ਅੰਮ੍ਰਿਤਸਰ- ਅੰਮ੍ਰਿਤਸਰ ਦੇ ਲੁਹਾਰਕਾ ਰੋਡ ’ਤੇ ਸਕੂਲੀ ਵਿਦਿਆਰਥੀਆਂ ਦਾ ਮਾਮੂਲੀ ਝਗੜਾ ਉਸ ਵੇਲੇ ਖੂਨੀ ਰੂਪ ਲੈ ਗਿਆ, ਜਦੋਂ ਦੋਵਾਂ ਧਿਰਾਂ ਵਿਚਾਲੇ ਰਾਜੀਨਾਮਾ ਕਰਵਾਉਣ ਪਹੁੰਚੇ ਲੋਕਾਂ ਵਿੱਚ ਤਕਰਾਰ ਹੋ ਗਈ। ਇਸ ਹਿੰਸਕ ਝੜਪ ਦੌਰਾਨ ਚੱਲੀ ਗੋਲੀ ਨਾਲ ਐਸ਼ਪ੍ਰੀਤ ਸਿੰਘ ਨਾਂ ਦਾ 11ਵੀਂ ਜਮਾਤ ਦਾ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪੁਲੀਸ ਜਾਂਚ ਅਨੁਸਾਰ, ਇਹ ਵਿਵਾਦ ਬੀਤੇ ਦਿਨ ਸਕੂਲ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਸ਼ੁਰੂ ਹੋਇਆ ਸੀ। ਮਾਮਲੇ ਨੂੰ ਸੁਲਝਾਉਣ ਲਈ ਕੱਲ੍ਹ ਸ਼ਾਮ ਦੋਵੇਂ ਧਿਰਾਂ ਲੁਹਾਰਕਾ ਰੋਡ ’ਤੇ ਇਕੱਠੀਆਂ ਹੋਈਆਂ ਸਨ, ਪਰ ਗੱਲਬਾਤ ਦੌਰਾਨ ਮਾਹੌਲ ਵਿਗੜ ਗਿਆ ਅਤੇ ਗੋਲੀਬਾਰੀ ਸ਼ੁਰੂ ਹੋ ਗਈ। ਚਸ਼ਮਦੀਦਾਂ ਅਤੇ ਪੁਲੀਸ ਅਨੁਸਾਰ ਘਟਨਾ ਵਾਲੀ ਥਾਂ ’ਤੇ ਕਰੀਬ 5 ਤੋਂ 6 ਰਾਊਂਡ ਫਾਇਰ ਕੀਤੇ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜ਼ਖ਼ਮੀ ਵਿਦਿਆਰਥੀ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਿਆਨਾਂ ਦੇ ਆਧਾਰ ’ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

