PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜਪਾਨ ਨੂੰ 4-1 ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਏਸ਼ਿਆਈ ਚੈਂਪੀਅਨ ਬਣਿਆ ਭਾਰਤ

ਮੁਹਾਲੀ-  ਮੌਜੂਦਾ ਚੈਂਪੀਅਨ ਭਾਰਤ ਨੇ ਵੀਰਵਾਰ ਨੂੰ ਇੱਥੇ ਫਾਈਨਲ ਮੁਕਾਬਲੇ ਵਿੱਚ ਜਪਾਨ ਨੂੰ 4-1 ਨਾਲ ਹਰਾ ਕੇ ਪੁਰਸ਼ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦਾ ਖ਼ਿਤਾਬ ਲਗਾਤਾਰ ਤੀਜੀ ਵਾਰ ਆਪਣੇ ਨਾਂ ਕਰ ਲਿਆ। ਭਾਰਤੀ ਟੀਮ ਨੇ ਇਸ ਜਿੱਤ ਨਾਲ ਟੂਰਨਾਮੈਂਟ ਵਿੱਚ ਛੇਵੀਂ ਵਾਰ ਚੈਂਪੀਅਨ ਬਣਨ ਦਾ ਮਾਣ ਵੀ ਹਾਸਲ ਕੀਤਾ। ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਇਸ ਤੋਂ ਪਹਿਲਾਂ 2011, 2016, 2018, 2023 ਅਤੇ 2024 ਵਿੱਚ ਵੀ ਇਹ ਖ਼ਿਤਾਬ ਜਿੱਤ ਚੁੱਕੀ ਹੈ।

ਹਾਲਾਂਕਿ ਫਾਈਨਲ ਵਿੱਚ ਜਪਾਨ ਨੇ ਤੀਜੇ ਮਿੰਟ ਵਿੱਚ ਕਾਜ਼ੂਮਾਸਾ ਮਾਤਸੁਮੋਤੋ ਦੇ ਮੈਦਾਨੀ ਗੋਲ ਨਾਲ ਭਾਰਤ ਨੂੰ ਪਿੱਛੇ ਛੱਡਦਿਆਂ 1-0 ਦੀ ਲੀਡ ਬਣਾ ਲਈ। ਇਸ ਤੋਂ ਬਾਅਦ ਭਾਰਤੀ ਟੀਮ ਨੇ ਖੇਡ ਵਿੱਚ ਵਾਪਸੀ ਕੀਤੀ। ਸ਼ਿਲਾਨੰਦ ਲਾਕੜਾ ਨੇ 42ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਦਿਲਪ੍ਰੀਤ ਸਿੰਘ ਨੇ 48ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਜੁਗਰਾਜ ਸਿੰਘ ਨੇ 53ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਦੀ ਲੀਡ 3-1 ਕਰ ਦਿੱਤੀ, ਜਦੋਂਕਿ ਵਿਵੇਕ ਸਾਗਰ ਪ੍ਰਸਾਦ ਨੇ 54ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 4-1 ਕਰ ਦਿੱਤਾ। ਭਾਰਤ ਨੇ ਇਸ ਤੋਂ ਪਹਿਲਾਂ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਸਟੇਡੀਅਮ ਵਿੱਚ ਟੂਰਨਾਮੈਂਟ ਦੇ ਲੀਗ ਗੇੜ ਦੌਰਾਨ ਵੀ ਜਪਾਨ ਨੂੰ 4-1 ਨਾਲ ਹਰਾਇਆ ਸੀ। ਹਾਲਾਂਕਿ ਵੀਰਵਾਰ ਨੂੰ ਫਾਈਨਲ ਵਿੱਚ ਜਪਾਨ ਨੇ ਪਹਿਲੇ ਦੋ ਕੁਆਰਟਰਾਂ ਦੌਰਾਨ ਭਾਰਤ ਨੂੰ ਸਖ਼ਤ ਟੱਕਰ ਦਿੱਤੀ ਪਰ ਦੂਜੇ ਅੱਧ ਵਿੱਚ ਭਾਰਤੀ ਟੀਮ ਨੇ ਵਾਪਸੀ ਕਰਦਿਆਂ ਮੈਚ ਆਪਣੇ ਨਾਂ ਕਰ ਲਿਆ।

ਭਾਰਤ ਨੇ ਮੈਚ ਦੀ ਸ਼ੁਰੂਆਤ ਚੰਗੀ ਕੀਤੀ ਪਰ ਤੀਜੇ ਮਿੰਟ ਵਿੱਚ ਮਾਤਸੁਮੋਤੋ ਨੇ ਟੋਮਾਹਾਕ ਸ਼ਾਟ ਰਾਹੀਂ ਗੋਲ ਕਰਕੇ ਜਪਾਨ ਨੂੰ ਲੀਡ ਦਿਵਾ ਦਿੱਤੀ। ਓਲੰਪੀਅਨ ਬਲਬੀਰ ਸਿੰਘ ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਨਾਲ ਭਰੇ ਮੈਦਾਨ ਵਿੱਚ ਇਸ ਗੋਲ ਕਾਰਨ ਕੁਝ ਸਮੇਂ ਲਈ ਭਾਰਤੀ ਖਿਡਾਰੀ ਨਿਰਾਸ਼ ਹੋ ਗਏ। ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਹਮਲਿਆਂ ਦੀ ਰਫ਼ਤਾਰ ਵਧਾਈ ਅਤੇ ਗੋਲ ਕਰਨ ਦੇ ਕੁਝ ਮੌਕੇ ਵੀ ਬਣਾਏ ਪਰ ਉਹ ਇਨ੍ਹਾਂ ਨੂੰ ਗੋਲ ਵਿੱਚ ਬਦਲਣ ਵਿੱਚ ਸਫ਼ਲ ਨਾ ਹੋ ਸਕੇ। ਜਪਾਨ ਨੇ 20ਵੇਂ ਮਿੰਟ ਵਿੱਚ ਲਗਾਤਾਰ ਦੋ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤੀ ਰੱਖਿਆ ਪੰਕਤੀ ਨੇ ਕਪਤਾਨ ਰਾਇਕੀ ਫੁਜੀਸ਼ਿਮਾ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ।

ਭਾਰਤੀ ਉਪ ਕਪਤਾਨ ਹਾਰਦਿਕ ਸਿੰਘ ਨੇ ਵੀਰਵਾਰ ਨੂੰ ਆਪਣਾ 200ਵਾਂ ਕੌਮਾਂਤਰੀ ਮੈਚ ਖੇਡਿਆ। ਉਹ ਮੈਦਾਨ ਦੇ ਵਿਚਕਾਰ ਭਾਰਤੀ ਟੀਮ ਦਾ ਸਭ ਤੋਂ ਅਹਿਮ ਖਿਡਾਰੀ ਰਿਹਾ। ਉਸ ਨੇ ਰੱਖਿਆ ਪੰਕਤੀ ਅਤੇ ਫਾਰਵਰਡ ਖਿਡਾਰੀਆਂ ਵਿਚਕਾਰ ਤਾਲਮੇਲ ਬਣਾਉਂਦਿਆਂ ਕਈ ਹਮਲੇ ਕੀਤੇ। ਦੂਜੇ ਪਾਸੇ ਜਰਮਨਪ੍ਰੀਤ ਸਿੰਘ ਨੇ ਰੱਖਿਆ ਪੰਕਤੀ ਵਿੱਚ ਮਜ਼ਬੂਤੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ। ਪਹਿਲੇ ਅੱਧ ਵਿੱਚ 0-1 ਨਾਲ ਪਛੜਨ ਤੋਂ ਬਾਅਦ ਭਾਰਤੀ ਟੀਮ ਨੇ ਪਾਸੇ ਬਦਲਣ ਮਗਰੋਂ ਹੋਰ ਹਮਲਾਵਰ ਰੁਖ਼ ਅਪਣਾਇਆ। ਭਾਰਤ ਨੂੰ 33ਵੇਂ ਮਿੰਟ ਵਿੱਚ ਪਹਿਲਾ ਪੈਨਲਟੀ ਕਾਰਨਰ ਮਿਲਿਆ ਪਰ ਕਪਤਾਨ ਹਰਮਨਪ੍ਰੀਤ ਸਿੰਘ ਦਾ ਫਲਿੱਕ ਜਪਾਨੀ ਗੋਲਕੀਪਰ ਕਿਸ਼ੋ ਕੁਰੋਦਾ ਨੇ ਰੋਕ ਲਿਆ। ਜਪਾਨ ਨੇ 39ਵੇਂ ਮਿੰਟ ਵਿੱਚ ਆਪਣਾ ਦੂਜਾ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਸ਼ੋਤਾ ਯਾਮਾਦਾ ਇਸ ਨੂੰ ਗੋਲ ਵਿੱਚ ਬਦਲਣ ਵਿੱਚ ਨਾਕਾਮ ਰਿਹਾ।

ਭਾਰਤ ਨੇ ਜਪਾਨ ਦੀ ਰੱਖਿਆ ਪੰਕਤੀ ’ਤੇ ਦਬਾਅ ਬਣਾਈ ਰੱਖਿਆ ਅਤੇ 42ਵੇਂ ਮਿੰਟ ਵਿੱਚ ਲਗਾਤਾਰ ਦੋ ਪੈਨਲਟੀ ਕਾਰਨਰ ਹਾਸਲ ਕੀਤੇ। ਇਸ ਦੌਰਾਨ ਆਦਿੱਤਿਆ ਅਰਜੁਨ ਲਾਲਾਗੇ ਤੋਂ ਮਿਲੀ ਗੇਂਦ ’ਤੇ ਲਾਕੜਾ ਨੇ ਰਿਬਾਊਂਡ ਰਾਹੀਂ ਗੋਲ ਕਰਕੇ ਭਾਰਤ ਨੂੰ ਬਰਾਬਰੀ ਦਿਵਾਈ। ਆਖਰੀ ਕੁਆਰਟਰ ਵਿੱਚ ਭਾਰਤ ਨੇ ਆਪਣਾ ਦਬਦਬਾ ਕਾਇਮ ਰੱਖਿਆ। 48ਵੇਂ ਮਿੰਟ ਵਿੱਚ ਹਾਰਦਿਕ ਸਿੰਘ ਵੱਲੋਂ ਸ਼ਾਨਦਾਰ ਤਰੀਕੇ ਨਾਲ ਤਿਆਰ ਕੀਤੇ ਹਮਲੇ ’ਤੇ ਦਿਲਪ੍ਰੀਤ ਨੇ ਰਿਵਰਸ ਹਿੱਟ ਰਾਹੀਂ ਗੋਲ ਕਰਕੇ ਭਾਰਤ ਨੂੰ ਲੀਡ ਦਿਵਾ ਦਿੱਤੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਪੂਰੀ ਤਰ੍ਹਾਂ ਮੈਚ ’ਤੇ ਕਾਬੂ ਪਾ ਲਿਆ।

53ਵੇਂ ਮਿੰਟ ਵਿੱਚ ਜੁਗਰਾਜ ਸਿੰਘ ਨੇ ਭਾਰਤ ਦਾ ਤੀਜਾ ਪੈਨਲਟੀ ਕਾਰਨਰ ਸਫ਼ਲਤਾਪੂਰਵਕ ਗੋਲ ਵਿੱਚ ਬਦਲ ਦਿੱਤਾ। ਇਸ ਤੋਂ ਇਕ ਮਿੰਟ ਬਾਅਦ ਲਾਕੜਾ ਦੇ ਪਹਿਲੇ ਸ਼ਾਟ ਨੂੰ ਜਪਾਨੀ ਗੋਲਕੀਪਰ ਨੇ ਰੋਕਿਆ ਪਰ ਗੇਂਦ ਵਿਵੇਕ ਸਾਗਰ ਪ੍ਰਸਾਦ ਕੋਲ ਪਹੁੰਚ ਗਈ। ਉਸ ਨੇ ਸਰਕਲ ਦੇ ਉੱਪਰੋਂ ਜ਼ੋਰਦਾਰ ਸ਼ਾਟ ਲਾ ਕੇ ਭਾਰਤ ਦੀ ਜਿੱਤ ਯਕੀਨੀ ਬਣਾ ਦਿੱਤੀ। ਮੈਚ ਖ਼ਤਮ ਹੋਣ ਦੀ ਆਖਰੀ ਸੀਟੀ ਵੱਜਣ ਤੋਂ ਸਿਰਫ਼ 12 ਸਕਿੰਟ ਪਹਿਲਾਂ ਜਪਾਨ ਨੂੰ ਆਪਣਾ ਚੌਥਾ ਪੈਨਲਟੀ ਕਾਰਨਰ ਮਿਲਿਆ ਪਰ ਕਪਤਾਨ ਫੁਜੀਸ਼ਿਮਾ ਦਾ ਸ਼ਾਟ ਨਿਸ਼ਾਨੇ ਤੋਂ ਬਾਹਰ ਚਲਾ ਗਿਆ। ਇਸ ਤਰ੍ਹਾਂ ਭਾਰਤੀ ਟੀਮ ਪੂਰੇ ਟੂਰਨਾਮੈਂਟ ਵਿੱਚ ਜੇਤੂ ਰਹਿੰਦਿਆਂ ਚੈਂਪੀਅਨ ਬਣੀ।

Related posts

Iran Hijab Row: ਈਰਾਨ ‘ਚ ਹਿਜਾਬ ਵਿਵਾਦ ਗਰਮਾਇਆ, ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ‘ਚ 19 ਲੋਕਾਂ ਦੀ ਮੌਤ

On Punjab

ਵਿਵਾਦਾਂ ‘ਚ ਇਮਰਾਨ ਖ਼ਾਨ, ਤੋਹਫ਼ੇ ‘ਚ ਮਿਲਿਆ ਕੀਮਤੀ ਹਾਰ ਵੇਚਣ ਦਾ ਦੋਸ਼, ਜਾਂਚ ਸ਼ੁਰੂ

On Punjab

ਪਟਿਆਲਾ: ‘ਆਪ’ ਦੇ ਬਿਨਾਂ ਮੁਕਾਬਲਾ ਜੇਤੂ ਸੱਤ ਉਮੀਦਵਾਰ ਸਹੁੰ ਚੁੱਕ ਕੇ ਕੌਂਸਲਰ ਬਣੇ

On Punjab