32.18 F
New York, US
January 22, 2026
PreetNama
ਰਾਜਨੀਤੀ/Politics

ਕੈਪਟਨ ਨੇ ਭਾਜਪਾ ਪ੍ਰਧਾਨ ਨੂੰ ਲਿਖਿਆ ਖੁੱਲ੍ਹਾ ਪੱਤਰ, ਮਾਲ ਗੱਡੀਆਂ ਦੇ ਮਸਲੇ ਨੂੰ ਸਮੂਹਿਕ ਇੱਛਾ ਨਾਲ ਸੁਲਝਾਉਣ ਦਾ ਦਿੱਤਾ ਸੱਦਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੂੰ ਖੁੱਲ੍ਹਾ ਪੱਤਰ ਲਿਖ ਕੇ ਰੇਲਾਂ ਰੋਕਣ ਦੇ ਮਸਲੇ ਨੂੰ ਸਮੂਹਿਕ ਇੱਛਾ ਅਤੇ ਸੂਝ-ਬੂਝ ਨਾਲ ਸੁਲਝਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਮਸਲੇ ਨੂੰ ਨਾ ਸੁਲਝਾਉਣ ‘ਤੇ ਪੰਜਾਬ ਹੀ ਨਹੀਂ ਸਗੋਂ ਲੱਦਾਖ ਅਤੇ ਕਸ਼ਮੀਰ ਵਿਚ ਤਾਇਨਾਤ ਹਥਿਆਰਬੰਦ ਸੈਨਾਵਾਂ ਸਮੇਤ ਸਮੁੱਚੇ ਮੁਲਕ ਲਈ ਖ਼ਤਰਨਾਕ ਸਿੱਟੇ ਨਿਕਲ ਸਕਦੇ ਹਨ। ਮੁੱਖ ਮੰਤਰੀ ਨੇ ਨੱਡਾ ਦੇ ਬਿਆਨ ਸਬੰਧੀ ਕਿਹਾ ਕਿ ਇਹ ਸਮਾਂ ਸਿਆਸੀ ਟਕਰਾਅ ਅਤੇ ਦੂਸ਼ਣਬਾਜ਼ੀ ਦਾ ਨਹੀਂ। ਇਸ ਨਾਜ਼ੁਕ ਸਮੇਂ ‘ਚ ਸਾਰਿਆਂ ਨੂੰ ਆਪਣੇ ਸਿਆਸੀ ਹਿੱਤਾਂ ਨੂੰ ਅੱਗੇ ਵਧਾਉਣ ਦੀ ਬਜਾਏ ਅਜਿਹੀ ਕਿਸੇ ਵੀ ਲਾਲਸਾ ਨੂੰ ਲਾਂਭੇ ਕਰ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਮਾਲ ਗੱਡੀਆਂ ਦੀਆਂ ਸੇਵਾਵਾਂ ਲਗਾਤਾਰ ਮੁਅੱਤਲ ਰਹਿਣ ਨਾਲ ਕੌਮੀ ਸੁਰੱਖਿਆ ਉਪਰ ਪੈਣ ਵਾਲੇ ਪ੍ਰਭਾਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਾ ਸਿਰਫ਼ ਪੰਜਾਬ ਨੂੰ ਸਗੋਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਨੂੰ ਵੱਡੀ ਕਮੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਰੇਲ ਗੱਡੀਆਂ ਬੰਦ ਹੋਣ ਦਾ ਠੰਢ ਸ਼ੁਰੂ ਹੋਣ ਨਾਲ ਹਥਿਆਰਬੰਦ ਸੈਨਾਵਾਂ ਉਪਰ ਬਹੁਤ ਬੁਰਾ ਅਸਰ ਪੈਣਾ ਦੀ ਸੰਭਾਵਨਾ ਹੈ ਕਿਉਂ ਜੋ ਲੱਦਾਖ ਅਤੇ ਵਾਦੀ ਨੂੰ ਜਾਂਦੇ ਮਾਰਗਾਂ ‘ਤੇ ਬਰਫ਼ਬਾਰੀ ਹੋਣ ਨਾਲ ਸਪਲਾਈ ਅਤੇ ਹੋਰ ਵਸਤਾਂ ਦੀ ਕਮੀ ਪੈਦਾ ਹੋ ਸਕਦੀ ਹੈ। ਰੇਲ ਆਵਾਜਾਈ ਦੇ ਲੰਮਾ ਸਮਾਂ ਬੰਦ ਰਹਿਣ ਨਾਲ ਪੰਜਾਬ ਨੂੰ ਪਏ ਘਾਟੇ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਲ ਗੱਡੀਆਂ ਦੀਆਂ ਸੇਵਾਵਾਂ ਹਰੇਕ ਦਿਨ ਮੁਅੱਤਲ ਰਹਿਣ ਦਾ ਮਤਲਬ ਸੂਬੇ ਵਿਚ ਬਿਜਲੀ (ਕੋਲਾ), ਯੂਰੀਆ ਅਤੇ ਡੀਏਪੀ ਦੇ ਸਟਾਕ ਦੀ ਕਮੀ ਦੇ ਮੱਦੇਨਜ਼ਰ ਉਦਯੋਗ, ਖੇਤੀਬਾੜੀ ਅਤੇ ਸਮੁੱਚੇ ਅਰਥਚਾਰੇ ਨੂੰ ਵੱਡਾ ਘਾਟਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਚੀਨ ਅਤੇ ਪਾਕਿਸਤਾਨ ਦੇ ਰੁਖ਼ ਦਰਮਿਆਨ ਹਥਿਆਰਬੰਦ ਫ਼ੌਜਾਂ ਦਾ ਜ਼ਰੂਰੀ ਵਸਤਾਂ ਦੀ ਸਪਲਾਈ ਤੋਂ ਵਾਂਝਾ ਰਹਿਣਾ ਦੇਸ਼ ਲਈ ਵਧੇਰੇ ਖ਼ਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇੱਥੋਂ ਤਕ ਕਿ ਜੇਕਰ ਕਿਸਾਨਾਂ ‘ਤੇ ਮੰਡਰਾ ਰਹੇ ਮੌਜੂਦਾ ਸੰਕਟ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੁਰੱਖਿਆ ਦੇ ਲਿਹਾਜ਼ ਤੋਂ ਪੰਜਾਬ ਨੂੰ ਪਾਕਿਸਤਾਨ ਤੋਂ ਕਾਫ਼ੀ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਈਐੱਸਆਈ ਤੋਂ ਸਮਰਥਨ ਪ੍ਰਾਪਤ ਅੱਤਵਾਦੀ ਸਮੂਹ ਹਮੇਸ਼ਾ ਹੀ ਪੰਜਾਬ ‘ਚ ਗੜਬੜੀ ਪੈਦਾ ਕਰਨ ਦੀ ਤਾਕ ਵਿਚ ਰਹਿੰਦੇ ਹਨ।

ਮੁੱਖ ਮੰਤਰੀ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਦੇ ਬਿਆਨਾਂ ਦਾ ਸਖ਼ਤ ਨੋਟਿਸ ਲੈਂਦਿਆਂ ਮੌਜੂਦਾ ਸੰਕਟ ਦੀ ਸਥਿਤੀ ਵਿਚ ਵੱਖ-ਵੱਖ ਭਾਜਪਾ ਆਗੂਆਂ/ਮੈਂਬਰਾਂ ਵੱਲੋਂ ਹਾਲ ਹੀ ‘ਚ ਕੀਤੀਆਂ ਗਈਆਂ ਟਿੱਪਣੀਆਂ ਨੂੰ ਮੰਦਭਾਗਾ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ‘ਨਕਸਲਵਾਦੀ ਤਾਕਤਾਂ’ ਨਾਲ ਮਿਲੀਭੁਗਤ ਹੋਣ ਦੇ ਝੂਠੇ ਅਤੇ ਬੇਬੁਨਿਆਦ ਦੋਸ਼ ਲਾਉਣਾ ਇਨ੍ਹਾਂ ਵਿਚ ਪ੍ਰਪੱਕਤਾ ਦੀ ਅਤੇ ਮੌਜੂਦਾ ਸਥਿਤੀ ਨੂੰ ਸਮਝਣ ਦੀ ਘਾਟ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕੌਮੀ ਖ਼ੁਰਾਕ ਸੁਰੱਖਿਆ ‘ਚ ਯੋਗਦਾਨ ਨੂੰ ਦੇਖਦਿਆਂ ਨਕਸਲੀਆਂ ਨਾਲ ਉਨ੍ਹਾਂ ਦੀ ਤੁਲਨਾ ਕਰਨਾ ਬੇਹੱਦ ਨਿੰਦਣਯੋਗ ਹੈ।

Related posts

ਸਾਵਧਾਨ ! ਇਸ ਰਾਜ ‘ਚ ਲੋਕਾਂ ਦੇ ਫੇਫੜਿਆਂ ਲਈ ਖਤਰਾ ਬਣ ਗਏ ਕਬੂਤਰ

On Punjab

ਬੇਰੁਜ਼ਗਾਰਾਂ ਵੱਲੋਂ ਪਰਗਟ ਸਿੰਘ ਦੇ ਘਰ ਦੇ ਬਾਹਰ ਆਤਮਦਾਹ ਦੀ ਕੋਸ਼ਿਸ਼, ਪੁਲਿਸ ਗੱਡੀਆਂ ‘ਚ ਭਰ ਕੇ ਲੈ ਗਈ ਪ੍ਰਦਰਸ਼ਨਕਾਰੀ

On Punjab

ਛੱਤਬੀੜ ਚਿੜੀਆਘਰ ਦੇ ਬਾਹਰ ਚਾਰਜਿੰਗ ਸਟੇਸ਼ਨ ਨੂੰ ਅੱਗ ਲੱਗੀ, ਡੇਢ ਦਰਜਨ ਈ-ਰਿਕਸ਼ਾ ਸੜ ਕੇ ਸੁਆਹ

On Punjab