ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਢਾਂਚਾਗਤ ਸੁਰੱਖਿਆ ਜਾਂਚ ਕਰਵਾਉਣੀ ਪਵੇਗੀ।

ਸਭ ਤੋਂ ਵੱਧ ਪ੍ਰਭਾਵਿਤ ਸਕੂਲ ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ, ਨਵਾਂਸ਼ਹਿਰ ਜ਼ਿਲ੍ਹੇ ਵਿਚ ਹਨ। ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਕੂਲ ਅਧਿਆਪਕਾਂ ਨੇ ਕਿਹਾ ਕਿ ਸਤਲੁਜ ਵਿੱਚ ਪਾਣੀ ਵਧਣ ਕਾਰਨ ਸਕੂਲਾਂ ਨੂੰ ਜਾਣ ਵਾਲੀਆਂ ਸੜਕਾਂ 2 ਤੋਂ 3 ਫੁੱਟ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ। ਫਾਜ਼ਿਲਕਾ ਦੇ ਇੱਕ ਅਧਿਆਪਕ ਮਹਿੰਦਰ ਕੌਰਿਆਂਵਾਲੀ ਨੇ ਕਿਹਾ, ‘‘ਭਾਵੇਂ ਹੜ੍ਹ ਦਾ ਪਾਣੀ ਸਕੂਲ ਦੇ ਕੁਝ ਹਿੱਸਿਆਂ ਵਿੱਚ ਦਾਖਲ ਨਹੀਂ ਹੋਇਆ ਹੈ, ਫਿਰ ਵੀ ਸਕੂਲ ਪਹੁੰਚ ਤੋਂ ਬਾਹਰ ਹੈ।’’

ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਪੂਰਥਲਾ ਦੇ ਇੱਕ ਹੋਰ ਅਧਿਆਪਕ ਹਵਾਦਰ ਅੱਲੂਵਾਲ ਨੇ ਕਿਹਾ, ‘‘ਭਾਵੇਂ ਪਾਣੀ ਘੱਟ ਜਾਵੇ, ਪਰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ, ਘਰੋ ਬੇਘਰ ਪਰਿਵਾਰਾਂ ਦਾ ਮੁੜਵਸੇਬਾ, ਪ੍ਰਭਾਵਿਤ ਵਿਅਕਤੀਆਂ ਨੂੰ ਭੋਜਨ ਅਤੇ ਪਾਣੀ ਮੁਹੱਈਆ ਕਰਵਾਉਣਾ ਇੱਕ ਚੁਣੌਤੀ ਸੀ।’’

ਬਿਆਸ ਅਤੇ ਸਤਲੁਜ ਵਿੱਚ ਹੜ੍ਹ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਈ ਅਲਰਟ ਜਾਰੀ ਕੀਤੇ ਹਨ, ਜਿਸ ਕਾਰਨ ਸਰਕਾਰ ਨੇ ਸਾਰੇ ਸਕੂਲਾਂ ਲਈ ਛੁੱਟੀਆਂ ਦਾ ਐਲਾਨ ਕੀਤਾ ਹੈ। ਜੇਕਰ ਕਲਾਸਾਂ ਮੁੜ ਸ਼ੁਰੂ ਕਰਨੀਆਂ ਪੈਂਦੀਆਂ ਹਨ ਤਾਂ ਵਿਕਲਪਕ ਪ੍ਰਬੰਧ ਕਰਨੇ ਪੈਣਗੇ।

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਹਾਲਾਤ ਪਲ ਪਲ ਬਦਲ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਹੜ੍ਹ ਦੀ ਸਥਿਤੀ ਬਾਰੇ ਨਿਯਮਤ ਤੌਰ ’ਤੇ ਅਪਡੇਟ ਪ੍ਰਾਪਤ ਕਰ ਰਹੇ ਹਾਂ ਅਤੇ ਉਸ ਅਨੁਸਾਰ ਫੈਸਲਾ ਲਵਾਂਗੇ।”

Related posts

US Citizenship: ਅਮਰੀਕਾ ਨੇ ਡਾਕਟਰ ਨੂੰ ਦਿੱਤਾ ਝਟਕਾ, ਪਾਸਪੋਰਟ ਰੀਨਿਊ ਕਰਵਾਉਣ ਆਇਆ ਤਾਂ ਉੱਡ ਗਏ ਹੋਸ਼, 60 ਸਾਲਾਂ ਦੀ ਕਮਾਈ ਪਈ ਖੂਹ ਖਾਤੇ

On Punjab

ਲਾਰੈਂਸ ਬਿਸ਼ਨੋਈ ਗਿਰੋਹ ਦੇ ਦੋ ਮੈਂਬਰ ਦਿੱਲੀ ਤੋਂ ਗ੍ਰਿਫ਼ਤਾਰ, ਦੋ ਪਿਸਤੌਲ, ਕਾਰਤੂਸ ਤੇ ਇੱਕ ਮੋਟਰਸਾਈਕਲ ਬਰਾਮਦ

On Punjab

ਭਗਵੰਤ ਮਾਨ ਦੀ ਸਿਹਤ ਵਿਗੜੀ, ਮੁਹਾਲੀ ਹਸਪਤਾਲ ਵਿੱਚ ਦਾਖ਼ਲ

On Punjab