ਦੇਸ਼ ‘ਚ ਫੈਲੀ ਕੋਰੋਨਾ ਮਹਾਮਾਰੀ ਤੇ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 20 ਦਿਨਾਂ ਤੋਂ ਦੇਸ਼ ਦੇ ਐਕਟਿਵ ਮਾਮਲਿਆਂ ‘ਚ ਕਮੀ ਦੇਖੀ ਜਾ ਰਹੀ ਹੈ। 3 ਮਈ ਨੂੰ ਦੇਸ਼ ‘ਚ 17.13 ਫੀਸਦੀ ਐਕਟਿਵ ਮਾਮਲੇ ਸਨ, ਜੋ ਕਿ ਹੁਣ ਇਹ ਘੱਟ ਕੇ 11.12 ਫੀਸਦੀ ਹੋ ਗਏ ਹਨ। ਰਿਕਵਰੀ ਰੇਟ ਵੀ 87.76 ਫੀਸਦੀ ਹੋ ਚੁੱਕੀ ਹੈ। ਦੇਸ਼ ‘ਚ 2 ਕਰੋੜ 30 ਲੱਖ ਤੋਂ ਜ਼ਿਆਦਾ ਲੋਕ ਰਿਕਵਰ ਹੋ ਚੁੱਕੇ ਹਨ।ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਲਵ ਅਗਰਵਾਲ ਨੇ ਦੱਸਿਆ ਕਿ 1,00,000 ਤੋਂ ਜ਼ਿਆਦਾ ਐਕਟਿਵ ਮਾਮਲੇ ਘੱਟ ਕੇ ਹੁਣ ਸਿਰਫ਼ 8 ਸੂਬਿਆਂ ‘ਚ ਰਹਿ ਗਏ ਹਨ। 50,000 ਤੋਂ 1,00,000 ਵਿਚਕਾਰ ਐਕਟਿਵ ਮਾਮਲੇ ਵਾਲੇ ਸੂਬੇ 8 ਹੋ ਗਏ ਹਨ। 50,000 ਤੋਂ ਘੱਟ ਐਕਟਿਵ ਮਾਮਲੇ ਵਾਲੇ 20 ਸੂਬੇ ਤੇ ਕੇਂਦਰ ਸ਼ਾਸਿਤ ਸੂਬੇ ਹਨ। ਸਿਰਫ਼ 7 ਸੂਬੇ ਹਨ ਜੋ 10,000 ਤੋਂ ਜ਼ਿਆਦਾ ਮਾਮਲਿਆਂ ਦੀ ਰਿਪੋਰਟ ਕਰ ਰਹੇ ਹਨ ਤੇ 5,000 ਤੋਂ 10,000 ਮਾਮਲਿਆਂ ਵਾਲੇ 6 ਸੂਬੇ ਹਨ। ਇਸ ਨਾਲ ਹੀ ਸਿਹਤ ਸਕੱਤਰ ਨੇ ਸਭ ਤੋਂ ਜ਼ਿਆਦਾ ਮੌਤਾਂ ਵਾਲੇ ਸੂਬਿਆਂ ਦੇ ਨਾਂ ਦੱਸੇ। ਉਨ੍ਹਾਂ ਕਿਹਾ ਕਿ 6 ਸੂਬਿਆਂ ‘ਚ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਇਹ ਸੂਬੇ ਮਹਾਰਾਸ਼ਟਰ, ਕਰਨਾਟਕ, ਤਮਿਲਨਾਡੂ, ਯੂਪੀ, ਪੰਜਾਬ ਤੇ ਦਿੱਲੀ ਹੈ।