ਚੰਡੀਗੜ੍ਹ- ਪੰਜਾਬ ਸਰਕਾਰ ਨੇ ਕਰੀਬ ਛੇ ਮਹੀਨੇ ਦੇ ਅਰਸੇ ਮਗਰੋਂ ਜ਼ਿਲ੍ਹਾ ਪਰਿਸ਼ਦਾਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦੇ ਰਾਖਵੇਂਕਰਨ ਦਾ ਐਲਾਨ ਕਰ ਦਿੱਤਾ ਹੈ। ਪਹਿਲੇ ਪੜਾਅ ’ਤੇ ਫਰਵਰੀ ਮਹੀਨੇ ’ਚ ਪੰਚਾਇਤ ਸਮਿਤੀਆਂ ਦੇ ਚੇਅਰਮੈਨਾਂ ਤੇ ਵਾਈਸ ਚੇਅਰਮੈਨਾਂ ਦਾ ਰਾਖਵਾਂਕਰਨ ਜਾਰੀ ਕੀਤਾ ਗਿਆ ਸੀ ਅਤੇ ਸਮਿਤੀਆਂ ਦੇ ਚੇਅਰਮੈਨਾਂ ਦੀ ਚੋਣ ਮਗਰੋਂ ਹੁਣ ਨੋਟੀਫ਼ਿਕੇਸ਼ਨ ਵੀ ਜਾਰੀ ਹੋ ਰਹੇ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਜਾਬ ਦੀਆਂ 23 ਜ਼ਿਲ੍ਹਾ ਪਰਿਸ਼ਦਾਂ ਦੇ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦੇ ਰਾਖਵੇਂਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ।
ਨੋਟੀਫ਼ਿਕੇਸ਼ਨ ਅਨੁਸਾਰ ਪੰਜਾਬ ਦੀਆਂ ਸੱਤ ਜ਼ਿਲ੍ਹਾ ਪਰਿਸ਼ਦ ਦੇ ਜਨਰਲ ਚੇਅਰਮੈਨ ਹੋਣਗੇ ਅਤੇ ਸੱਤ ਪਰਿਸ਼ਦਾਂ ਦੀ ਚੇਅਰਮੈਨੀ ਦੀ ਕੁਰਸੀ ’ਤੇ ਜਨਰਲ ਵਰਗ ਦੀ ਮਹਿਲਾ ਬੈਠੇਗੀ। ਦਲਿਤ ਵਰਗ ਦੀਆਂ ਔਰਤਾਂ ਲਈ ਚਾਰ ਜ਼ਿਲ੍ਹਾ ਪਰਿਸ਼ਦਾਂ ਦੀ ਕੁਰਸੀ ਰਾਖਵੀਂ ਰੱਖੀ ਗਈ ਹੈ ਜਦੋਂ ਕਿ ਐੱਸ ਸੀ ਵਰਗ ਲਈ ਪੰਜ ਪਰਿਸ਼ਦਾਂ ਦਾ ਰਾਖਵਾਂਕਰਨ ਕੀਤਾ ਗਿਆ ਹੈ। ਦੋਆਬੇ ’ਚ ਕੋਈ ਵੀ ਜ਼ਿਲ੍ਹਾ ਪਰਿਸ਼ਦ ਜਨਰਲ ਵਰਗ ਲਈ ਨਹੀਂ ਰੱਖੀ ਗਈ ਹੈ। ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਸੰਗਰੂਰ ਦੀ ਪਰਿਸ਼ਦ ਦੇ ਚੇਅਰਮੈਨੀ ਜਨਰਲ ਵਰਗ ਲਈ ਰੱਖੀ ਗਈ ਹੈ।

