PreetNama
ਖਾਸ-ਖਬਰਾਂ/Important News

ਟਰੰਪ ਨੇ ਕੋਰੋਨਾ ਨੂੰ ਲੈ ਕੇ ਵਿਵਾਦਾਂ ‘ਚ ਘਿਰੇ WHO ਦੀ ਫੰਡਿੰਗ ‘ਤੇ ਲਗਾਈ ਰੋਕ

Trump halts WHO funding: ਵਾਸ਼ਿੰਗਟਨ: ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ । ਇਸ ਜਾਨਲੇਵਾ ਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਅਮਰੀਕਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਇਸ ਵਾਇਰਸ ਕਾਰਨ ਅਮਰੀਕਾ ਵਿੱਚ 25 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਵਿਚਾਲੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ WHO ਦੀ ਭੂਮਿਕਾ ਤੋਂ ਅਮਰੀਕਾ ਕਾਫ਼ੀ ਨਾਰਾਜ਼ ਹੈ । ਜਿਸ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਅਲਰਟ ਵਿੱਚ ਦੇਰੀ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਵਿਸ਼ਵ ਸਿਹਤ ਸੰਗਠਨ (WHO) ਦੀ ਫੰਡਿੰਗ ਰੋਕਣ ਦੇ ਹੁਕਮ ਦੇ ਦਿੱਤੇ ਹਨ ।

ਉਨ੍ਹਾਂ ਕਿਹਾ ਕਿ WHO ਆਪਣੀ ਡਿਊਟੀ ਕਰਨ ਵਿੱਚ ਅਸਫਲ ਰਿਹਾ, ਜਿਸ ਕਾਰਨ ਕਈ ਜਾਨਾਂ ਗਈਆਂ । ਇਸ ਤੋਂ ਪਹਿਲਾਂ ਵੀ ਟਰੰਪ ਵਿਸ਼ਵ ਸਿਹਤ ਸੰਗਠਨ ‘ਤੇ ਚੀਨ ਦਾ ਪੱਖ ਲੈਣ ਤੇ ਸੱਚ ਲੁਕਾਉਣ ਵਿੱਚ ਸਾਥ ਦੇਣ ਦਾ ਦੋਸ਼ ਲਗਾ ਚੁੱਕੇ ਹਨ । ਦਰਅਸਲ, ਮੰਗਲਵਾਰ ਨੂੰ ਟਰੰਪ ਨੇ ਦੋਸ਼ ਲਗਾਇਆ ਕਿ ਜਦੋਂ ਚੀਨ ਤੋਂ ਕੋਰੋਨਾ ਵਾਇਰਸ ਸੰਕਰਮਣ ਦੀ ਸ਼ੁਰੂਆਤ ਹੋਈ ਤਾਂ ਸੰਯੁਕਤ ਰਾਸ਼ਟਰ (UN) ਦਾ ਇਹ ਸੰਗਠਨ ਇਸ ਨੂੰ ਸੰਭਾਲਣ ਵਿੱਚ ਨਾਕਾਮਯਾਬ ਰਿਹਾ ਤੇ ਅਸਲੀ ਤਸਵੀਰ ਲੁਕਾਉਂਦਾ ਰਿਹਾ ।

ਟਰੰਪ ਨੇ WHO ਨੂੰ ਚੀਨ ਪ੍ਰਸਤ ਕਰਾਰ ਦਿੱਤਾ ਹੈ । ਟਰੰਪ ਨੇ ਕਿਹਾ ਕਿ ਅਮਰੀਕਾ WHO ਨੂੰ ਹਰ ਸਾਲ 40 ਤੋਂ 50 ਕਰੋੜ ਡਾਲਰ ਦਿੰਦਾ ਹੈ, ਜਦਕਿ ਚੀਨ ਸਿਰਫ 4 ਕਰੋੜ ਡਾਲਰ ਹੀ ਦਿੰਦਾ ਹੈ । ਉਨ੍ਹਾਂ ਕਿਹਾ ਕਿ WHO ਨੂੰ ਇਸ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ । ਇਸ ਤੋਂ ਅੱਗੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਵਿੱਚ WHO ਦੀ ਕੀ ਭੂਮਿਕਾ ਰਹੀ, ਇਸ ਦੀ ਸਮੀਖਿਆ ਕੀਤੀ ਜਾਵੇਗੀ ।

WHO ਬਾਰੇ ਬੋਲਦਿਆਂ ਟਰੰਪ ਨੇ ਕਿਹਾ ਕਿ ਚੀਨੀ ਸਰਕਾਰ ਜੋ ਕਰਦੀ ਰਹੀ WHO ਉਸ ਦਾ ਪੱਖ ਲੈਂਦਾ ਰਿਹਾ ਹੈ ਅਤੇ ਉਨ੍ਹਾਂ ਚੀਜ਼ਾਂ ਨੂੰ ਪਾਰਦਰਸ਼ੀ ਕਹਿ ਕੇ ਦੁਨੀਆ ਨੂੰ ਗਲਤ ਜਾਣਕਾਰੀ ਦਿੰਦਾ ਰਿਹਾ ਹੈ । ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਡੋਨਾਲਡ ਟਰੰਪ ਨੇ WHO ‘ਤੇ ਚੀਨ ਕੇਂਦਰਿਤ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਅਮਰੀਕਾ WHO ਨੂੰ ਦਿੱਤੇ ਜਾਣ ਵਾਲੇ ਫ਼ੰਡ ਨੂੰ ਰੋਕਣ ਬਾਰੇ ਸੋਚ ਰਿਹਾ ਹੈ ।

Related posts

ਅਮਰੀਕਾ ਦਾ WHO ਖ਼ਿਲਾਫ਼ ਵੱਡਾ ਕਦਮ, ਅਧਿਕਾਰਿਤ ਤੌਰ ‘ਤੇ ਪਿਛਾਂਹ ਖਿੱਚੇ ਪੈਰ

On Punjab

Canada: ਕੈਨੇਡਾ ‘ਚ ਪੱਕੇ ਹੋਣ ਦੇ ਚਾਹਵਾਨ ਲੋਕਾਂ ਲਈ ਖੁਸ਼ਖਬਰੀ , 2023 ਤਕ ਤਿੰਨ ਲੱਖ ਨਵੇਂ ਲੋਕਾਂ ਨੂੰ ਮਿਲੇਗੀ ਨਾਗਰਿਕਤਾ

On Punjab

ਭਾਰਤ ‘ਚ ਕੋਰੋਨਾ ਬਾਰੇ ਟਰੰਪ ਦਾ ਵੱਡਾ ਦਾਅਵਾ, ਮੋਦੀ ਸਰਕਾਰ ‘ਤੇ ਖੜ੍ਹੇ ਹੋਏ ਸਵਾਲ

On Punjab