ਜਗਰਾਓਂ: ਜਗਰਾਓਂ ਦੇ ਬਲਾਕ ਸਿੱਧਵਾਂ ਬੇਟ CHC ਹਸਪਤਾਲ ਦੀ SMO ਹਰਲੀਨ ਗਿੱਲ ਤੇ ਹਸਪਤਾਲ ਦਾ ਹੀ ਸੀਨੀਅਰ ਸਹਾਇਕ ਸਤਿੰਦਰ ਸਿੰਘ ਵਿਜੀਲੈਂਸ ਵਲੋਂ ਰਿਸ਼ਵਤ ਲੈਂਦੇ ਕਾਬੂ ਕੀਤੇ ਗਏ ਹਨ। ਦਰਅਸਲ ਹਸਪਤਾਲ ਵਿੱਚ ਆਡਿਟ ਕਰਨ ਦੇ ਮਾਮਲੇ ਵਿੱਚ ਹਸਪਤਾਲ ਦੇ ਮੁਲਾਜ਼ਮਾਂ ਤੋਂ ਰਿਸ਼ਵਤ ਲੈ ਰਹੇ ਸਨ। ਵਿਜੀਲੈਂਸ ਦੋਵਾਂ ਨੂੰ ਰਿਸ਼ਵਤ ਦੀ ਰਕਮ ਸਮੇਤ ਕਾਬੂ ਕਰਕੇ ਲੁਧਿਆਣਾ ਲੈ ਗਈ ਹੈ।
ਇਸ ਮੌਕੇ ਹਲਕਾ ਦਾਖਾ ਦੇ ‘ਆਪ’ ਇੰਚਾਰਜ KNS ਕੰਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੀਐਚਸੀ ਸਿੱਧਵਾਂ ਬੇਟ ਆਡਿਟ ਟੀਮ ਆਈ ਹੋਈ ਹੈ, ਜੋ ਕਿ ਆਡਿਟ ਕਰਨ ਦੇ ਬਦਲੇ ਰਿਸ਼ਵਤ ਦੀ ਡਿਮਾਂਡ ਕਰ ਰਹੇ ਸਨ, ਜਿਸ ਲਈ ਐਸਐਮਓ ਸਿੱਧਵਾਂ ਬੇਟ ਹਰਲੀਨ ਗਿੱਲ ਅਤੇ ਸੀਨੀਅਰ ਸਹਾਇਕ ਸਤਿੰਦਰ ਸਿੰਘ ਮੁਲਾਜ਼ਮਾਂ ਕੋਲੋਂ ਪੈਸੇ ਇਕੱਠੇ ਕਰ ਰਹੇ ਹਨ। ਕੁਝ ਮੁਲਾਜ਼ਮਾਂ ਵੱਲੋਂ ਬਲਾਕ ਪ੍ਰਧਾਨ ਬਲਕਾਰ ਸਿੰਘ ਸਿੱਧਵਾਂ ਬੇਟ ਨੂੰ ਦੱਸਿਆ ਗਿਆ, ਜਿਸ ’ਤੇ ਉਹਨਾਂ ਨੇ ਕੁਝ ਰਿਕਾਰਡਿੰਗਾਂ ਵੀ ਦਿੱਤੀਆਂ। ਇਹ ਸਾਰੀਆਂ ਰਿਕਾਰਡਿੰਗਾਂ ਅਤੇ ਜਾਣਕਾਰੀ ਡਾਕਟਰ ਕੰਗ ਵੱਲੋਂ ਐਸਐਸਪੀ ਵਿਜੀਲੈਂਸ ਲੁਧਿਆਣਾ ਨਾਲ ਸਾਂਝੀ ਕੀਤੀ ਗਈ। ਜਿਸ ’ਤੇ ਵਿਜੀਲੈਂਸ ਟੀਮ ਨੇ ਪੂਰੀ ਤਿਆਰੀ ਨਾਲ ਅੱਜ ਸੀਐਚਸੀ ਸਿੱਧਵਾਂ ਬੇਟ ਰੇਡ ਕੀਤੀ ਅਤੇ ਮੌਕੇ ਤੋਂ ਰਿਸ਼ਵਤ ਦੀ ਰਕਮ ਅਤੇ ਅਧਿਕਾਰੀ ਗ੍ਰਿਫਤਾਰ ਕਰ ਲਏ ਗਏ। ਡਾਕਟਰ ਕੰਗ ਵੱਲੋਂ ਕਿਹਾ ਗਿਆ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੋ ਅਫਸਰ ਸਰਕਾਰ ਦੀ ਇਮੇਜ ਨੂੰ ਖਰਾਬ ਕਰਨ ਵਿੱਚ ਲੱਗੇ ਹੋਏ ਹਨ, ਉਹਨਾਂ ’ਤੇ ਇਸੇ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।

