PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੰਜਾਬੀ ਸ਼ਬਦ-ਜੋੜ ’ਚ ਗਲਤੀਆਂ

ਗੁਰਦਾਸਪੁਰ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਜੋ ਸਰਕਾਰੀ ਕੰਮਕਾਜ ਅਤੇ ਜਨਤਾ ਨਾਲ ਸਿੱਧੇ ਸੰਪਰਕ ਦਾ ਕੇਂਦਰ ਮੰਨਿਆ ਜਾਂਦਾ ਹੈ, ਪੰਜਾਬੀ ਭਾਸ਼ਾ ਨਾਲ ਮਜ਼ਾਕ ਕਰ ਰਿਹਾ ਹੈ। ਕੰਪਲੈਕਸ ਦੇ ਬੀ-ਬਲਾਕ ਵਿੱਚ ਦਾਖ਼ਲ ਹੋਣ ਨਾਲ ਹੀ “ਬੇਟੀ ਬਚਾਓ, ਬੇਟੀ ਪੜਾਓ” ਸਲੋਗਨ ਨਜ਼ਰ ਆਉਂਦਾ ਹੈ, ਪਰ ਦੁਖਦਾਇਕ ਗੱਲ ਇਹ ਹੈ ਕਿ ਇਸ ਵਿੱਚ “ਪੜ੍ਹਾਓ” ਸ਼ਬਦ ਨੂੰ ਗ਼ਲਤ ਤਰੀਕੇ ਨਾਲ “ਪੜਾਓ” ਲਿਖਿਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਗ਼ਲਤੀ ਕਿਸੇ ਗਲੀ-ਮੁਹੱਲੇ ਦੀ ਕੰਧ ’ਤੇ ਨਹੀਂ, ਸਗੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੇਂਦਰੀ ਦਫ਼ਤਰ ਵਿੱਚ ਕੀਤੀ ਗਈ ਹੈ। ਬੀਤੇ ਸਾਲ ਦੀਵਾਲੀ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਟੀਆਂ ਦੀਆਂ ਉਪਲਬਧੀਆਂ ਨੂੰ ਉਜਾਗਰ ਕਰਨ ਲਈ ਕੰਧ ’ਤੇ ਤਸਵੀਰਾਂ ਅਤੇ ਰੰਗੋਲੀ ਲਗਾ ਕੇ ਵਧੀਆ ਉਪਰਾਲਾ ਕੀਤਾ ਗਿਆ ਸੀ, ਪਰ ਉਸੇ ਕੰਧ ’ਤੇ “ਜ਼ਿਲ੍ਹਾ” ਸ਼ਬਦ ਨੂੰ ਵੀ ਗ਼ਲਤ ਤਰੀਕੇ ਨਾਲ “ਜ਼ਿਲਾ” ਲਿਖ ਦਿੱਤਾ ਗਿਆ ਹੈ ਜਿਸ ਨਾਲ ਸਾਰਾ ਇਹ ਉੱਦਮ ਪ੍ਰਸ਼ਾਸਕੀ ਲਾਪ੍ਰਵਾਹੀ ਦਰਸਾਉਂਦਾ ਹੈ । ਇਸੇ ਕੰਪਲੈਕਸ ਵਿੱਚ ਜ਼ਿਲ੍ਹਾ ਭਾਸ਼ਾ ਵਿਭਾਗ ਦਾ ਦਫ਼ਤਰ ਵੀ ਸਥਿਤ ਹੈ ।

ਇਹ ਮਾਮਲਾ ਜਦੋਂ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਗੁਰਦਾਸਪੁਰ ਹਰਜਿੰਦਰ ਸਿੰਘ ਕਲਸੀ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਵੱਲੋਂ ਤੁਰੰਤ ਦਰੁਸਤੀ ਕਰਨ ਦੀ ਗੱਲ ਕਹੀ ਗਈ ਪਰ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਬਾਅਦ ਵੀ ਨਾ ਤਾਂ ਸ਼ਬਦ-ਜੋੜ ਠੀਕ ਕੀਤੇ ਗਏ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਜਵਾਬਦੇਹੀ ਮਹਿਸੂਸ ਕੀਤੀ। ਦੂਸਰੀ ਵਾਰ ਯਾਦ ਦਿਵਾਉਣ ’ਤੇ ਵੀ ਸਿਰਫ਼ ਭਰੋਸੇ ਹੀ ਮਿਲੇ। ਇਸ ਸਬੰਧੀ ਡਿਪਟੀ ਕਮਿਸ਼ਨਰ ਆਦਿਤਯ ਉੱਪਲ ਨੂੰ ਫ਼ੋਨ ਕੀਤਾ ਗਿਆ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ ਅਤੇ ਚੇਅਰਮੈਨ, ਨੈਸ਼ਨਲ ਐਵਾਰਡ ਪ੍ਰੀਲਿਮਨਰੀ ਸਿਲੈਕਸ਼ਨ ਅਤੇ ਸਕਰੀਨਿੰਗ ਕਮੇਟੀ-ਪੰਜਾਬੀ, ਭਾਰਤ ਡਾ ਪਰਮਜੀਤ ਸਿੰਘ ਕਲਸੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਬਦ ਜੋੜਾਂ ਦੀ ਗ਼ਲਤੀ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜਲਦ ਠੀਕ ਕਰਵਾ ਦਿੱਤੇ ਜਾਣਗੇ। ਲੋਕਾਂ ਨੇ ਮੰਗ ਕੀਤੀ ਹੈ ਕਿ ਇਹ ਗਲਤੀਆਂ ਜਲਦੀ ਸੁਧਾਰੀਆਂ ਜਾਣ।

Related posts

ਜ਼ਮੀਨ ਖਿਸਕਣ ਕਾਰਨ ਦਰੱਖਤ ਵਾਹਨਾਂ ’ਤੇ ਡਿੱਗਿਆ; ਛੇ ਹਲਾਕ, ਕਈ ਜ਼ਖਮੀ

On Punjab

ਕੇਜਰੀਵਾਲ ਦੇ ‘ਸ਼ੀਸ਼ ਮਹਿਲ’ ਦੇ ਨਵੀਨੀਕਰਨ ਦੀ ਜਾਂਚ ਹੋਵੇਗੀ: ਭਾਜਪਾ

On Punjab

ਅਦਾਲਤ ਨੇ ਲਾਲੂ ਯਾਦਵ, ਰਾਬੜੀ ਦੇਵੀ ਤੇ ਹੋਰ ਦੋਸ਼ੀਆਂ ਨੂੰ ਭੇਜਿਆ ਸੰਮਨ, ਨੌਕਰੀ ਦੇ ਬਦਲੇ ਜ਼ਮੀਨ ਲੈਣ ਦਾ ਮਾਮਲਾ

On Punjab