ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗੈਰਕਾਨੂੰਨੀ ਆਨਲਾਈਨ ਸੱਟੇਬਾਜ਼ੀ ਪਲੈਟਫਾਰਮਾਂ ਖਿਲਾਫ਼ ਚੱਲ ਰਹੀ ਮਨੀ ਲਾਂਡਰਿੰਗ ਜਾਂਚ ਦੀ ਕੜੀ ਵਜੋਂ ਟੈੱਕ ਜਾਇੰਟ Meta ਤੇ Google ਨੂੰ ਸੰਮਨ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਦੋਵਾਂ ਕੰਪਨੀਆਂ ਦੇ ਪ੍ਰਤੀਨਿਧੀਆਂ ਨੂੰ 21 ਜੁਲਾਈ ਨੂੰ ਇੱਥੇ ਏਜੰਸੀ ਦੇ ਸਾਹਮਣੇ ਪੇਸ਼ ਹੋਣ ਅਤੇ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਤਹਿਤ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ। ਦੋਵਾਂ ਕੰਪਨੀਆਂ ਨੇ ਸੰਮਨਾਂ ਨੂੰ ਲੈ ਕੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ।
ਸੰਘੀ ਏਜੰਸੀ ਗੈਰਕਾਨੂੰਨੀ ਸੱਟੇਬਾਜ਼ੀ ਅਤੇ ਜੂਏ ਦੇ ਲਿੰਕਾਂ ਦੀ ਮੇਜ਼ਬਾਨੀ ਕਰਨ ਵਾਲੇ ਕਈ ਪਲੈਟਫਾਰਮਾਂ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਵੱਖ-ਵੱਖ ਇੰਟਰਨੈੱਟ-ਅਧਾਰਤ ਸੋਸ਼ਲ ਮੀਡੀਆ ਆਊਟਲੈੱਟਾਂ ਅਤੇ ਐਪ ਸਟੋਰਾਂ ’ਤੇ ਉਨ੍ਹਾਂ ਲਈ ਲਗਾਏ ਗਏ ਇਸ਼ਤਿਹਾਰਾਂ ਦੇ ਮਾਮਲੇ ਸ਼ਾਮਲ ਹਨ। ਮੰਨਿਆ ਜਾਂਦਾ ਹੈ ਕਿ ਮੈਟਾ ਤੇ ਗੂਗਲ ਦੇ ਪ੍ਰਤੀਨਿਧਾਂ ਨੂੰ ਈਡੀ ਵੱਲੋਂ ਇਹ ਸਮਝਣ ਲਈ ਬੁਲਾਇਆ ਗਿਆ ਹੈ ਕਿ ਅਜਿਹੇ ਗੈਰ-ਕਾਨੂੰਨੀ ਪਲੈਟਫਾਰਮ ਆਪਣੇ ਸੋਸ਼ਲ ਮੀਡੀਆ ਅਤੇ ਸੰਚਾਰ ਲਿੰਕਾਂ ’ਤੇ ਇਸ਼ਤਿਹਾਰ ਕਿਵੇਂ ਪਾ ਸਕਦੇ ਹਨ। ਇਨ੍ਹਾਂ ਮਾਮਲਿਆਂ ਵਿੱਚ ਕੁਝ ਅਦਾਕਾਰ, ਮਸ਼ਹੂਰ ਹਸਤੀਆਂ ਅਤੇ ਖਿਡਾਰੀ ਵੀ ਏਜੰਸੀ ਦੀ ਨਜ਼ਰ ਹੇਠ ਹਨ, ਅਤੇ ਉਨ੍ਹਾਂ ਨੂੰ ਜਲਦੀ ਹੀ ਈਡੀ ਵੱਲੋਂ ਤਲਬ ਕੀਤੇ ਜਾਣ ਦੀ ਉਮੀਦ ਹੈ। ਈਡੀ ਨੇ ਕਿਹਾ ਕਿ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਅਤੇ ਜੂਆ ਪਲੈਟਫਾਰਮ ਨਾ ਸਿਰਫ਼ ਮਾਸੂਮ ਲੋਕਾਂ ਤੋਂ ਉਨ੍ਹਾਂ ਦੀ ਮਿਹਨਤ ਦੀ ਕਮਾਈ ਲੁੱਟ ਰਹੇ ਹਨ ਬਲਕਿ ਕਰੋੜਾਂ ਰੁਪਏ ਦੇ ਟੈਕਸਾਂ ਦੀ ਚੋਰੀ ਵੀ ਕਰ ਰਹੇ ਸਨ।