ਚੰਡੀਗੜ੍ਹ- ਪੰਜਾਬ ਸਰਕਾਰ ਨੇ ਅੱਜ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੋਂ ਊਰਜਾ ਵਿਭਾਗ ਵਾਪਸ ਲੈ ਲਿਆ ਹੈ। ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਿਕ ਇਹ ਵਿਭਾਗ ਵੀ ਹੁਣ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਕੋਲ ਹੁਣ ਲੋਕ ਨਿਰਮਾਣ ਵਿਭਾਗ ਰਹੇਗਾ ਜਦੋਂ ਕਿ ਸੰਜੀਵ ਅਰੋੜਾ ਹੁਣ ਉਦਯੋਗ ਤੇ ਵਣਜ, ਨਿਵੇਸ਼ ਹੁਲਾਰਾ, ਪਰਵਾਸੀ ਭਾਰਤੀ ਮਾਮਲੇ ਤੋਂ ਇਲਾਵਾ ਊਰਜਾ ਵਿਭਾਗ ਦਾ ਕੰਮ-ਕਾਜ ਵੀ ਦੇਖਣਗੇ। ਇਸ ਤਰ੍ਹਾਂ ‘ਆਪ’ ਸਰਕਾਰ ਵੱਲੋਂ ਸੰਜੀਵ ਅਰੋੜਾ ਨੂੰ ਮਜ਼ਬੂਤ ਕੀਤਾ ਗਿਆ ਹੈ। ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਸੰਜੀਵ ਅਰੋੜਾ ਨੇ ਜਿੱਤ ਹਾਸਲ ਕੀਤੀ ਸੀ। ਪਹਿਲਾਂ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੇ ਚਰਚੇ ਵੀ ਚੱਲੇ ਸਨ। ਇਸ ਤਰ੍ਹਾਂ ਪੰਜਾਬ ਸਰਕਾਰ ਨੇ ਅੱਜ ਮੰਤਰੀ ਮੰਡਲ ਵਿਚ ਮਾਮੂਲੀ ਫੇਰਬਦਲ ਕਰਦਿਆਂ ਅਰੋੜਾ ਨੂੰ ਹੋਰ ਤਾਕਤਵਰ ਬਣਾਇਆ ਹੈ।

