ਟੋਕੀਓ ਓਲੰਪਿਕ ਦੇ ਪ੍ਰਬੰਧਕ ਅਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਤਿੰਨ ਮਹੀਨੇ ਬਾਅਦ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਅਗਲੇ ਹਫ਼ਤੇ ਨਵੀਂ ਯੋਜਨਾ ਪੇਸ਼ ਕਰਨਗੇ।
ਪਲੇਬੁਕਸ ਦੇ ਨਾਂ ਨਾਲ ਜਾਰੀ ਇਕ ਨਿਯਮਾਵਲੀ ਦੇ ਦੂਸਰੇ ਐਡੀਸ਼ਨ ‘ਚ ਜਾਪਾਨ ਦੇ ਟੋਕੀਓ, ਓਸਾਕਾ ਅਤੇ ਕੁਝ ਹੋਰ ਸੂਬਿਆਂ ‘ਚ ਕੋਵਿਡ-19 ਦੇ ਵਧਦੇ ਮਾਮਲਿਆਂ ਵਿਚਾਲੇ ਖੇਡਾਂ ਕਿਵੇਂ ਕਰਵਾਉਣੀਆਂ ਹਨ, ਬਾਰੇ ਦੱਸਿਆ ਗਿਆ ਹੈ। ਜਾਪਾਨ ‘ਚ ਕੋਰੋਨਾ ਨਾਲ 9000 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ ਤੇ ਹੁਣ ਤਕ ਇਕ ਫ਼ੀਸਦੀ ਤੋਂ ਵੀ ਘੱਟ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗੀ ਹੈ।
ਉਮੀਦ ਹੈ ਕਿ ਪ੍ਰਬੰਧਕ ਐਥਲੀਟਾਂ ਲਈ ਪ੍ਰਤੀ ਦਿਨ ਕੋਰੋਨਾ ਟੈਸਟ ਦਾ ਐਲਾਨ ਕਰਨਗੇ ਪਰ ਪਹਿਲਾਂ ਦੇ ਐਲਾਨ ਤੋਂ ਉਲਟ ਖਿਡਾਰੀਆਂ ਦੇ 14 ਦਿਨ ਦੇ ਕੁਆਰੰਟਾਈਨ ਨੂੰ ਘੱਟ ਕੀਤਾ ਜਾ ਸਕਦਾ ਹੈ ਜਿਸ ਨਾ ਐਥਲੀਟਾਂ ਨੂੰ ਇੱਥੇ ਆਉਣ ਤੋਂ ਬਾਅਦ ਅਭਿਆਸ ਦੀ ਮਨਜ਼ੂਰੀ ਹੋਵੇਗੀ। ਅਥਲੀਟਾਂ ਨੂੰ ਟੋਕੀਓ ਬੇਅ ਸਥਿਤ ਓਲੰਪਿਕ ਵਿਲੇਜ, ਮੁਕਾਬਲਾ ਅਤੇ ਅਭਿਆਸ ਵਾਲੀਆਂ ਥਾਵਾਂ ਦੇ ਬਾਇਓ-ਬਬਲ ‘ਚ ਰਹਿਣ ਪਵੇਗਾ।