80.24 F
New York, US
June 21, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੈਲਗਰੀ ’ਚ ਦਿਲਜੀਤ ਨੇ ਖਾਲਿਸਤਾਨੀ ਸਮਰਥਕਾਂ ਨੂੰ ਸਿਖਾਇਆ ਸਬਕ, ਹੁਣ SFJ ਆਗੂ ਪੰਨੂ ਨੇ ਦਿੱਤੀ ਵੀਡੀਓ ਜਾਰੀ ਕਰਕੇ ਧਮਕੀ

ਚੰਡੀਗੜ੍ਹ- ਸਿੱਖਸ ਫਾਰ ਜਸਟਿਸ (SFJ) ਦੇ ਆਗੂ ਅਤੇ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਮਕਬੂਲ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਧਮਕੀ ਦਿੱਤੀ ਹੈ। ਪੰਨੂ ਨੇ ਐਲਾਨ ਕੀਤਾ ਹੈ ਕਿ ਉਸ ਦਾ ਸੰਗਠਨ ਅਮਰੀਕਾ ਵਿੱਚ ਹੋਣ ਵਾਲੇ ਦੋਸਾਂਝ ਦੇ ਆਉਣ ਵਾਲੇ ਸ਼ੋਅ ਦਾ ਵਿਰੋਧ ਕਰੇਗਾ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਦਿਲਜੀਤ ਨੇ ਕੈਨੇਡਾ ਦੇ ਕੈਲਗਰੀ ਵਿੱਚ ਆਪਣੇ ‘ਔਰਾ 2026’ (Aura-2026) ਕੰਸਰਟ ਦੌਰਾਨ ਖਾਲਿਸਤਾਨੀ ਝੰਡੇ ਦਿਖਾਉਣ ਵਾਲੇ ਅਨਸਰਾਂ ਨੂੰ ਸਖ਼ਤ ਸ਼ਬਦਾਂ ਵਿੱਚ ਫਿਟਕਾਰ ਲਾਈ ਸੀ। ਕੈਲਗਰੀ ਸ਼ੋਅ ਦੌਰਾਨ ਜਦੋਂ ਕੁਝ ਲੋਕਾਂ ਨੇ ਖਾਲਿਸਤਾਨੀ ਝੰਡੇ ਲਹਿਰਾ ਕੇ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ, ਤਾਂ ਦਿਲਜੀਤ ਨੇ ਮੰਚ ਤੋਂ ਕਿਹਾ, “ ਜਿੰਨੇ ਝੰਡੇ ਦਿਖਾਉਣੇ ਨੇ ਦਿਖਾਈ ਚੱਲੋ,” ਅਤੇ ਪ੍ਰਦਰਸ਼ਨਕਾਰੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜੇਕਰ ਇਹ ਲੋਕ ਸ਼ੋਅ ਵਿੱਚ ਰੁਕਾਵਟ ਪਾ ਰਹੇ ਹਨ ਤਾਂ ਇਨ੍ਹਾਂ ਨੂੰ ਬਾਹਰ ਕੱਢ ਦਿਓ। ਦੋਸਾਂਝ ਦੇ ਇਸ ਸਟੈਂਡ ਦਾ ਉੱਥੇ ਮੌਜੂਦ ਹਜ਼ਾਰਾਂ ਦੀ ਭੀੜ ਨੇ ਤਾਲੀਆਂ ਮਾਰ ਕੇ ਸਵਾਗਤ ਕੀਤਾ।

ਦਿਲਜੀਤ ਦੋਸਾਂਝ ਆਪਣੇ ਇਸ ਵਿਸ਼ਵ ਦੌਰੇ ਰਾਹੀਂ ਪੰਜਾਬੀ ਪ੍ਰਵਾਸੀਆਂ ਦੇ ਮੋਢੀ, ‘ਕਾਮਾਗਾਟਾਮਾਰੂ’ ਦੇ ਮੁਸਾਫਰਾਂ ਅਤੇ ਗ਼ਦਰ ਲਹਿਰ ਦੇ ਕ੍ਰਾਂਤੀਕਾਰੀਆਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ। ਵੈਨਕੂਵਰ ਦੇ ਬੀ.ਸੀ. ਪਲੇਸ ਸਟੇਡੀਅਮ ਵਿੱਚ ਹੋਏ ਕੰਸਰਟ ਦੌਰਾਨ ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਇਹ ਸਟੇਡੀਅਮ ਉਸ ਬੰਦਰਗਾਹ ਤੋਂ ਮਹਿਜ਼ ਦੋ ਕਿਲੋਮੀਟਰ ਦੂਰ ਹੈ, ਜਿੱਥੋਂ 1914 ਵਿੱਚ ‘ਗੁਰੂ ਨਾਨਕ ਜਹਾਜ਼’ (ਕਾਮਾਗਾਟਾਮਾਰੂ) ਨੂੰ ਵਾਪਸ ਮੋੜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, “ ਉਦੋਂ ਸਾਡੇ ਲੋਕਾਂ ਨੂੰ ਵੜਨ ਨਹੀਂ ਦਿੱਤਾ ਗਿਆ ਸੀ, ਤੇ ਅੱਜ 55 ਹਜ਼ਾਰ ਪੰਜਾਬੀ ਇਸੇ ਧਰਤੀ ’ਤੇ ਜਸ਼ਨ ਮਨਾ ਰਹੇ ਹਨ।” ਦੋਸਾਂਝ ਨੇ ਕਰਤਾਰ ਸਿੰਘ ਸਰਾਭਾ ਅਤੇ ਬਾਬਾ ਸੋਹਣ ਸਿੰਘ ਭਕਨਾ ਵਰਗੇ ਗ਼ਦਰੀ ਬਾਬਿਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਉੱਤਰੀ ਅਮਰੀਕਾ ਵਿੱਚ ਪੰਜਾਬੀ ਭਾਈਚਾਰੇ ਦੀ ਚੜ੍ਹਤ ਉਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਦੀ ਹੀ ਦੇਣ ਹੈ। ਹਾਲਾਂਕਿ, ਪੰਨੂ ਦੀ ਤਾਜ਼ਾ ਧਮਕੀ ਨੇ ਦੋਸਾਂਝ ਦੇ ਇਸ ਇਤਿਹਾਸਕ ਦੌਰੇ ਦੇ ਜਸ਼ਨਾਂ ਵਿੱਚ ਖ਼ਲਲ ਪਾਉਣ ਦੀ ਕੋਸ਼ਿਸ਼ ਕੀਤੀ ਹੈ।

Related posts

18 ਡਿਗਰੀ ‘ਤੇ AC ਦਾ ਮਜ਼ਾ ਲੈਣ ਵਾਲਿਆਂ ਨੂੰ PM ਮੋਦੀ ਦੀ ਨਸੀਹਤ, ਜਿਮ ਜਾਣ ਵਾਲਿਆਂ ਨੂੰ ਵੀ ਸਲਾਹ

On Punjab

ਚੀਨ ਨੇ ਪਾਕਿਸਤਾਨ ਨਾਲ ਕੀਤਾ ਧੋਖਾ, ਭੇਜੇ ਅੰਡਰਵੀਅਰ ਦੇ ਬਣੇ ਮਾਸਕ

On Punjab

ਮਨਪ੍ਰੀਤ ਸਿੰਘ ਬਾਦਲ ਨੂੰ ਹਾਈਕੋਰਟ ਤੋਂ ਵੱਡੀ ਰਾਹਤ

On Punjab