ਨਵੀਂ ਦਿੱਲੀ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਕਿਹਾ ਕਿ ‘ਨੈਕਸਟ ਜੈਨ ਜੀਐਸਟੀ’ ਸੁਧਾਰਾਂ ਨੇ ਅਰਥਵਿਵਸਥਾ ਵਿੱਚ 2 ਲੱਖ ਕਰੋੜ ਰੁਪਏ ਦਾ ਵਾਧਾ ਕੀਤਾ ਹੈ। ਇਸ ਨਾਲ ਲੋਕਾਂ ਕੋਲ ਵਧੇਰੇ ਨਕਦੀ ਬਚੀ ਹੈ, ਜੋ ਨਹੀਂ ਤਾਂ ਟੈਕਸਾਂ ਵਿੱਚ ਚਲਾ ਜਾਂਦਾ। ‘ਨੈਕਸਟ ਜੈਨ ਜੀਐੱਸਟੀ’ ਸੁਧਾਰਾਂ ਬਾਰੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਟੈਕਸ ਦਰਾਂ ਵਿਚ ਸੁਧਾਰਾਂ ਤੋਂ ਬਾਅਦ 12 ਫੀਸਦੀ ਜੀਐੱਸਟੀ ਸਲੈਬ ਦੇ ਅਧੀਨ ਆਉਣ ਵਾਲੀਆਂ 99 ਫੀਸਦੀ ਵਸਤਾਂ 5 ਫੀਸਦੀ ਸਲੈਬ ਵਿੱਚ ਚਲੀਆਂ ਗਈਆਂ ਹਨ। ਇਸ ਬਦਲਾਅ ਨਾਲ 28 ਫੀਸਦੀ ਟੈਕਸ ਸਲੈਬ ਦੇ ਅਧੀਨ ਆਉਣ ਵਾਲੀਆਂ 90 ਫੀਸਦੀ ਵਸਤਾਂ 18 ਫੀਸਦ ਬਰੈਕਟ ਵਿੱਚ ਆ ਗਈਆਂ ਹਨ।
ਉਨ੍ਹਾਂ ਕਿਹਾ, ‘‘ਇਸ ਨਵੀਂ ਜਨਰੇਸ਼ਨ ਟੈਕਸ ਪ੍ਰਣਾਲੀ ਦੇ ਨਾਲ, ਜਿਸ ਵਿੱਚ ਸਿਰਫ਼ ਦੋ ਸਲੈਬ (5 ਪ੍ਰਤੀਸ਼ਤ ਅਤੇ 18 ਪ੍ਰਤੀਸ਼ਤ) ਹਨ, ਅਰਥਵਿਵਸਥਾ ਵਿੱਚ 2 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਲੋਕਾਂ ਕੋਲ ਨਕਦ ਬਚਤ ਹੋਵੇਗੀ।’’ ਵਿੱਤ ਮੰਤਰੀ ਨੇ ਕਿਹਾ ਕਿ ਜੀਐੱਸਟੀ ਮਾਲੀਆ ਸ਼ੁਰੂਆਤ ਦੇ 7.19 ਲੱਖ ਕਰੋੜ ਰੁਪਏ ਤੋਂ ਵਧ ਕੇ 2025 ਵਿੱਚ 22.08 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਅਨੁਸਾਰ ਟੈਕਸਦਾਤਾਵਾਂ ਦੀ ਗਿਣਤੀ 65 ਲੱਖ ਤੋਂ ਵਧ ਕੇ 1.51 ਕਰੋੜ ਹੋ ਗਈ ਹੈ।