PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਗੁਰਪੁਰਬ ਮੌਕੇ ਪਾਕਿ ਨਹੀਂ ਜਾਵੇਗਾ ਸ਼ਰਧਾਲੂਆਂ ਦਾ ਜਥਾ

ਪਾਕਿਸਤਾਨ- ਭਾਰਤ ਤੇ ਪਾਕਿਸਤਾਨ ਦਰਮਿਆਨ ਟਕਰਾਅ ਦੇ ਮੱਦੇਨਜ਼ਰ ਸਿੱਖ ਸ਼ਰਧਾਲੂਆਂ ਦਾ ਜਥਾ ਇਸ ਸਾਲ ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਨਹੀਂ ਜਾ ਸਕੇਗਾ। ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਸਮੇਤ ਹੋਰ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ ਇਹ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਅਤੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਸਰਕਾਰਾਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਭੇਜ ਕੇ ਪ੍ਰਕਾਸ਼ ਪੁਰਬ ਮੌਕੇ ਨਵੰਬਰ ਮਹੀਨੇ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ’ਚ ਅਸਮਰੱਥਾ ਪ੍ਰਗਟਾਈ ਹੈ।

ਵਿਭਾਗ ਦੇ ਅੰਡਰਸੈਕਟਰੀ ਵੱਲੋਂ ਜਾਰੀ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਬਣੀ ਮੌਜੂਦਾ ਸਥਿਤੀ ਅਤੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਨਵੰਬਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣਾ ਸੰਭਵ ਨਹੀਂ ਹੋ ਸਕੇਗਾ। ਉਨ੍ਹਾਂ ਨੇ ਪੱਤਰ ਵਿੱਚ ਸ਼ਾਮਲ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਕਿਹਾ ਕਿ ਉਹ ਆਪੋ-ਆਪਣੇ ਸੂਬਿਆਂ ਵਿੱਚ ਸਿੱਖ ਸੰਗਠਨਾਂ ਨੂੰ ਇਸ ਸਥਿਤੀ ਬਾਰੇ ਜਾਣੂ ਕਰਾਉਣ ਅਤੇ ਅਰਜ਼ੀਆਂ ਤੇ ਪਾਸਪੋਰਟ ਭੇਜਣ ਦੀ ਪ੍ਰਕਿਰਿਆ ਸ਼ੁਰੂ ਨਾ ਕੀਤੀ ਜਾਵੇ।

ਜ਼ਿਕਰਯੋਗ ਹੈ ਕਿ ਪਹਿਲਗਾਮ ਵਿੱਚ ਅਤਿਵਾਦੀ ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨ ਨਾਲ ਕੂਟਨੀਤਕ ਅਤੇ ਹੋਰ ਸਬੰਧ ਤੋੜ ਲਏ ਸਨ। ਇਸ ਦੇ ਮੱਦੇਨਜ਼ਰ ਅਟਾਰੀ ਸਰਹੱਦ ਨੂੰ ਦੁਵੱਲੇ ਵਪਾਰ ਅਤੇ ਆਵਾਜਾਈ ਵਾਸਤੇ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਜੰਗੀ ਹਾਲਾਤ ਵੀ ਬਣ ਗਏ ਸਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਨਾ ਭੇਜੇ ਜਾਣ ਸਬੰਧੀ ਫਿਲਹਾਲ ਸਿੱਖ ਸੰਸਥਾ ਨੂੰ ਕੋਈ ਪੱਤਰ ਨਹੀਂ ਮਿਲਿਆ। ਇਹ ਪੱਤਰ ਸੂਬਾ ਸਰਕਾਰ ਨੂੰ ਭੇਜਿਆ ਗਿਆ ਹੈ ਅਤੇ ਉਸ ਵੱਲੋਂ ਹੀ ਇਸ ਬਾਰੇ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਅਧਿਕਾਰਤ ਜਾਣਕਾਰੀ ਮਿਲਣ ਮਗਰੋਂ ਹੀ ਕੋਈ ਟਿੱਪਣੀ ਕੀਤੀ ਜਾ ਸਕਦੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਜੇਕਰ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਮੈਚ ਹੋ ਸਕਦਾ ਹੈ ਤਾਂ ਸਿੱਖ ਸ਼ਰਧਾਲੂਆਂ ਦਾ ਜੱਥਾ ਵੀ ਭੇਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸ਼ਰਧਾਲੂ ਮੰਗ ਕਰ ਰਹੇ ਹਨ ਕਿ ਗੁਰਦੁਆਰਾ ਕਰਤਾਰਪੁਰ ਲਾਂਘਾ ਵੀ ਖੋਲ੍ਹਿਆ ਜਾਵੇ।

Related posts

China Belt And Road Initiative : ਨੇਪਾਲ ਦੀ ਆਰਥਿਕਤਾ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ ਚੀਨ, ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਐਮਓਯੂ ਤੋਂ ਹੋਇਆ ਵੱਡਾ ਖੁਲਾਸਾ

On Punjab

Pakistan Political Crisis: ਆਪਣੀ ਹਾਰ ਦਾ ਸਾਹਮਣਾ ਕਰਨ ਤੋਂ ਡਰੇ ਇਮਰਾਨ ਖਾਨ ਨਿਆਜ਼ੀ, ਸ਼ਾਹਬਾਜ਼ ਸ਼ਰੀਫ ਦਾ ਇਮਰਾਨ ‘ਤੇ ਹਮਲਾ

On Punjab

First Sikh Court: ਸਿੱਖਾਂ ਦੀ ਆਪਣੀ ਧਰਤੀ ‘ਤੇ ਤਾਂ ਨਹੀਂ ਪਰ ਗੋਰਿਆਂ ਦੇ ਦੇਸ਼ ’ਚ ਖੁੱਲ੍ਹੀ ਪਹਿਲੀ ‘ਸਿੱਖ ਅਦਾਲਤ’, ਜਾਣੋ ਕਿਵੇਂ ਕਰੇਗੀ ਕੰਮ

On Punjab