ਨਵੀਂ ਦਿੱਲੀ- ਰਾਜਸਥਾਨ ਦੇ ਮਾਯੰਕ ਚੌਧਰੀ ਅਤੇ ਮਹਾਰਾਸ਼ਟਰ ਦੀ ਪ੍ਰਾਚੀ ਗਾਇਕਵਾੜ ਨੇ ਅੱਜ ਇੱਥੇ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਨਿਸ਼ਾਨੇਬਾਜ਼ੀ ਦੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਸੋਨੇ ਦੇ ਤਗ਼ਮੇ ਜਿੱਤੇ। ਮਯੰਕ ਨੇ ਮੁੰਡਿਆਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ, ਜਦਕਿ ਪ੍ਰਾਚੀ ਨੇ ਕੁੜੀਆਂ ਦੇ 50 ਮੀਟਰ ਰਾਈਫਲ 3 ਪੋਜ਼ੀਸ਼ਨ ਮੁਕਾਬਲੇ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ। ਮਾਯੰਕ ਦਾ ਦੋ ਦਿਨਾਂ ਵਿੱਚ ਇਹ ਦੂਜਾ ਸੋਨ ਤਗ਼ਮਾ ਹੈ। ਉਸ ਨੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਮਿਕਸਡ ਟੀਮ ਈਵੈਂਟ ਵਿੱਚ ਵੀ ਸੋਨੇ ਦਾ ਤਗ਼ਮਾ ਜਿੱਤਿਆ ਸੀ। ਅੱਜ ਉਸ ਨੇ 239.2 ਦੇ ਸਕੋਰ ਨਾਲ ਚੰਡੀਗੜ੍ਹ ਦੇ ਧੈਰਿਆ ਪਰਾਸ਼ਰ (235.3) ਨੂੰ ਆਸਾਨੀ ਨਾਲ ਹਰਾਇਆ। ਮੱਧ ਪ੍ਰਦੇਸ਼ ਦੇ ਯੁਗ ਪ੍ਰਤਾਪ ਸਿੰਘ ਰਾਠੌਰ ਨੇ 214.8 ਅੰਕਾਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ।
ਪ੍ਰਾਚੀ ਗਾਇਕਵਾੜ ਨੇ ਕੁੜੀਆਂ ਦੇ 50 ਮੀਟਰ ਰਾਈਫਲ 3 ਪੋਜ਼ੀਸ਼ਨ ਮੁਕਾਬਲੇ ਵਿੱਚ ਕਰਨਾਟਕ ਦੀ ਤਿਲੋਤਮਾ ਸੇਨ ਨੂੰ ਹਰਾਇਆ। ਪ੍ਰਾਚੀ ਦੇ 458.4 ਅਤੇ ਤਿਲੋਤਮਾ ਦੇ 455.5 ਅੰਕ ਸਨ। ਆਪਣੀਆਂ ਦੂਜੀਆਂ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਹਿੱਸਾ ਲੈ ਰਹੀ ਪ੍ਰਾਚੀ ਨੇ ਆਪਣੇ ਪਿਛਲੇ ਸੀਜ਼ਨ ਦੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ, ਜਿੱਥੇ ਉਸ ਨੇ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਜ਼ਿਕਰਯੋਗ ਹੈ ਕਿ ਪ੍ਰਾਚੀ ਪੈਰਿਸ ਓਲੰਪਿਕ ਤਗ਼ਮਾ ਜੇਤੂ ਸਵਪਨਿਲ ਕੁਸਾਲੇ ਨੂੰ ਆਪਣਾ ਆਦਰਸ਼ ਮੰਨਦੀ ਹੈ।