PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਟਰੰਪ ਅਤੇ ਜ਼ੇਲੈਂਸਕੀ ਵਿਚਾਲੇ ਵੰਡੇ ਗਏ ਅਮਰੀਕੀ ਸੰਸਦ ਮੈਂਬਰ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਯੂਕਰੇਨੀ ਹਮਰੁਤਬਾ ਵੋਲੋਦੀਮੀਰ ਜ਼ੇਲੈਂਸਕੀ ਵਿਚਕਾਰ ਵ੍ਹਾਈਟ ਹਾਊਸ ’ਚ ਤਿੱਖੀ ਬਹਿਸ ਨਾਲ ਹੁਕਮਰਾਨ ਰਿਪਬਲਿਕਨ ਅਤੇ ਵਿਰੋਧੀ ਡੈਮੋਕਰੈਟਿਕ ਆਗੂ ਵੰਡੇ ਗਏ ਹਨ। ਕੁਝ ਰਿਪਬਲਿਕਨ ਆਗੂ ਪਹਿਲਾਂ ਯੂਕਰੇਨ ਦੇ ਪੱਖ ’ਚ ਸਨ ਪਰ ਹੁਣ ਉਹ ਟਰੰਪ ਨਾਲ ਆ ਖੜ੍ਹੇ ਹੋਏ ਹਨ। ਸੈਨੇਟਰ ਲਿੰਡਸੇ ਗ੍ਰਾਹਮ ਨੇ ਜ਼ੇਲੈਂਸਕੀ ਅਤੇ ਟਰੰਪ ਵਿਚਕਾਰ ਤਿੱਖੀ ਬਹਿਸ ਨੂੰ ਆਫ਼ਤ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਟਰੰਪ ’ਤੇ ਮਾਣ ਹੈ। ਉਨ੍ਹਾਂ ਕਿਹਾ, ‘‘ਜੋ ਕੁਝ ਓਵਲ ਦਫ਼ਤਰ ’ਚ ਵਾਪਰਿਆ, ਉਹ ਅਪਮਾਨਜਨਕ ਸੀ ਅਤੇ ਮੈਨੂੰ ਹੁਣ ਨਹੀਂ ਜਾਪਦਾ ਕਿ ਜ਼ੇਲੈਂਸਕੀ ਨਾਲ ਮੁੜ ਕੋਈ ਸਮਝੌਤਾ ਹੋ ਸਕੇਗਾ।’’ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ‘ਅਮਰੀਕਾ ਨੂੰ ਤਰਜੀਹ’ ਦੇਣ ਲਈ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਰਾਸ਼ਟਰਪਤੀ ਕੋਲ ਅਜਿਹਾ ਕਦਮ ਚੁੱਕਣ ਦਾ ਹੌਸਲਾ ਨਹੀਂ ਸੀ। ਸਪੀਕਰ ਮਾਈਕ ਜੌਹਨਸਨ ਨੇ ਕਿਹਾ ਕਿ ਜੰਗ ਫੌਰੀ ਰੁਕਣੀ ਚਾਹੀਦੀ ਹੈ ਅਤੇ ਸਿਰਫ਼ ਅਮਰੀਕੀ ਰਾਸ਼ਟਰਪਤੀ ਹੀ ਦੋਵੇਂ ਮੁਲਕਾਂ ਰੂਸ ਅਤੇ ਯੂਕਰੇਨ ਨੂੰ ਸ਼ਾਂਤੀ ਦੇ ਰਾਹ ’ਤੇ ਪਾ ਸਕਦੇ ਹਨ। ਰਿਪਬਲਿਕਨ ਆਗੂ ਡਾਨ ਬੈਕਨ ਨੇ ਕਿਹਾ ਕਿ ਸ਼ੁੱਕਰਵਾਰ ਅਮਰੀਕੀ ਵਿਦੇਸ਼ੀ ਨੀਤੀ ਲਈ ਮਾੜਾ ਦਿਨ ਸੀ। ਉਨ੍ਹਾਂ ਕਿਹਾ ਕਿ ਰੂਸ, ਅਮਰੀਕਾ ਨਾਲ ਨਫ਼ਰਤ ਕਰਦਾ ਹੈ ਅਤੇ ਸਾਨੂੰ ਆਜ਼ਾਦੀ ਦੇ ਪੱਖ ’ਚ ਸਪੱਸ਼ਟ ਸਟੈਂਡ ਲੈਣਾ ਚਾਹੀਦਾ ਹੈ। ਇਕ ਹੋਰ ਰਿਪਬਲਿਕਨ ਆਗੂ ਬ੍ਰਾਇਨ ਫਿਟਜ਼ਪੈਟਰਿਕ ਨੇ ਕਿਹਾ ਕਿ ਜਜ਼ਬਾਤ ਨੂੰ ਪਾਸੇ ਰੱਖ ਕੇ ਮੁੜ ਤੋਂ ਵਾਰਤਾ ਦੀ ਮੇਜ਼ ’ਤੇ ਆਉਣਾ ਚਾਹੀਦਾ ਹੈ। ਰਿਪਬਲਿਕਨ ਸੈਨੇਟਰ ਜੋਸ਼ ਹਾਅਲੇਯ ਨੇ ਕਿਹਾ ਕਿ ਅਮਰੀਕਾ ਟੈਕਸਦਾਤਿਆਂ ਦੇ ਅਰਬਾਂ ਡਾਲਰ ਯੂਕਰੇਨ ਨੂੰ ਦਿੰਦਾ ਆਇਆ ਹੈ ਅਤੇ ਹੁਣ ਕੁਝ ਜਵਾਬਦੇਹੀ ਤੈਅ ਕਰਨ ਦਾ ਸਮਾਂ ਆ ਗਿਆ ਹੈ। ਰਿਪਬਲਿਕਨ ਐਂਡੀ ਬਿੱਗਸ ਨੇ ਕਿਹਾ ਕਿ ਤਾਨਾਸ਼ਾਹ ਜ਼ੇਲੈਂਸਕੀ ਨੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦਾ ਅਪਮਾਨ ਕੀਤਾ ਹੈ ਅਤੇ ਟਰੰਪ ਨੇ ਉਸ ਨੂੰ ਬਾਹਰ ਦਾ ਦਰਵਾਜ਼ਾ ਦਿਖਾ ਕੇ ਸਹੀ ਕੰਮ ਕੀਤਾ ਹੈ। ਡੈਮੋਕਰੈਟਿਕ ਆਗੂ ਚੱਕ ਸ਼ੂਮਰ ਨੇ ਕਿਹਾ ਕਿ ਟਰੰਪ ਅਤੇ ਵਾਂਸ, ਪੂਤਿਨ ਦੇ ਮਾੜੇ ਕੰਮਾਂ ਨੂੰ ਅਗਾਂਹ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਸੈਨੇਟ ਆਗੂ ਆਜ਼ਾਦੀ ਅਤੇ ਲੋਕਤੰਤਰ ਲਈ ਸੰਘਰਸ਼ ਕਰਦੇ ਰਹਿਣਗੇ। ਇਕ ਹੋਰ ਸੈਨੇਟਰ ਕ੍ਰਿਸ ਮਰਫ਼ੀ ਨੇ ਕਿਹਾ ਕਿ ਪੂਤਿਨ ਨੂੰ ਲਾਹਾ ਦੇਣ ਲਈ ਜ਼ੇਲੈਂਸਕੀ ਨੂੰ ਸ਼ਰਮਿੰਦਾ ਕਰਨ ਦੀ ਇਹ ਕੋਝੀ ਸਾਜ਼ਿਸ਼ ਸੀ। ਉਨ੍ਹਾਂ ਕਿਹਾ ਕਿ ਵ੍ਹਾਈਟ ਹਾਊਸ ’ਚ ਤਿੱਖੀ ਬਹਿਸ ਨਾਲ ਦੁਨੀਆ ਭਰ ’ਚ ਅਮਰੀਕਾ ਦੇ ਰੁਤਬੇ ਨੂੰ ਢਾਹ ਲੱਗੀ ਹੈ।

Related posts

ਅਮਰੀਕੀ ਅਦਾਲਤ ਨੇ ਐੱਚ1 ਬੀ ਵੀਜ਼ਾ ’ਤੇ ਟਰੰਪ ਕਾਲ ਦੇ ਮਤੇ ਨੂੰ ਕੀਤਾ ਰੱਦ, ਭਾਰਤੀ ਪੇਸ਼ੇਵਰਾਂ ਨੂੰ ਮਿਲੇਗੀ ਰਾਹਤ

On Punjab

Britain Tik Tok Ban: ਬ੍ਰਿਟਿਸ਼ ਸਰਕਾਰ ਦੇ ਕਰਮਚਾਰੀ ਤੇ ਮੰਤਰੀ ਨਹੀਂ ਕਰ ਸਕਣਗੇ Tik Tok ਦੀ ਵਰਤੋਂ, ਇਹ ਹੈ ਕਾਰਨ

On Punjab

ਐੱਨਆਈਏ ਨੇ ਤਹੱਵੁਰ ਰਾਣਾ ਨੂੰ 18 ਦਿਨਾਂ ਦੇ ਰਿਮਾਂਡ ’ਤੇ ਲਿਆ

On Punjab