70.3 F
New York, US
June 1, 2024
PreetNama
ਖੇਡ-ਜਗਤ/Sports News

ਜੋਕੋਵਿਕ ਤੋਂ ਬਿਨਾਂ ਸ਼ੁਰੂ ਹੋਵੇਗਾ ਆਸਟ੍ਰੇਲੀਅਨ ਓਪਨ, ਰਾਫੇਲ ਨਡਾਲ ਕੋਲ ਹੁਣ ਅੱਗੇ ਨਿਕਲਣ ਦਾ ਸੁਨਹਿਰਾ ਮੌਕਾ

ਕੋਰੋਨਾ ਟੀਕਾਕਰਨ ਨਾ ਕਰਵਾਉਣ ਦੇ ਕਾਰਨ ਵੀਜ਼ਾ ਰੱਦ ਹੋਣ ਖ਼ਿਲਾਫ਼ ਦੁਨੀਆ ਦੇ ਨੰਬਰ-1 ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਦੀ ਅਪੀਲ ‘ਤੇ ਆਸਟ੍ਰੇਲੀਆ ਦੀ ਫੈਡਰਲ ਅਦਾਲਤ ਨੇ ਇੰਮੀਗ੍ਰੇਸ਼੍ਨ ਮੰਤਰੀ ਐਲੇਕਸ ਹਾਕੇ ਦੇ ਫ਼ੈਸਲੇ ਨੂੰ ਕਾਇਮ ਰੱਖਿਆ। ਇਸ ਫ਼ੈਸਲੇ ਤੋਂ ਬਾਅਦ ਇਸ ਸਰਬਿਆਈ ਖਿਡਾਰੀ ਦੀ ਸੋਮਵਾਰ ਤੋਂ ਸ਼ੁਰੂ ਹੋ ਰਹੇ ਸਾਲ ਦੇ ਪਹਿਲੇ ਗਰੈਂਡ ਸਲੈਮ ਵਿਚ ਆਪਣਾ ਖ਼ਿਤਾਬ ਬਚਾਉਣ ਦੀ ਉਮੀਦ ਖ਼ਤਮ ਹੋ ਗਈ। ਜੋਕੋਵਿਕ ਨੇ ਆਪਣੇ 20 ਗਰੈਂਡ ਸਲੈਮ ਖ਼ਿਤਾਬਾਂ ਵਿਚੋਂ ਨੌਂ ਖ਼ਿਤਾਬ ਆਸਟ੍ਰੇਲੀਅਨ ਓਪਨ ਵਿਚ ਜਿੱਤੇ ਹਨ।

ਜੋਕੋਵਿਕ ਪਿਛਲੇ ਤਿੰਨ ਵਾਰ ਦੇ ਚੈਂਪੀਅਨ ਹਨ ਤੇ ਉਨ੍ਹਾਂ ਨੇ ਟੂਰਨਾਮੈਂਟ ਦੇ ਮੁੱਖ ਸਟੇਡੀਅਮ ਵਿਚ ਪਹਿਲੇ ਦਿਨ ਆਪਣਾ ਸ਼ੁਰੂਆਤੀ ਮੈਚ ਖੇਡਣਾ ਸੀ ਪਰ ਫੈਡਰਲ ਕੋਰਟ ਦੇ ਤਿੰਨ ਜੱਜਾਂ ਨੇ ਐਤਵਾਰ ਨੂੰ ਸਰਬਸੰਮਤੀ ਨਾਲ ਇੰਮੀਗ੍ਰੇਸ਼ਨ ਮੰਤਰੀ ਹਾਕੇ ਦੇ ਜੋਕੋਵਿਕ ਦਾ ਵੀਜ਼ਾ ਰੱਦ ਕਰਨ ਦੇ ਫ਼ੈਸਲੇ ਨੂੰ ਕਾਇਮ ਰੱਖਿਆ ਜਿਸ ਨਾਲ ਉਨ੍ਹਾਂ ਦੇ ਇਸ ਟੂਰਨਾਮੈਂਟ ਵਿਚ ਖੇਡਣ ਦੀ ਆਖ਼ਰੀ ਉਮੀਦ ਵੀ ਟੁੱਟ ਗਈ। ਜੋਕੋਵਿਕ ਨੇ ਕੋਰੋਨਾ ਟੀਕਾਕਰਨ ਨਹੀਂ ਕਰਵਾਇਆ ਹੈ। ਜੋਕੋਵਿਕ ਦਾ ਵੀਜ਼ਾ ਪਹਿਲਾਂ ਛੇ ਜਨਵਰੀ ਨੂੰ ਮੈਲਬੌਰਨ ਪੁੱਜਣ ‘ਤੇ ਰੱਦ ਕਰ ਦਿੱਤਾ ਗਿਆ ਸੀ। ਸੀਮਾ ਅਧਿਕਾਰੀ ਨੇ ਇਸ ਆਧਾਰ ‘ਤੇ ਉਨ੍ਹਾਂ ਦਾ ਵੀਜ਼ਾ ਰੱਦ ਕੀਤਾ ਸੀ ਕਿ ਉਨ੍ਹਾਂ ਨੂੰ ਟੀਕਾਕਰਨ ਤੋਂ ਬਿਨਾ ਆਉਣ ਵਾਲੇ ਆਸਟ੍ਰੇਲੀਆ ਦੇ ਨਿਯਮਾਂ ਮੁਤਾਬਕ ਮੈਡੀਕਲ ਛੋਟ ਨਹੀਂ ਮਿਲੀ ਹੈ।

ਬਾਅਦ ਵਿਚ ਇਕ ਅਦਾਲਤ ਨੇ ਉਨ੍ਹਾਂ ਦਾ ਵੀਜ਼ਾ ਬਹਾਲ ਕੀਤਾ ਸੀ। ਪਰ ਹਾਕੇ ਨੇ ਖਾਸ ਅਧਿਕਾਰ ਦਾ ਇਸਤੇਮਾਲ ਕਰ ਕੇ ਉਨ੍ਹਾਂ ਦਾ ਵੀਜ਼ਾ ਦੁਬਾਰਾ ਰੱਦ ਕੀਤਾ ਸੀ। ਆਮ ਤੌਰ ‘ਤੇ ਬਾਹਰ ਕੀਤੇ ਜਾਣ ਵਾਲੇ ਹੁਕਮ ਦਾ ਮਤਲਬ ਵਿਅਕਤੀ ਤਿੰਨ ਸਾਲ ਤਕ ਵਾਪਸ ਆਸਟ੍ਰੇਲੀਆ ਨਹੀਂ ਮੁੜ ਸਕਦਾ। ਮੁੱਖ ਜੱਜ ਜੇਮਜ਼ ਆਲਸਾਪ ਨੇ ਕਿਹਾ ਕਿ ਇਹ ਫ਼ੈਸਲਾ ਇਸ ‘ਤੇ ਨਿਰਭਰ ਕਰਦਾ ਹੈ ਕਿ ਕੀ ਮੰਤਰੀ ਦਾ ਫ਼ੈਸਲਾ ਤਰਕਹੀਣ ਜਾਂ ਕਾਨੂੰਨੀ ਤੌਰ ‘ਤੇ ਗ਼ੈਰਵਾਜਬ ਸੀ। ਉਨ੍ਹਾਂ ਨੇ ਕਿਹਾ ਕਿ ਫ਼ੈਸਲੇ ਦੇ ਗੁਣ ਜਾਂ ਗਿਆਨ ‘ਤੇ ਫ਼ੈਸਲਾ ਕਰਨਾ ਅਦਾਲਤ ਦੇ ਕੰਮ ਦੇ ਅਧੀਨ ਨਹੀਂ ਆਉਂਦਾ।

ਇਟਲੀ ਦੇ ਸਾਲਵਾਤੋਰ ਕਾਰੂਸੋ ਨੂੰ ਮੁੱਖ ਡਰਾਅ ‘ਚ ਮਿਲੀ ਥਾਂ :

ਅਦਾਲਤ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਜੋਕੋਵਿਕ ਦੇ ਮੈਚ ਨੂੰ ਪਹਿਲੇ ਦਿਨ ਦੇ ਪ੍ਰਰੋਗਰਾਮ ਵਿਚ ਥਾਂ ਦਿੱਤੀ ਗਈ ਸੀ। ਜੋਕੋਵਿਕ ਨੇ ਸੋਮਵਾਰ ਨੂੰ ਮੁੱਖ ਕੋਰਟ ‘ਤੇ ਦਿਨ ਦੇ ਆਖ਼ਰੀ ਮੈਚ ਵਿਚ ਹਮਵਤਨ ਮੀਓਮੀਰ ਕੇਸਮਾਨੋਵਿਕ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨੀ ਸੀ। ਹਾਲਾਂਕਿ ਜੋਕੋਵਿਕ ‘ਤੇ ਫ਼ੈਸਲਾ ਆਉਣ ਤੋਂ 90 ਮਿੰਟ ਬਾਅਦ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਦੀ ਥਾਂ ਇਟਲੀ ਦੇ ਸਾਲਵਾਤੋਰ ਕਾਰੂਸੋ ਨੂੰ ਮੁੱਖ ਡਰਾਅ ਵਿਚ ਥਾਂ ਦਿੱਤੀ ਗਈ ਹੈ ਜਿਨ੍ਹਾਂ ਦੀ ਵਿਸ਼ਵ ਰੈਂਕਿੰਗ 150 ਹੈ। ਅਦਾਲਤ ਦੇ ਫ਼ੈਸਲ ਦੇ ਕੁਝ ਦੇਰ ਬਾਅਦ ਹੀ ਜੋਕੋਵਿਕ ਨੇ ਆਸਟ੍ਰੇਲੀਆ ਛੱਡ ਦਿੱਤਾ ਤੇ ਉਹ ਦੁਬਈ ਲਈ ਰਵਾਨਾ ਹੋ ਗਏ।

ਨਡਾਲ ਕੋਲ ਹੋਵੇਗਾ ਅੱਗੇ ਨਿਕਲਣ ਦਾ ਮੌਕਾ :

ਜੋਕੋਵਿਕ ਦੇ ਇਸ ਤਰ੍ਹਾਂ ਟੂਰਨਾਮੈਂਟ ਤੋਂ ਹਟਣ ਕਾਰਨ ਸਪੇਨ ਦੇ ਰਾਫੇਲ ਨਡਾਲ ਕੋਲ ਸਲਬਿਆਈ ਖਿਡਾਰੀ ਤੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੋਂ ਅੱਗੇ ਨਿਕਲਣ ਦਾ ਸੁਨਹਿਰਾ ਮੌਕਾ ਹੋਵੇਗਾ। ਜੋਕੋਵਿਕ, ਫੈਡਰਰ ਤੇ ਨਡਾਲ ਦੇ ਨਾਂ 20 ਗਰੈਂਡ ਸਲੈਮ ਹਨ। ਫੈਡਰਰ ਇਸ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈ ਰਹੇ ਹਨ ਤੇ ਜੋਕੋਵਿਕ ਨੂੰ ਆਖ਼ਰੀ ਸਮੇਂ ‘ਚ ਹਟਣਾ ਪਿਆ ਇਸ ਕਾਰਨ ਨਡਾਲ ਕੋਲ 21ਵਾਂ ਗਰੈਂਡ ਸਲੈਮ ਜਿੱਤਣ ਦਾ ਮੌਕਾ ਹੋਵੇਗਾ। ਤੀਜਾ ਦਰਜਾ ਹਾਸਲ ਅਲੈਕਸਾਂਦਰ ਜ਼ਵੇਰੇਵ ਹੁਣ ਆਪਣਾ ਪਹਿਲਾ ਮੈਚ ਰਾਡ ਲੇਵਰ ਏਰੀਨਾ ਵਿਚ ਡੇਨੀਅਲ ਅਲਤਾਮੀਰ ਖ਼ਿਲਾਫ਼ ਖੇਡਣਗੇ। ਮਹਿਲਾ ਵਰਗ ਵਿਚ ਮੌਜੂਦਾ ਚੈਂਪੀਅਨ ਨਾਓਮੀ ਓਸਾਕਾ ਕੈਮਿਲਾ ਓਸੋਰੀਓ ਖ਼ਿਲਾਫ਼ ਮੈਚ ਖੇਡੇਗੀ ਜਦਕਿ ਮਹਿਲਾਵਾਂ ਵਿਚ ਨੰਬਰ ਇਕ ਐਸ਼ਲੇ ਬਾਰਟੀ ਵੀ ਸੋਮਵਾਰ ਨੂੰ ਮੈਚ ਖੇਡੇਗੀ।

‘ਮੈਂ ਵੀਜ਼ਾ ਰੱਦ ਕਰਨ ਦੇ ਮੰਤਰੀ ਦੇ ਫ਼ੈਸਲੇ ਦੀ ਸਮੀਖਿਆ ਲਈ ਕੀਤੇ ਗਏ ਮੇਰੇ ਬਿਨੈ ਨੂੰ ਖ਼ਾਰਜ ਕਰਨ ਦੇ ਅਦਾਲਤ ਦੇ ਫ਼ੈਸਲੇ ਤੋਂ ਬਹੁਤ ਨਿਰਾਸ਼ ਹਾਂ, ਜਿਸ ਦਾ ਅਰਥ ਹੈ ਕਿ ਮੈਂ ਆਸਟ੍ਰੇਲੀਆ ਵਿਚ ਨਹੀਂ ਰਹਿ ਸਕਦਾ ਤੇ ਆਸਟ੍ਰੇਲੀਅਨ ਓਪਨ ਵਿਚ ਹਿੱਸਾ ਨਹੀਂ ਲੈ ਸਕਦਾ ਹਾਂ। ਹਾਲਾਂਕਿ, ਮੈਂ ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰਦਾ ਹਾਂ।-ਨੋਵਾਕ ਜੋਕੋਵਿਕ, ਟੈਨਿਸ ਖਿਡਾਰੀ।

Related posts

ਭਾਰਤੀ ਹਾਕੀ ਟੀਮ ਨੇ ਜਿੱਤ ਦੇ ਨਾਲ ਕੀਤੀ ਨਿਊਜ਼ੀਲੈਂਡ ਦੌਰੇ ਦੀ ਸਮਾਪਤੀ

On Punjab

ਰੋਮਾਂਚਕ ਮੈਚ ਵਿੱਚ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ 2 ਦੌੜਾਂ ਨਾਲ ਹਰਾਇਆ

On Punjab

DRS ਲੈਕੇ ਫੇਲ ਹੋਏ ਰਿਸ਼ਭ ਪੰਤ ਤਾਂ ਲੱਗੇ ਧੋਨੀ-ਧੋਨੀ ਦੇ ਨਾਅਰੇ….

On Punjab