ਸੋਲਨ- ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ 600 ਕਰੋੜ ਰੁਪਏ ਦੇ ਡਰੱਗ ਡਾਇਵਰਜ਼ਨ ਮਾਮਲੇ ਵਿੱਚ ਕਾਲਾ ਅੰਬ (Kala Amb) ਸਥਿਤ ਫਾਰਮਾਸਿਊਟੀਕਲ ਕੰਪਨੀ ‘ਡਿਜੀਟਲ ਵਿਜ਼ਨ’ (Digital Vision) ਦੇ ਮਾਲਕਾਂ ਵਿਰੁੱਧ ਗੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਕੰਪਨੀ ਦੇ ਮਾਲਕ ਅੰਬਾਲਾ ਦੇ ਵਸਨੀਕ ਪਰਸ਼ੋਤਮ ਲਾਲ ਗੋਇਲ ਅਤੇ ਉਨ੍ਹਾਂ ਦੇ ਪੁੱਤਰ ਕੋਨਿਕ ਗੋਇਲ ਅਤੇ ਮੈਨਿਕ ਗੋਇਲ ’ਤੇ ਸੱਤ ਰਾਜਾਂ ਵਿੱਚ ਮਨੋ-ਪ੍ਰਭਾਵੀ ਪਦਾਰਥਾਂ (psychotropic substances) ਨੂੰ ਗੈਰ-ਕਾਨੂੰਨੀ ਢੰਗ ਨਾਲ ਮੋੜਨ (diverting) ਦਾ ਦੋਸ਼ ਹੈ।
ਇਸ ਨਵੀਨਤਮ ਜ਼ਬਤੀ ਨਾਲ ਏਜੰਸੀ ਨੇ 34 ਲੱਖ ਤੋਂ ਵੱਧ ਮਨੋ-ਪ੍ਰਭਾਵੀ ਗੋਲੀਆਂ, 10.57 ਲੱਖ ਖੰਘ ਦੀ ਦਵਾਈ ਦੀਆਂ ਬੋਤਲਾਂ, 1,613 ਕਿਲੋਗ੍ਰਾਮ ਕੱਚਾ ਮਾਲ ਅਤੇ 573 ਕਿਲੋਗ੍ਰਾਮ ਟ੍ਰਾਮਾਡੋਲ ਬਲਕ ਮਿਸ਼ਰਣ ਬਰਾਮਦ ਕੀਤਾ ਹੈ। ਇਸ ਰੈਕੇਟ ਨਾਲ ਅੰਤਰਰਾਜੀ ਸਪਲਾਈ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ, ਜਿਸਦੀ ਕੀਮਤ ਲਗਪਗ 600 ਕਰੋੜ ਰੁਪਏ ਹੈ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
‘ਡਿਜੀਟਲ ਵਿਜ਼ਨ’ ਦੀ ਭੂਮਿਕਾ- ਜਾਂਚਕਰਤਾਵਾਂ ਅਨੁਸਾਰ, ‘ਡਿਜੀਟਲ ਵਿਜ਼ਨ’ ਨੇ ਮਨੋ-ਪ੍ਰਭਾਵੀ ਦਵਾਈਆਂ/ਪਦਾਰਥਾਂ ਦੀ ਗੈਰ-ਕਾਨੂੰਨੀ ਵੰਡ ਲਈ ਮੁੱਖ ਨਿਰਮਾਣ ਅਤੇ ਸਪਲਾਈ ਕੇਂਦਰ ਵਜੋਂ ਕੰਮ ਕੀਤਾ। ਕੰਪਨੀ ‘ਤੇ ਦੋਸ਼ ਹੈ ਕਿ ਉਸ ਨੇ ਟ੍ਰਾਮਾਡੋਲ ਕੈਪਸੂਲ ਅਤੇ ਕੋਡੀਨ ਫਾਸਫੇਟ ਵਾਲੇ ਖੰਘ ਦੇ ਸੀਰਪ ਦੀ ਵੱਡੀ ਮਾਤਰਾ ਜੋਧਪੁਰ ਅਤੇ ਦੇਹਰਾਦੂਨ ਵਿੱਚ ਫਰਜ਼ੀ ਵਿਤਰਕ ਫਰਮਾਂ ਨੂੰ ਸਪਲਾਈ ਕੀਤੀ, ਜੋ ਸਿਰਫ਼ ਕਾਗਜ਼ਾਂ ‘ਤੇ ਮੌਜੂਦ ਸਨ। ‘ਡਿਜੀਟਲ ਵਿਜ਼ਨ’ ਨੂੰ ਪਹਿਲਾਂ 2020 ਵਿੱਚ ਵੀ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਇਸਦੇ ਇੱਕ ਖੰਘ ਦੇ ਸੀਰਪ ਨੂੰ ਊਧਮਪੁਰ ਵਿੱਚ 12 ਬੱਚਿਆਂ ਦੀ ਮੌਤ ਨਾਲ ਜੋੜਿਆ ਗਿਆ ਸੀ।

