ਜੰਮੂ- ਮਾਤਾ ਵੈਸ਼ਨੋ ਦੇਵੀ ਮੈਡੀਕਲ ਕਾਲਜ ਦੇ 50 ਐੱਮਬੀਬੀਐੱਸ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ। ਜੰਮੂ-ਕਸ਼ਮੀਰ ਬੋਰਡ ਆਫ ਪ੍ਰੋਫੈਸ਼ਨਲ ਐਂਟ੍ਰੈਂਸ ਐਗਜ਼ਾਮੀਨੇਸ਼ਨ ਨੇ ਐਲਾਨ ਕੀਤਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੀ ਮੁੜ ਕਾਊਂਸਲਿੰਗ 24 ਜਨਵਰੀ ਨੂੰ ਕੀਤੀ ਜਾਵੇਗੀ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਸਰਕਾਰ ਨੇ ਮੈਡੀਕਲ ਕਾਲਜ ਅਲਾਟਮੈਂਟ ਨਾਲ ਜੁੜਿਆ ਮਸਲਾ ਹੱਲ ਕਰ ਲਿਆ ਹੈ। ਮੁੱਖ ਮੰਤਰੀ ਦਫ਼ਤਰ ਦੀ ਸੋਸ਼ਲ ਮੀਡੀਆ ਪਾਈ ਪੋਸਟ ਮੁਤਾਬਕ ਹੁਣ ਵਿਦਿਆਰਥੀ ਬਿਨਾਂ ਰੁਕਾਵਟ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੇ। BOPEE ਦੇ ਨੋਟੀਫਿਕੇਸ਼ਨ ਅਨੁਸਾਰ, ਇਹ 50 ਵਾਧੂ ਸੀਟਾਂ ਨੀਟ-ਯੂਜੀ ਮੈਰਿਟ ਅਤੇ ਵਿਦਿਆਰਥੀਆਂ ਦੀ ਪਸੰਦ ਅਨੁਸਾਰ ਜੰਮੂ-ਕਸ਼ਮੀਰ ਦੇ ਸੱਤ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੰਡੀਆਂ ਜਾਣਗੀਆਂ। GMC ਅਨੰਤਨਾਗ ਵਿੱਚ 8, ਜਦਕਿ ਬਾਰਾਮੂਲਾ, ਡੋਡਾ, ਹੰਦਵਾੜਾ, ਕਠੂਆ, ਰਾਜੌਰੀ ਅਤੇ ਊਧਮਪੁਰ ਵਿੱਚ 7-7 ਸੀਟਾਂ ਦਿੱਤੀਆਂ ਜਾਣਗੀਆਂ।
ਕਾਊਂਸਲਿੰਗ ਜੰਮੂ ਅਤੇ ਸ੍ਰੀਨਗਰ ਸਥਿਤ BOPEE ਦਫ਼ਤਰਾਂ ਵਿੱਚ ਹੋਵੇਗੀ। ਜੋ ਉਮੀਦਵਾਰ ਖੁਦ ਹਾਜ਼ਰ ਨਹੀਂ ਹੋ ਸਕਣਗੇ, ਉਹ ਆਪਣੇ ਰਿਸ਼ਤੇਦਾਰ ਨੂੰ ਅਧਿਕਾਰ ਪੱਤਰ ਦੇ ਕੇ ਭੇਜ ਸਕਦੇ ਹਨ। ਗੌਰਤਲਬ ਹੈ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਘੱਟੋ-ਘੱਟ ਮਾਪਦੰਡਾਂ ਦੀ ਪਾਲਣਾ ਨਾ ਹੋਣ ਕਾਰਨ ਇਸ ਕਾਲਜ ਦੀ ਮਨਜ਼ੂਰੀ ਵਾਪਸ ਲੈ ਲਈ ਸੀ। ਸਰਕਾਰ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ 50 ਵਿਦਿਆਰਥੀਆਂ ਦੀ ਪੜ੍ਹਾਈ ਕਿਸੇ ਵੀ ਕੀਮਤ ‘ਤੇ ਪ੍ਰਭਾਵਿਤ ਨਹੀਂ ਹੋਣ ਦਿੱਤੀ ਜਾਵੇਗੀ।

