83.53 F
New York, US
June 29, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਚਾਰ ਪੀੜ੍ਹੀਆਂ ਦਾ ਹਰਮਨਪਿਆਰਾ ਗਾਇਕ ਮੁਹੰਮਦ ਸਦੀਕ

ਪੰਜਾਬੀ ਗਾਇਕ- ਛੋਟਾ ਕੱਦ, ਗਠੀਲਾ ਸਰੀਰ ਤੇ ਪੱਕਾ ਰੰਗ ਕਦੇ ਵੀ ਮੁਹੰਮਦ ਸਦੀਕ ਦੀ ਪਛਾਣ ਨਹੀਂ ਬਣੇ ਸਗੋਂ ਉਸ ਦੀ ਸੱਭਿਅਕ ਗਾਇਕੀ ਤੇ ਦਿਲਕਸ਼ ਅਦਾਵਾਂ ਨੇ ਉਸ ਦੀ ਸ਼ਖ਼ਸੀਅਤ ਨੂੰ ਇੰਨਾ ਨਿਖਾਰ ਦਿੱਤਾ ਕਿ ਦੁਨੀਆ ਭਰ ’ਚ ਵਸਦੇ ਪੰਜਾਬੀ ਉਸ ਨੂੰ ਆਪਣਾ ਗਾਇਕ ਕਹਿਣ ’ਚ ਫਖ਼ਰ ਮਹਿਸੂਸ ਕਰਦੇ ਹਨ। ਉਸ ਨੇ ਗਾਇਕੀ ਦੇ ਨਾਲ-ਨਾਲ ਫਿਲਮਾਂ ’ਚ ਵੀ ਨਾਮਣਾ ਖੱਟਿਆ ਹੈ ਤੇ ਰਾਜਨੀਤੀ ’ਚ ਵੀ। ਉਸ ਦੀ ਗਾਇਕੀ ਬਾਰੇ ਧਾਰਨਾ ਬਣ ਚੁੱਕੀ ਹੈ ਕਿ ਜਦੋਂ ਤੂੰਬੀ ਦੀ ਟੁਣਕਾਰ ਦੇ ਨਾਲ-ਨਾਲ ਉਸ ਦੀ ਪੱਗ ਦਾ ਤੁਰਲਾ ਹਿੱਲਣ ਲੱਗ ਜਾਂਦਾ ਹੈ ਤਾਂ ਸਮਝੋ ਉਹ ਆਪਣੇ ਸਾਜ਼ੀਆਂ ਨਾਲ ਇਕਸੁਰ ਹੋ ਗਿਆ ਹੈ। ਪੰਜਾਬੀਆਂ ਦੀਆਂ ਚਾਰ ਪੀੜ੍ਹੀਆਂ ਦਾ ਮਨੋਰੰਜਨ ਕਰਨ ਵਾਲੇ ਇਸ ਯੁੱਗ ਗਾਇਕ ਨਾਲ ਪਿਛਲੇ ਦਿਨੀਂ ਇੱਕ ਰੂਬੁਰੂ ਸਮਾਗਮ ਦੌਰਾਨ ਖੁੱਲ੍ਹੀਆਂ ਗੱਲਾਂ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਉਸ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਅਣਛੋਹੇ ਪਲ ਸਾਂਝੇ ਕੀਤੇ।

ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਬਾਰੇ ਮੁਹੰਮਦ ਸਦੀਕ ਦੱਸਦਾ ਹੈ ਕਿ ‘ਲੋੜ ਕਾਢ ਦੀ ਮਾਂ ਹੈ’ ਵਾਲੀ ਕਹਾਵਤ ਨੇ ਉਸ ਨੂੰ ਗਾਇਕੀ ਵੱਲ ਤੋਰਿਆ। ਘਰ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਸਨ ਕਿ ਉਸ ਨੂੰ ਬਚਪਨ ਤੋਂ ਹੀ ਪੜ੍ਹਾਈ ਦੇ ਨਾਲ-ਨਾਲ ਰੋਜ਼ੀ-ਰੋਟੀ ਲਈ ਮਾਪਿਆਂ ਨਾਲ ਹੱਥ ਵਟਾਉਣਾ ਪਿਆ। ਉਹ ਸਕੂਲ ਦੀ ਸਭਾ ’ਚ ਹਰ ਸ਼ਨਿਚਰਵਾਰ ਕੋਈ ਨਾ ਕੋਈ ਗੀਤ ਗਾਉਂਦਾ। ਅਧਿਆਪਕਾਂ ਤੇ ਸਾਥੀਆਂ ਵੱਲੋਂ ਭਰਪੂਰ ਹੱਲਾਸ਼ੇਰੀ ਮਿਲਦੀ ਜਿਸ ਨਾਲ ਉਹ ਅਗਲੀ ਵਾਰ ਹੋਰ ਮਿਹਨਤ ਨਾਲ ਗਾਉਣ ਦੀ ਤਿਆਰੀ ਕਰਕੇ ਆਉਂਦਾ। ਜਦੋਂ ਉਸ ਵੇਲੇ ਪੈਪਸੂ ਦੇ ਮੁੱਖ ਮੰਤਰੀ ਬਾਬੂ ਬ੍ਰਿਸ਼ ਭਾਨ ਉਨ੍ਹਾਂ ਦੇ ਪਿੰਡ ਕੁੱਪ ਕਲਾਂ ਵਿਖੇ ਆਏ ਤਾਂ ਅਧਿਆਪਕਾਂ ਦੇ ਕਹਿਣ ’ਤੇ ਸਦੀਕ ਨੂੰ ਉਨ੍ਹਾਂ ਸਾਹਮਣੇ ਗਾਉਣ ਦਾ ਮੌਕਾ ਮਿਲਿਆ। ਉਹ ਬੱਚਾ ਹੋਣ ਕਰਕੇ ਭੈਅ ਤੇ ਸੰਗ ਤੋਂ ਮੁਕਤ ਸੀ। ਮੁੱਖ ਮੰਤਰੀ ਦੀ ਹਾਜ਼ਰੀ ’ਚ ਉਸ ਨੇ ਜਦੋਂ ਮੁਹੰਮਦ ਰਫੀ ਦਾ ਗਾਇਆ ਗੀਤ ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ’ ਦਾ ਗਾਇਆ ਤਾਂ ਮੁੱਖ ਮੰਤਰੀ ਨੇ ਖ਼ੁਸ਼ ਹੋ ਕੇ ਸੌ ਰੁਪਏ ਦਾ ਨੋਟ ਇਨਾਮ ’ਚ ਦਿੱਤਾ। ਉਸ ਵੇਲੇ ਇੱਕ ਰੁਪਏ ਦਾ ਇਨਾਮ ਵੀ ਵੱਡਾ ਸਮਝਿਆ ਜਾਂਦਾ ਸੀ ਤੇ ਉੁਸ ਨੂੰ ਸੌ ਗੁਣਾ ਵੱਡਾ ਇਨਾਮ ਮਿਲਿਆ।

ਉਸ ਵੇਲੇ ਅਨੁਸਾਰ ਬਾਲਕ ਸਦੀਕ ਨੂੰ ਬਹੁਤ ਵੱਡਾ ਇਨਾਮ ਮਿਲਣ ਕਾਰਨ ਇਲਾਕੇ ’ਚ ਉਸ ਦੀ ਪਛਾਣ ਹੋ ਗਈ, ਪਰ ਉਹ ਇਸ ਪ੍ਰਸਿੱਧੀ ਬਾਰੇ ਬੇਖ਼ਬਰ ਸੀ। ਉਹ ਦੱਸਦਾ ਹੈ ਕਿ ਇਹ ਨੋਟ ਜਦੋਂ ਉਸ ਨੇ ਆਪਣੀ ਮਾਂ ਨੂੰ ਫੜਾਇਆ ਤਾਂ ਉਹ ਕਿੰਨਾ ਚਿਰ ਨੋਟ ਨੂੰ ਦੇਖੀ ਗਈ ਤੇ ਉਸ ਨੂੰ ਆਂਢਣਾਂ-ਗੁਆਂਢਣਾਂ ਨੇ ਵਧਾਈਆਂ ਦਿੱਤੀਆਂ ਤੇ ਕਿਹਾ, ‘‘ਤੇਰਾ ਪੁੱਤ ਸਦੀਕਾ ਤਾਂ ਜੰਮਦਾ ਹੀ ਕਮਾਉਣ ਲੱਗ ਗਿਆ।’’ ਇਸ ਘਟਨਾ ਤੋਂ ਬਾਅਦ ਸਦੀਕੇ ਦੇ ਮਾਪਿਆਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਦੇ ਪੁੱਤ ਲਈ ਚਾਰ ਪੈਸੇ ਕਮਾਉਣ ਦਾ ਸਭ ਤੋਂ ਵਧੀਆ ਤੇ ਸੌਖਾ ਸਾਧਨ ਗਾਇਕੀ ਹੈ। ਥੋੜ੍ਹੇ ਹੀ ਸਮੇਂ ਬਾਅਦ ਜਿਉਂ ਹੀ ਉਸ ਨੇ ਪੰਜਵੀਂ ਜਮਾਤ ਪਾਸ ਕੀਤੀ ਤਾਂ ਮਾਪਿਆਂ ਨੇ ਮਾਲੇਰਕੋਟਲਾ ਵਿਖੇ ਪਟਿਆਲਾ ਘਰਾਣੇ ਦੇ ਉਸਤਾਦ ਜ਼ਾਕਿਰ ਹੁਸੈਨ ਕੋਲ ਸੰਗੀਤ ਦੀ ਤਾਲੀਮ ਲੈਣ ਲਈ ਭੇਜ ਦਿੱਤਾ। ਸਦੀਕ ਨੇ ਕਾਫ਼ੀ ਸਮਾਂ ਸੰਗੀਤ ਦੀ ਸਿੱਖਿਆ ਲਈ, ਪਰ ਇਹ ਪ੍ਰਪੱਕਤਾ ਦੇ ਪੱਧਰ ਵਾਲੀ ਲੋੜ ਤੋਂ ਘੱਟ ਸੀ। ਘਰੇਲੂ ਮਜਬੂਰੀਆਂ ਕਾਰਨ ਉਹ ਵਾਪਸ ਪਿੰਡ ਆ ਗਿਆ, ਪਰ ਇਸ ਤੋਂ ਬਾਅਦ ਆਪਣੀ ਗਾਇਕੀ ਨੂੰ ਨਿਖਾਰਨ ਤੇ ਇਸ ’ਚ ਪ੍ਰਪੱਕਤਾ ਲਿਆਉਣ ਲਈ ਨਿਰੰਤਰ ਰਿਆਜ਼ ਕਰਨ ਲੱਗਾ।

ਗਾਇਕੀ ਦੇ ਕਮਾਈ ਦਾ ਸਾਧਨ ਬਣਨ ਦਾ ਕਿੱਸਾ ਇਸ ਤਰ੍ਹਾਂ ਹੈ ਕਿ ਉਨ੍ਹਾਂ ਦਿਨਾਂ ’ਚ ਉੱਤਰ ਪ੍ਰਦੇਸ਼ ਦੀਆਂ ਨਾਟਕ ਮੰਡਲੀਆਂ ਪੰਜਾਬ ’ਚ ਰਾਮਲੀਲਾ ਤੇ ਹੋਰ ਨਾਟਕ ਕਰਨ ਲਈ ਆਉਂਦੀਆਂ ਸਨ। ਉਨ੍ਹਾਂ ਦੇ ਪਿੰਡ ਕੁੱਪ ਕਲਾਂ ਵਿਖੇ ਅਜਿਹੀ ਮੰਡਲੀ ਜਦੋਂ ਆਪਣੀ ਪੇਸ਼ਕਾਰੀ ਦੇਣ ਆਈ ਤਾਂ ਕਿਸੇ ਨੇ ਉਨ੍ਹਾਂ ਨੂੰ ਮੁਹੰਮਦ ਸਦੀਕ ਦੀ ਗਾਇਕੀ ਬਾਰੇ ਦੱਸਿਆ। ਇਸ ਤਰ੍ਹਾਂ ਮੰਡਲੀ ਵਾਲਿਆਂ ਨੇ ਉਸ ਨੂੰ ਸਟੇਜ ’ਤੇ ਗਾਉਣ ਦਾ ਮੌਕਾ ਦਿੱਤਾ ਤਾਂ ਉਨ੍ਹਾਂ ਦੀ ਨਜ਼ਰ ’ਚ ਸਦੀਕਾ ਵਧੀਆ ਗਾਇਕ ਸਾਬਤ ਹੋਇਆ ਤੇ ਉਨ੍ਹਾਂ ਨੇ ਉਸ ਨੂੰ ਪੰਦਰਾਂ ਰੁਪਏ ਪ੍ਰਤੀ ਮਹੀਨਾ ਦੇ ਮਿਹਨਤਾਨੇ ’ਤੇ ਆਪਣੀ ਟੀਮ ’ਚ ਸ਼ਾਮਲ ਕਰ ਲਿਆ। ਉਸ ਸਮੇਂ ਇਹ ਰਾਸ਼ੀ ਚੋਖੀ ਮੰਨੀ ਜਾਂਦੀ ਸੀ, ਉਹ ਵੀ ਇੱਕ ਬੱਚੇ ਲਈ। ਉਹ 7-8 ਸਾਲ ਮੰਡਲੀ ਦੇ ਪ੍ਰੋਗਰਾਮਾਂ ’ਚ ਗਾਉਂਦਾ ਤੇ ਛੋਟੇ-ਛੋਟੇ ਰੋਲ ਵੀ ਕਰਦਾ ਰਿਹਾ।

ਮੁਹੰਮਦ ਸਦੀਕ ਉਂਗਲਾਂ ’ਤੇ ਗਿਣੇ ਜਾਣ ਵਾਲੇ ਕੁਝ ਸ਼ੁੱਧ ਉਚਾਰਨ ਵਾਲੇ ਪੰਜਾਬੀ ਗਾਇਕਾਂ ’ਚ ਸ਼ਾਮਲ ਹੈ। ਇਸ ਮੁਹਾਰਤ ਬਾਰੇ ਸਦੀਕ ਦੱਸਦਾ ਹੈ ਕਿ ਉਸ ਨੂੰ ਇੱਕ ਵਾਰ ਅੰਬਾਲੇ ਦੇ ਇੱਕ ਕਲੱਬ ਦੇ ਮੈਨੇਜਰ ਨੇ ‘ਲੈਲਾ-ਮਜਨੂੰ’ ਨਾਟਕ ’ਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਤਾਂ ਮੈਂ ਕਿਹਾ ‘ਜਰੂਰ’ ਕਰਾਂਗਾ। ਮੇਰਾ ਸ਼ਬਦ ‘ਜਰੂਰ’ ਸੁਣਦਿਆਂ ਹੀ ਮੈਨੇਜਰ ਨੇ ਮੈਨੂੰ ਉਚਾਰਨ ਠੀਕ ਨਾ ਹੋਣ ਕਰਕੇ, ਕੰਮ ਕਰਵਾਉਣ ਤੋਂ ਜੁਆਬ ਦੇ ਦਿੱਤਾ। ਇਸ ਘਟਨਾ ਨੇ ਉਸ ਦੇ ਜੀਵਨ ’ਚ ਨਵਾਂ ਮੋੜ ਲਿਆਂਦਾ ਤੇ ਇਸ ਘਾਟ ਨੂੰ ਦੂਰ ਕਰਨ ਲਈ ਉਸ ਨੇ ਉੱਚਕੋਟੀ ਦਾ ਪੰਜਾਬੀ ਸਾਹਿਤ ਪੜਨਾ ਸ਼ੁਰੂ ਕਰ ਦਿੱਤਾ, ਜਿਸ ਨੇ ਉਸ ਦੇ ਉਚਾਰਨ ਨੂੰ ਵੀ ਸੁਧਾਰਿਆ ਤੇ ਪੰਜਾਬੀ ਜਨਜੀਵਨ ਨੂੰ ਨੇੜਿਓਂ ਜਾਣਨ ਦਾ ਮੌਕਾ ਵੀ ਦਿੱਤਾ।

ਬੀਬਾ ਰਣਜੀਤ ਕੌਰ ਨਾਲ ਜੋੜੀ ਬਣਾਉਣ ਬਾਰੇ ਸਦੀਕ ਨੇ ਦੱਸਿਆ ਕਿ ਇੱਕ ਵਾਰ ਉਹ ਦਿੱਲੀ ਵਿਖੇ ਬਾਬੂ ਸੰਤ ਰਾਮ ਦੇ ਸਟੂਡੀਓ ’ਚ ਗੀਤ ਰਿਕਾਰਡ ਕਰਵਾ ਰਹੇ ਸਨ ਤੇ ਬੀਬਾ ਰਣਜੀਤ ਕੌਰ ਵੀ ਉੱਥੇ ਰਾਜਿੰਦਰ ਰਾਜਨ ਨਾਲ ਗੀਤ ਰਿਕਾਰਡ ਕਰਵਾਉਣ ਆਏ ਸਨ। ਉਸ ਨੂੰ ਉਨ੍ਹਾਂ ਦੀ ਆਵਾਜ਼ ਤੇ ਗਾਇਕੀ ਬਹੁਤ ਚੰਗੀ ਲੱਗੀ। ਇਸ ਤੋਂ ਬਾਅਦ ਉਹ ਇਕੱਠੇ ਗਾਉਣ ਲੱਗੇ। ਇਸੇ ਦੌਰਾਨ ਇਸ ਜੋੜੀ ਦਾ ਨਾਮਵਰ ਗੀਤਕਾਰ ਬਾਬੂ ਸਿੰਘ ਮਾਨ ਨਾਲ ਮੇਲ ਹੋ ਗਿਆ। ਇਹ ਜੋੜੀ ਇਸ ਗੀਤਕਾਰ ਦੇ ਲਿਖੇ ਗੀਤਾਂ ਨੂੰ ਆਪਣੀਆਂ ਅਦਾਵਾਂ ਨਾਲ ਇੰਨਾ ਵਧੀਆ ਨਿਭਾਉਂਦੀ ਕਿ ਉਹ ਲੋਕਾਂ ਦੇ ਮਨਾਂ ’ਚ ਘਰ ਕਰ ਜਾਂਦੇ। ਲੋਕਾਂ ਨੇ ਇਨ੍ਹਾਂ ਨੂੰ ਇੰਨਾ ਹੁੰਗਾਰਾ ਦਿੱਤਾ ਕਿ ਤਕਰੀਬਨ ਤਿੰਨ-ਚਾਰ ਦਹਾਕੇ ਇਸ ਤਿੱਕੜੀ ਨੇ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ।

ਮੁਹੰਮਦ ਸਦੀਕ ਨੇ ਕੁਝ ਸਮਾਂ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ’ਚ ਨੌਕਰੀ ਵੀ ਕੀਤੀ। ਉਸ ਨੇ ਕਈ ਸਾਲ ਨੌਕਰੀ ਕਰਦਿਆਂ ਦੇਖਿਆ ਕਿ ਉਸ ਤੋਂ ਬਾਅਦ ’ਚ ਨੌਕਰੀ ’ਚ ਆਏ ਸੱਜਣ ਤਰੱਕੀਆਂ ਪਾ ਕੇ ਉਸ ਤੋਂ ਅੱਗੇ ਲੰਘ ਗਏ। ਇਸ ਦਾ ਕਾਰਨ ਸੀ ਕਿ ਉਹ ਸਿਰਫ਼ ਪੰਜਵੀਂ ਜਮਾਤ ਤੱਕ ਹੀ ਪੜ੍ਹਿਆ ਸੀ। ਉਸ ਨੇ ਸੋਚਿਆ ਕਿ ਮੈਟ੍ਰਿਕ ਪਾਸ ਨਾ ਹੋਣ ਕਰਕੇ ਉਹ ਤਰੱਕੀ ਨਹੀਂ ਕਰ ਸਕਦਾ ਤੇ ਨੌਕਰੀ ਛੱਡ ਕੇ ਕੁਲਵਕਤੀ ਗਾਇਕ ਵਜੋਂ ਮੈਦਾਨ ’ਚ ਕੁੱਦਣ ਦਾ ਫ਼ੈਸਲਾ ਕੀਤਾ। ਨੌਕਰੀ ਛੱਡਣ ਵੇਲੇ ਹੀ ਉਸ ਨੇ ਪ੍ਰਣ ਕਰ ਲਿਆ ਸੀ ਕਿ ਉਹ ਆਪਣੀ ਔਲਾਦ ਦੀ ਪੜ੍ਹਾਈ ’ਚ ਕੋਈ ਕਸਰ ਨਹੀਂ ਛੱਡੇਗਾ। ਇਸੇ ਕਰਕੇ ਹੀ ਉਸ ਨੇ ਆਪਣੀਆਂ ਛੇ ਦੀਆਂ ਛੇ ਧੀਆਂ ਨੂੰ ਉਚੇਰੀ ਪੜ੍ਹਾਈ ਕਰਵਾਈ, ਜਿਸ ਸਦਕਾ ਉਨ੍ਹਾਂ ’ਚੋਂ ਇੱਕ ਪ੍ਰਿੰਸੀਪਲ, ਇੱਕ ਡਾਕਟਰ, ਇੱਕ ਸੁਪਰਡੈਂਟ ਤੇ ਬਾਕੀ ਵੀ ਵਧੀਆ ਨੌਕਰੀਆਂ ਕਰ ਰਹੀਆਂ ਹਨ।

ਇੱਕ ਵਾਰ ਅਖਾੜੇ ਦੌਰਾਨ ਇੱਕ ਪਿੰਡ ’ਚ ਇੱਕ ਬਜ਼ੁਰਗ ਨੇ ਮੰਗ ਕੀਤੀ ਕਿ ਉਹ ਮਲਕੀ-ਕੀਮਾ ਸੁਣਾਉਣ, ਪਰ ਉਹ ਇਹ ਗੀਤ ਗਾਉਂਦਾ ਨਹੀਂ ਸੀ। ਇਹ ਜੁਆਬ ਸੁਣ ਕੇ ਬਜ਼ੁਰਗ ਨੇ ਕਿਹਾ, ‘‘ਉਹ ਕਾਹਦਾ ਗਾਇਕ ਏ ਜਿਸ ਨੂੰ ਮਲਕੀ-ਕੀਮਾ ਗਾਉਣਾ ਨਹੀਂ ਆਉਂਦਾ।’’ ਸਦੀਕ ਉਸੇ ਦਿਨ ਲੁਧਿਆਣੇ ਇੱਕ ਕਿਤਾਬਾਂ ਵਾਲੀ ਦੁਕਾਨ ’ਤੇ ਜਾ ਕੇ ਸੋਹਣ ਸਿੰਘ ਸੀਤਲ ਦਾ ਲਿਖਿਆ ‘ਮਲਕੀ-ਕੀਮਾ’ ਦਾ ਕਿੱਸਾ ਲਿਆਇਆ ਤੇ ਤਿਆਰੀ ਸ਼ੁਰੂ ਕਰ ਦਿੱਤੀ। ਇਸ ਗੀਤ ਨੂੰ ਰਿਕਾਰਡ ਕਰਵਾਉਣ/ਗਾਉਣ ਲਈ ਉਹ ਇਕਰਾਰਨਾਮਾ ਕਰਨ ਵਾਸਤੇ ਸੀਤਲ ਸਾਹਿਬ ਕੋਲ ਗਿਆ ਤਾਂ ਉਨ੍ਹਾਂ ਨੇ ਉਸ ਤੋਂ ਇਹ ਗੀਤ ਸੁਣਿਆ, ਪਰ ਬਹੁਤੀ ਦਿਲਚਸਪੀ ਨਾ ਦਿਖਾਉਂਦੇ ਹੋਏ ਕਿਹਾ ਕਿ ਇਕਰਾਰਨਾਮੇ ਵਾਲੇ ਕਾਗਜ਼ ਉਨ੍ਹਾਂ ਕੋਲ ਛੱਡ ਦੇਵੇ ਤੇ ਉਹ ਬਾਅਦ ’ਚ ਸੋਚ ਕੇ ਦੱਸਣਗੇ। ਸਦੀਕ ਦਾ ਮਨ ਬੜਾ ਬੇਚੈਨ ਹੋਇਆ ਕਿ ਉਸ ਨੇ ਤਾਂ ਗੀਤ ਵੀ ਤਿਆਰ ਕਰ ਲਿਆ ਹੈ। ਇਸੇ ਦੌਰਾਨ ਹੀ ਜਲੰਧਰ ਦੂਰਦਰਸ਼ਨ ਦੇ ਇੱਕ ਸਮਾਗਮ ਦੌਰਾਨ ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਆਏ। ਉਸ ਸਮਾਗਮ ਦੌਰਾਨ ਸਦੀਕ ਤੇ ਬੀਬਾ ਰਣਜੀਤ ਕੌਰ ਨੇ ‘ਮਲਕੀ-ਕੀਮਾ’ ਗੀਤ ਗਾਇਆ ਤਾਂ ਪ੍ਰਧਾਨ ਮੰਤਰੀ ਸਮੇਤ ਲੋਕਾਂ ਨੇ ਬਹੁਤ ਪਿਆਰ ਦਿੱਤਾ। ਇਸੇ ਸਮਾਗਮ ਦੀ ਸਟੇਜ ’ਤੇ ਸੋਹਣ ਸਿੰਘ ਸੀਤਲ ਵੀ ਬੈਠੇ ਸਨ। ਜਦੋਂ ਪ੍ਰੋਗਰਾਮ ਖ਼ਤਮ ਹੋਇਆ ਤਾਂ ਉਨ੍ਹਾਂ ਨੇ ਸਟੇਜ ਤੋਂ ਉਤਰ ਕੇ ਸਦੀਕ ਨੂੰ ਜੱਫੀ ਪਾ ਲਈ ਤੇ ਕਹਿੰਦੇ ਅੱਜ ਬਹੁਤ ਸੋਹਣਾ ਗਾਇਆ ਏ। ਹਾਜ਼ਰ ਜੁਆਬ ਸਦੀਕ ਨੇ ਕਿਹਾ ਕਿ ਉਸ ਦਿਨ ਬੀਬਾ ਜੀ ਨਾਲ ਨਹੀਂ ਸਨ। ਇਸ ਤਰ੍ਹਾਂ ਸੀਤਲ ਸਾਹਿਬ ਨੇ ਸਦੀਕ ਨੂੰ ਇਹ ਅਮਰ ਗੀਤ ਗਾਉਣ ਤੇ ਰਿਕਾਰਡ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ।

ਆਪਣੇ ਇੱਕ ਹੋਰ ਚਰਚਿਤ ਗੀਤ ‘ਸੌ ਦਾ ਨੋਟ’ ਬਾਰੇ ਸਦੀਕ ਦੱਸਦਾ ਹੈ ਕਿ ਇਹ ਗੀਤ ਜੇਲ੍ਹ ਵਾਰਡਨ ਦੀ ਨੌਕਰੀ ਕਰਦੇ ਨੌਜਵਾਨ ਨੇ ਲਿਖਿਆ ਸੀ। ਉਹ ਬਹੁਤ ਸਾਰੇ ਕਲਾਕਾਰਾਂ ਕੋਲ ਲੈ ਕੇ ਗਿਆ, ਪਰ ਸਭ ਤੋਂ ਜੁਆਬ ਮਿਲਿਆ। ਆਖ਼ਿਰ ਉਸ ਨੇ ਇਹ ਗੀਤ ਰੱਖ ਲਿਆ ਤੇ 1986 ’ਚ ਰਿਕਾਰਡ ਕਰਵਾਇਆ। ਇਸ ਗੀਤ ਦੀ ਪੇਸ਼ਕਾਰੀ ਦੌਰਾਨ ਉਨ੍ਹਾਂ ਦੀ ਜੋੜੀ ਵੱਲੋਂ ਦਿਖਾਈਆਂ ਜਾਂਦੀਆਂ ਅਦਾਵਾਂ ਨੇ ਅੱਜ ਤੱਕ ਇਸ ਗੀਤ ਨੂੰ ਹਰ ਅਖਾੜੇ ਦੀ ਮੰਗ ਬਣਾਇਆ ਹੋਇਆ ਹੈ। ਇਸੇ ਤਰ੍ਹਾਂ ਹੀ ਬਾਬੂ ਸਿੰਘ ਮਾਨ ਦਾ ਲਿਖਿਆ ਗੀਤ ‘ਸੁੱਚਾ ਸੂਰਮਾ’ ਸਦੀਕ ਨੇ ਦਿੱਲੀ ਦੇ ਇੱਕ ਅਜਿਹੇ ਸਟੂਡੀਓ ’ਚ ਰਿਕਾਰਡ ਕਰਵਾਇਆ ਜਿੱਥੇ ਏਸੀ ਨਹੀਂ ਸੀ। ਗਰਮੀ ਦੇ ਮੌਸਮ ’ਚ ਮੁੜਕੋ-ਮੁੜਕੀ ਹੋਣ ਕਰਕੇ ਉਸ ਨੇ ਇਹ ਗੀਤ ਕੱਪੜੇ ਉਤਾਰਕੇ ਰਿਕਾਰਡ ਕਰਵਾਇਆ। ਜਦੋਂ ਇਹ ਗੀਤ ਮਾਰਕੀਟ ’ਚ ਆਇਆ ਤਾਂ ਉਸ ਵੇਲੇ ਇੱਕ ਰੁਪਏ ਦਾ ਇਨਾਮ ਬਹੁਤ ਵੱਡਾ ਹੁੰਦਾ ਸੀ, ਪਰ ਲੋਕਾਂ ਨੇ ਇਸ ਗੀਤ ਤੋਂ ਖ਼ੁਸ਼ ਹੋ ਕੇ ਸੌ-ਸੌ ਦੇ ਨੋਟ ਵੀ ਇਨਾਮ ’ਚ ਦੇਣੇੇ। ਸਦੀਕ ਜਦੋਂ ਇਹ ਗੀਤ ਗਾਉਂਦਾ ਤਾਂ ਇੰਨੇ ਜਲੌਅ ’ਚ ਆ ਜਾਂਦਾ ਕਿ ਸੌ ਰੁਪਏ ਦਾ ਨੋਟ ਵੀ ਨਹੀਂ ਫੜਦਾ ਸੀ ਕਿਉਂਕਿ ਉਹ ਮਹਿਸੂਸ ਕਰਦਾ ਸੀ ਕਿ ਜੇ ਉਹ ਇਨਾਮ ਫੜਨ ਲੱਗ ਗਿਆ ਤਾਂ ਸੁੱਚਾ ਸੂਰਮਾ ਮਰ ਜਾਵੇਗਾ।

ਸਦੀਕ ਦੀ ਫਿਲਮਾਂ ’ਚ ਕੰਮ ਕਰਨ ਦੀ ਸ਼ੁਰੂਆਤ ਵੀ ਬੜੀ ਰੌਚਕ ਤਰੀਕੇ ਨਾਲ ਹੋਈ। ਇੱਕ ਵਾਰ ਜ਼ਿਲ੍ਹਾ ਬਠਿੰਡੇ ਦੇ ਇੱਕ ਪਿੰਡ ’ਚ ਉਹ ਅਖਾੜਾ ਲਗਾਉਣ ਗਏ ਤਾਂ ਰਾਮਪੁਰਾ ਫੂਲ ਦੇ ਇੱਕ ਟਰਾਂਸਪੋਰਟਰ ਦੀਆਂ ਬੱਸਾਂ ਟੀਪੀਡੀ ਕਾਲਜ ਰਾਮਪੁਰਾ ਤੋਂ ਅਖਾੜੇ ਵਾਲੇ ਪਿੰਡ ਲਈ ਵਿਦਿਆਰਥੀਆਂ ਨੂੰ ਢੋਣ ਲਈ ਤਿੰਨ ਗੇੜੇ ਲਗਾ ਆਈਆਂ, ਪਰ ਅਖਾੜਾ ਸੁਣਨ ਦੇ ਸ਼ੌਕੀਨ ਕਾਲਜ ਦੇ ਹੋਰ ਵਿਦਿਆਰਥੀ ਅਜੇ ਵੀ ਖੜ੍ਹੇ ਸਨ। ਬੱਸਾਂ ਦੇ ਮਾਲਕ ਨੇ ਆਪਣੇ ਡਰਾਈਵਰਾਂ ਨੂੰ ਪੁੱਛਿਆ ਕਿ ਏਨੇ ਮੁੰਡੇ ਕਿੱਥੇ ਤੇ ਕਿਉਂ ਜਾ ਰਹੇ ਹਨ ਤਾਂ ਡਰਾਈਵਰਾਂ ਨੇ ਦੱਸਿਆ ਕਿ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਅਖਾੜਾ ਸੁਣਨ ਜਾ ਰਹੇ ਹਨ। ਬੱਸਾਂ ਦਾ ਮਾਲਕ ਜੋ ਐੱਸ.ਡੀ.ਓ. ਵੀ ਸੀ ਨੇ ਕਿਹਾ ਕਿ ਸਦੀਕ ਨੂੰ ਸੁਨੇਹਾ ਲਗਾ ਕੇ ਆਓ ਕਿ ਉਹ ਪ੍ਰੋਗਰਾਮ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਕੋਲ ਖਾਣਾ ਖਾ ਕੇ ਜਾਣ। ਸਦੀਕ ਹੋਰੀਂ ਦੁਚਿੱਤੀ ’ਚ ਟਰਾਂਸਪੋਰਟਰ ਦੇ ਘਰ ਪਹੁੰਚ ਗਏ। ਖਾਣਾ ਖਾਣ ਸਮੇਂ ਟਰਾਂਸਪੋਰਟਰ ਨੇ ਸਲਾਹ ਦਿੱਤੀ ਕਿ ਉਹ ਲੋਕਾਂ ’ਚ ਇੰਨੇ ਪ੍ਰਵਾਨਿਤ ਹਨ, ਉਹ ਕੋਈ ਫਿਲਮ ਕਿਉਂ ਨਹੀਂ ਬਣਾ ਲੈਂਦੇ? ਇਸ ਗੱਲ ਨੇ ਸਦੀਕ ਨੂੰ ਫਿਲਮ ਬਣਾਉਣ ਵਾਲੇ ਪਾਸੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕਰ ਦਿੱਤਾ। ਥੋੜ੍ਹੇ ਦਿਨਾਂ ਬਾਅਦ ਹੀ ਉਸ ਵੇਲੇ ਪੰਜਾਬੀ ਫਿਲਮਾਂ ਦੇ ਨਾਇਕ ਤੇ ਨਿਰਮਾਤਾ ਵਰਿੰਦਰ ਲੁਧਿਆਣੇ ਗਾਇਕਾ ਨਰਿੰਦਰ ਬੀਬਾ ਦੇ ਘਰ ਆਏ ਹੋਏ ਸਨ ਤੇ ਬੀਬਾ ਜੀ ਨੇ ਸਦੀਕ ਨੂੰ ਇਸ ਮੌਕੇ ’ਤੇ ਆਉਣ ਦਾ ਸੱਦਾ ਦਿੱਤਾ। ਵਰਿੰਦਰ, ਸਦੀਕ ਨੂੰ ਨਹੀਂ ਜਾਣਦਾ ਸੀ। ਸਦੀਕ ਨੇ ਵਰਿੰਦਰ ਨੂੰ ਪੁੱਛਿਆ ਕਿ ਪੰਜਾਬੀ ਫਿਲਮ ਕਿੰਨੇ ਕੁ ’ਚ ਬਣ ਜਾਂਦੀ ਹੈ ਤਾਂ ਉਸ ਨੇ ਦੱਸਿਆ ਕਿ ਇੱਕ ਲੱਖ ਰੁਪਏ ’ਚ ਬਣ ਜਾਂਦੀ ਹੈ। ਸਦੀਕ ਹੋਰਾਂ ਨੇ ਬਾਬੂ ਸਿੰਘ ਮਾਨ ਨਾਲ ਗੱਲ ਕੀਤੀ ਤੇ ਚਾਰ ਜਣਿਆਂ ਨੇ 25-25 ਹਜ਼ਾਰ ਰੁਪਏ ਪਾ ਕੇ ‘ਸੈਦਾ ਜੋਗਨ’ ਫਿਲਮ ਬਣਾਈ ਜੋ ਬਹੁਤ ਹਿੱਟ ਰਹੀ। ਇਸ ਤਰ੍ਹਾਂ ਸਦੀਕ ਦਾ ਵੱਡੇ ਪਰਦੇ ’ਤੇ ਸਫ਼ਰ ਸ਼ੁਰੂ ਹੋ ਗਿਆ। ਸਦੀਕ ਵੱਲੋਂ ਫਿਲਮ ‘ਪੁੱਤ ਜੱਟਾਂ ਦੇ’ ’ਚ ਨਿਭਾਇਆ ਚਤਰੇ ਦਾ ਕਿਰਦਾਰ ਲੋਕਾਂ ਨੂੰ ਅੱਜ ਵੀ ਯਾਦ ਹੈ। ਉਸ ਨੂੰ ਲੋਕ ਪੰਜਾਬੀ ਸਿਨੇਮਾ ਦਾ ਗੱਬਰ ਸਿੰਘ ਵੀ ਕਹਿੰਦੇ ਹਨ।

ਦੋਗਾਣਾ ਗਾਇਕੀ ਦੇ ਖੇਤਰ ’ਚ ਅਪਾਰ ਸਫਲਤਾ ਮਿਲਣ ਬਾਰੇ ਸਦੀਕ ਦਾ ਕਹਿਣਾ ਹੈ ਕਿ ਅਖਾੜੇ ਦੀ ਗਾਇਕੀ ਚਾਰ ਕਲਾਵਾਂ ਦਾ ਸੁਮੇਲ ਹੁੰਦੀ ਹੈ, ਗਾਇਕੀ, ਸ਼ਾਇਰੀ, ਸੰਗੀਤ ਤੇ ਅਦਾਵਾਂ। ਉਹ ਆਪਣੇ ਆਲੇ-ਦੁਆਲੇ ਦੇ ਪਿੰਡਾਂ ’ਚ ਕਵੀਸ਼ਰਾਂ, ਢਾਡੀਆਂ ਤੇ ਨਕਲੀਏ ਦੇ ਅਖਾੜੇ ਦੇਖਦਾ-ਸੁਣਦਾ ਵੱਡਾ ਹੋਇਆ ਸੀ। ਉਨ੍ਹਾਂ ਤੋਂ ਹੀ ਸਿੱਖਿਆ ਕਿ ਕਿਵੇਂ ਸਰੋਤਿਆਂ/ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਹੈ। ਇਸੇ ਗੁਣ ਸਦਕਾ ਉਨ੍ਹਾਂ ਦੀ ਜੋੜੀ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ। ਬੀਬੀ ਰਣਜੀਤ ਕੌਰ ਨਾਲੋਂ ਜੋੜੀ ਟੁੱਟਣ ਬਾਰੇ ਸਦੀਕ ਦਾ ਕਹਿਣਾ ਹੈ ਕਿ 1988 ’ਚ ਬਦਕਿਸਮਤੀ ਨਾਲ ਬੀਬਾ ਜੀ ਦਾ ਗਲ਼ਾ ਜੁਆਬ ਦੇ ਗਿਆ ਤੇ ਉਨ੍ਹਾਂ ਨੂੰ ਮਜਬੂਰੀ ਨਾਲ ਗਾਇਕੀ ਦੇ ਖੇਤਰ ਤੋਂ ਪਾਸੇ ਹਟਣਾ ਪਿਆ।

ਸਦੀਕ ਦਾ ਕਹਿਣਾ ਹੈ ਕਿ ਐਮਰਜੈਂਸੀ ਦੇ ਦਿਨਾਂ ਦੌਰਾਨ ਉਨ੍ਹਾਂ ਨੂੰ ਆਲ ਇੰਡੀਆ ਰੇਡੀਓ ਜਲੰਧਰ ਵੱਲੋਂ ਕੁਝ ਸਰਕਾਰ ਪੱਖੀ ਗੀਤ ਗਾਉਣ ਨੂੰ ਕਿਹਾ ਗਿਆ, ਪਰ ਉਨ੍ਹਾਂ ਨੇ ਸਮਝੌਤਾ ਨਹੀਂ ਕੀਤਾ। ਅਜੋਕੀ ਗਾਇਕੀ ਬਾਰੇ ਸਦੀਕ ਦਾ ਕਹਿਣਾ ਹੈ ਕਿ ਹੁਣ ਸੰਗੀਤ ਭਾਰੂ ਹੈ ਅਤੇ ਗਾਇਕੀ ਤੇ ਸ਼ਾਇਰੀ ਦਾ ਸਥਾਨ ਹੇਠ ਆ ਗਿਆ ਹੈ। ਉਸ ਦਾ ਕਹਿਣਾ ਹੈ ਕਿ ਸਰੋਤਿਆਂ ਦਾ ਜਾਗਰੂਕ ਹੋਣਾ ਹੀ ਇਸ ਨੂੰ ਠੱਲ੍ਹ ਪਾ ਸਕਦਾ ਹੈ।

Related posts

kuwait fire: ‘ਮੈਨੂੰ ਲੱਗਿਆ ਮੈਂ ਮਰ ਜਾਵਾਂਗਾ’, ਜਿਸ ਕੁਵੈਤ ਅਗਨੀਕਾਂਡ ‘ਚ 49 ਲੋਕ ਸੜ ਕੇ ਮਰੇ, ਉਸ ‘ਚੋਂ ਜ਼ਿੰਦਾ ਬਚੇ ਸਖਸ਼ ਨੇ ਦੱਸੀ ਖੌਫ਼ਨਾਕ ਕਹਾਣੀ

On Punjab

ਬਜਟ ਸੈਸ਼ਨ ਰਾਸ਼ਟਰਪਤੀ ਦੇ ਸੰਬੋਧਨ ਨਾਲ 31 ਜਨਵਰੀ ਨੂੰ ਹੋਵੇਗੀ ਬਜਟ ਇਜਲਾਸ ਦੀ ਸ਼ੁਰੂਆਤ

On Punjab

Raj Kundra Case : ਰਾਜ ਕੁੰਦਰਾ ਨੂੰ ਨਹੀਂ ਮਿਲੀ ਜ਼ਮਾਨਤ, 27 ਜੁਲਾਈ ਤਕ ਵਧਾਈ Police Custody

On Punjab