ਨਵੀਂ ਦਿੱਲੀ- ਘਰੋਂ ਕੰਮ ਕਰਨ ਦੇ ਨਾਂ ’ਤੇ ਝਾਸੇ ਹੇਠ ਫਸਾ ਕੇ 17 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਵਾਲੇ 4 ਵਿਅਕਤੀਆਂ ਨੂੰ ਦਿੱਤਲੀ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧੋਖਾਧੜੀ ਪੂਰੇ ਭਾਰਤ ਵਿੱਚ ਫੈਲੀ ਹੋਈ ਇੱਕ ਘਰੋਂ ਕੰਮ ਕਰਨ ਵਾਲੀ ਯੋਜਨਾ ਦਾ ਹਿੱਸਾ ਸੀ, ਜਿੱਥੇ ਪੀੜਤਾਂ ਨੂੰ ਵੈੱਬਸਾਈਟਾਂ ਦੀ ਸਮੀਖਿਆ ਕਰਕੇ ਪੈਸੇ ਕਮਾਉਣ ਦੀ ਪੇਸ਼ਕਸ਼ ਕੀਤੀ ਜਾਂਦੀ ਸੀ।
ਮੁਲਜ਼ਮਾਂ ਦੀ ਪਛਾਣ ਅੰਕੁਰ ਮਿਸ਼ਰਾ (22), ਕ੍ਰਤਾਰਥ (21), ਵਿਸ਼ਵਾਸ ਸ਼ਰਮਾ (32) ਅਤੇ ਕੇਤਨ ਮਿਸ਼ਰਾ (18) ਵਜੋਂ ਹੋਈ ਹੈ। ਇਹ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਅਣਜਾਣ ਪੀੜਤਾਂ ਨੂੰ ਲੁਭਾਉਂਦੇ ਸਨ, ਉਨ੍ਹਾਂ ਨੂੰ ਆਕਰਸ਼ਕ ਆਨਲਾਈਨ ਨੌਕਰੀਆਂ ਦੇ ਮੌਕੇ ਪੇਸ਼ ਕਰਦੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਉੱਚ-ਇਨਾਮੀ ਕਾਰਜਾਂ ਦੇ ਬਹਾਨੇ ਕ੍ਰਿਪਟੋਕਰੰਸੀ-ਲਿੰਕਡ ਵਿੱਤੀ ਜਾਲਾਂ ਵਿੱਚ ਫਸਾ ਦਿੰਦੇ ਸਨ।
ਡੀਸੀਪੀ (ਦੱਖਣ-ਪੱਛਮ) ਅਮਿਤ ਗੋਇਲ ਨੇ ਦੱਸਿਆ, “ਪੀੜਤ ਨੇ 27 ਮਈ ਨੂੰ ਇੱਕ ਸ਼ਿਕਾਇਤ ਦਰਜ ਕਰਾਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਨਾਲ ਵੈੱਬਸਾਈਟਾਂ ਦੀ ਸਮੀਖਿਆ ਕਰਕੇ ਪੈਸੇ ਕਮਾਉਣ ਦੀ ਪੇਸ਼ਕਸ਼ ਨਾਲ ਸੰਪਰਕ ਕੀਤਾ ਗਿਆ ਸੀ। ਸ਼ੁਰੂ ਵਿੱਚ, ਸ਼ਿਕਾਇਤਕਰਤਾ ਨੂੰ ਪ੍ਰਤੀ ਸਮੀਖਿਆ 50 ਰੁਪਏ ਮਿਲੇ, ਪਰ ਜਲਦੀ ਹੀ ਉਸਨੂੰ ਵਧੇਰੇ ਰਿਟਰਨ ਦੇ ਵਾਅਦੇ ਤਹਿਤ ਪ੍ਰੀਪੇਡ ਕ੍ਰਿਪਟੋਕਰੰਸੀ ਲੈਣ-ਦੇਣ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ ਗਿਆ।’’
ਗੋਇਲ ਨੇ ਦੱਸਿਆ ਕਿ ਸਮੇਂ ਦੇ ਨਾਲ ਧੋਖੇਬਾਜ਼ ਵੱਖ-ਵੱਖ ਬਹਾਨਿਆਂ ਨਾਲ ਹੋਰ ਜਮ੍ਹਾਂ ਰਾਸ਼ੀ ਦੀ ਮੰਗ ਕਰਦੇ ਰਹੇ ਅਤੇ ਉਸ ਨਾਲ ਕੁੱਲ 17.49 ਲੱਖ ਰੁਪਏ ਦੀ ਠੱਗੀ ਹੋਈ।
ਇਸ ਸਬੰਧੀ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਜਾਂਚ ਦੌਰਾਨ ਪੁਲੀਸ ਨੇ ਪਾਇਆ ਕਿ ਸ਼ਿਕਾਇਤਕਰਤਾ ਦੇ ਖਾਤੇ ਵਿੱਚੋਂ 5 ਲੱਖ ਰੁਪਏ ਅੰਕੁਰ ਮਿਸ਼ਰਾ ਦੇ ਨਾਮ ’ਤੇ ਰਜਿਸਟਰਡ ਇੱਕ ਨਿੱਜੀ ਬੈਂਕ ਖਾਤੇ ਵਿੱਚ ਭੇਜੇ ਗਏ ਸਨ। ਸੀਸੀਟੀਵੀ ਕੈਮਰੇ ਦੀ ਫੁਟੇਜ ਨੇ ਉਸ ਦੀ ਪਛਾਣ ਦੀ ਪੁਸ਼ਟੀ ਕੀਤੀ, ਨਾਲ ਹੀ ਦੋ ਸਹਿ-ਮੁਲਜ਼ਮ ਵੀ ਚੈੱਕ ਰਾਹੀਂ ਫੰਡ ਕਢਵਾਉਂਦੇ ਹੋਏ ਪਾਏ ਗਏ।
ਡੀਸੀਪੀ ਨੇ ਕਿਹਾ, “ਤਕਨੀਕੀ ਵਿਸ਼ਲੇਸ਼ਣ ਤੋਂ ਬਾਅਦ ਪਤਾ ਲੱਗਿਆ ਕਿ ਧੋਖਾਧੜੀ ਦਾ ਇਹ ਗਿਰੋਹ ਕਈ ਸ਼ਹਿਰਾਂ ਵਿੱਚ ਕੰਮ ਕਰ ਰਿਹਾ ਸੀ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੇ ਲਖਨਊ ਅਤੇ ਆਗਰਾ ਅਤੇ ਮੱਧ ਪ੍ਰਦੇਸ਼ ਦੇ ਭੋਪਾਲ ਅਤੇ ਸ਼ਿਵਪੁਰੀ ਸ਼ਾਮਲ ਹਨ। ਇਨ੍ਹਾਂ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ, ਜਿਸ ਨਾਲ ਚਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ।”
ਅਧਿਕਾਰੀ ਨੇ ਦੱਸਿਆ ਕਿ ਗੈਂਗ ਪੈਸਿਆਂ ਨੂੰ ਲਾਂਡਰ ਕਰਨ ਲਈ ਇੱਕ ਬਹੁ-ਪੱਧਰੀ ਪ੍ਰਣਾਲੀ ਦੀ ਵਰਤੋਂ ਕਰਦਾ ਸੀ, ਜਿੱਥੇ ਫੰਡਾਂ ਨੂੰ ਕਈ ਬੈਂਕ ਖਾਤਿਆਂ ਰਾਹੀਂ ਟ੍ਰਾਂਸਫਰ ਕੀਤਾ ਜਾਂਦਾ ਸੀ ਅਤੇ ਫਿਰ ਬੈਂਕਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਪਤਾ ਲੱਗਣ ਤੋਂ ਬਚਣ ਲਈ ਇਸਨੂੰ ਕ੍ਰਿਪਟੋਕਰੰਸੀ, ਖਾਸ ਤੌਰ ’ਤੇ ਯੂਐੱਸਡੀਟੀ (ਟੀਥਰ) ਵਿੱਚ ਬਦਲਿਆ ਜਾਂਦਾ ਸੀ। ਪੁਲੀਸ ਅਨੁਸਾਰ ਸਿੰਡੀਕੇਟ ਦੇ ਹੋਰ ਮੈਂਬਰਾਂ ਦੀ ਪਛਾਣ ਕਰਨ ਅਤੇ ਲਾਂਡਰਿੰਗ ਕੀਤੇ ਫੰਡਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।