64.63 F
New York, US
June 1, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੈਪਟਨ ਨੂੰ ਸਿਆਸੀ ਵੁੱਕਤ ਘਟਣ ਦਾ ਮਲਾਲ: Kewal Dhillon

ਚੰਡੀਗੜ੍ਹ- ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੁੱਕੇ ਗਏ ਸਵਾਲ ਦਾ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਅਸਲ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਰਾਜਸੀ ਵੁੱਕਤ ਘਟਣ ਦਾ ਮਲਾਲ ਹੈ ਅਤੇ ਉਨ੍ਹਾਂ ਨੇ ਆਪਣੀ ਸਿਆਸੀ ਪੁੱਛਗਿੱਛ ਦੀ ਬਹਾਲੀ ਲਈ ਪੰਜਾਬ ਭਾਜਪਾ ਦੀ ਨਵੀਂ ਪ੍ਰਧਾਨਗੀ ’ਤੇ ਉਂਗਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਨਤਕ ਤੌਰ ’ਤੇ ਨਵੇਂ ਪ੍ਰਧਾਨ ਦੀ ਸਮਰੱਥਾ ’ਤੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਪ੍ਰਧਾਨਗੀ ਸੌਂਪਣ ਤੋਂ ਪਹਿਲਾਂ ਉਨ੍ਹਾਂ ਨਾਲ ਕੋਈ ਮਸ਼ਵਰਾ ਨਹੀਂ ਕੀਤਾ ਗਿਆ ਅਤੇ ਢਿੱਲੋਂ ਪਾਰਟੀ ਦੀਆਂ ਸਿਆਸੀ ਖ਼ਾਹਿਸ਼ਾਂ ’ਤੇ ਖ਼ਰੇ ਨਹੀਂ ਉਤਰ ਸਕਣਗੇ। ਕੇਵਲ ਸਿੰਘ ਢਿੱਲੋਂ ਨੇ ਅੱਜ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਦੌਰਾਨ ਮੋੜਵੇਂ ਰੂਪ ’ਚ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਵੱਲੋਂ ਉਠਾਏ ਨੁਕਤੇ ਦਾ ਜਵਾਬ ਦਿੰਦਿਆਂ ਕਿਹਾ ਕਿ ਕੈਪਟਨ ਹੁਣ ਸਿਆਸਤ ’ਚ ਭੱਲ ਗੁਆ ਬੈਠੇ ਹਨ। ਉਹ ਆਪਣੀ ਗੁਆਚੀ ਸਾਖ ਦੀ ਬਹਾਲੀ ਲਈ ਅਜਿਹਾ ਪੈਂਤੜਾ ਅਜ਼ਮਾ ਰਹੇ ਹਨ। ਢਿੱਲੋਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਵੱਡੇ ਭਰਾ ਹਨ ਅਤੇ ਅੱਜ ਵੀ ਦਿਲ ’ਚ ਬਹੁਤ ਸਤਿਕਾਰ ਹੈ।

ਇਸੇ ਦੌਰਾਨ ਆਪਣਾ ‘ਪੰਜਾਬ ਵਿਜ਼ਨ’ ਸਪੱਸ਼ਟ ਕਰਦਿਆਂ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਲਈ ਪੰਜਾਬ ਦੀ ਕਿਸਾਨੀ ਸਭ ਤੋਂ ਪਹਿਲੀ ਤਰਜੀਹ ਹੈ। ਕਿਸਾਨ ਦੇ ਪੁੱਤਰ ਵਜੋਂ ਉਹ ਪੰਜਾਬ ਦੀ ਕਿਸਾਨੀ ਦਾ ਮੁਹਾਂਦਰਾ ਬਦਲਣ ਲਈ ਹਰ ਵਾਹ ਲਾਉਣਗੇ। ਅਸਲ ’ਚ ਖੇਤੀ ਦੇ ਧੰਦੇ ਨੂੰ ਲਾਹੇਵੰਦਾ ਬਣਾਉਣ ਦੀ ਲੋੜ ਹੈ। ਉਹ ਜਲਦੀ ਭਾਜਪਾ ਲੀਡਰਸ਼ਿਪ ਤੇ ਕੇਂਦਰ ਸਰਕਾਰ ਕੋਲ ਪੰਜਾਬ ਦੀ ਕਿਸਾਨੀ ਦੀ ਮਦਦ ਲਈ ਖ਼ਾਕਾ ਲੈ ਕੇ ਜਾਣਗੇ। ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ’ਚੋਂ ਕੱਢਣ ਲਈ ‘ਕਿਸਾਨੀ ਫ਼ਾਰਮੂਲਾ’ ਤਿਆਰ ਕੀਤਾ ਜਾ ਰਿਹਾ ਹੈ, ਜਿਸ ਤਹਿਤ ਬਦਲਵੀਆਂ ਫ਼ਸਲਾਂ ਦੀ ਬਿਜਾਂਦ ਕਰਵਾ ਕੇ ਉਨ੍ਹਾਂ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਯਕੀਨੀ ਬਣਾਈ ਜਾਵੇਗੀ।

ਕਿਸਾਨਾਂ ਦੇ ਮਨਾਂ ਵਿੱਚ ਭਾਜਪਾ ਪ੍ਰਤੀ ਬਣੀ ਖਟਾਸ ਬਾਰੇ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੇ ਰਾਜਸੀ ਹਿੱਤਾਂ ਲਈ ਇਹ ਗ਼ਲਤ ਬਿਰਤਾਂਤ ਘੜਿਆ ਹੈ। ਜੇ ਫਿਰ ਵੀ ਕਿਸਾਨਾਂ ਅਤੇ ਕੇਂਦਰ ਵਿਚਾਲੇ ਕੋਈ ਖ਼ਲਾਅ ਹੈ, ਤਾਂ ਉਹ ਇਸ ਨੂੰ ਭਰਨ ਲਈ ਪੁਲ ਵਜੋਂ ਕੰਮ ਕਰਨਗੇ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਕਿਸਾਨੀ ਲਈ ਚੁੱਕੇ ਕਦਮਾਂ ਦੇ ਵੇਰਵੇ ਵੀ ਸਾਂਝੇ ਕੀਤੇ। ਢਿੱਲੋਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਵੀ ਕਿਸਾਨੀ ਲਈ ਬੇਮਿਸਾਲ ਕੰਮ ਕੀਤੇ ਹਨ ਅਤੇ ਉਸ ਤਰਜ਼ ’ਤੇ ਪੰਜਾਬ ਦੇ ਕਿਸਾਨਾਂ ਲਈ ਰੋਡਮੈਪ ਤਿਆਰ ਕੀਤਾ ਜਾਵੇਗਾ। ਉਨ੍ਹਾਂ ਐਗਰੋ-ਸਨਅਤਾਂ ਅਤੇ ਕਾਰਗੋ ਟਰਮੀਨਲ ਸਥਾਪਿਤ ਕਰਨ ਦੀ ਵਕਾਲਤ ਕੀਤੀ ਤਾਂ ਜੋ ਪੰਜਾਬ ਦੀਆਂ ਸਬਜ਼ੀਆਂ ਅਤੇ ਫ਼ਲ ਦੂਜੇ ਮੁਲਕਾਂ ਵਿੱਚ ਭੇਜੇ ਜਾ ਸਕਣ।

ਸਾਰੀਆਂ 117 ਸੀਟਾਂ ’ਤੇ ਚੋਣਾਂ ਲੜਨ ਦਾ ਐਲਾਨ- ਅਕਾਲੀ ਦਲ ਨਾਲ ਗੱਠਜੋੜ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਸਥਾਨਕ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਜਮਹੂਰੀਅਤ ਹਾਰੀ ਹੈ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਧੱਕੇਸ਼ਾਹੀ ਜਿੱਤੀ ਹੈ। ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ।

Related posts

Pakistan : ਉੱਤਰ-ਪੱਛਮੀ ਪਾਕਿਸਤਾਨ ਦੇ ਟਾਂਡਾ ਡੈਮ ‘ਤੇ ਬੱਚਿਆਂ ਨਾਲ ਭਰੀ ਕਿਸ਼ਤੀ ਪਲਟੀ, ਹਾਦਸੇ ‘ਚ 10 ਬੱਚਿਆਂ ਦੀ ਮੌਤ, 6 ਜ਼ਖ਼ਮੀ

On Punjab

ਚੀਨ ‘ਚ ਫਿਰ ਪਰਤਿਆ ਕੋਰੋਨਾ, ਆਸਟ੍ਰੇਲੀਆ ਨੇ ਬ੍ਰਿਸਬੇਨ ‘ਚ ਵਧਾਇਆ ਲਾਕਡਾਊਨ ਤਾਂ ਅਮਰੀਕਾ ‘ਚ ਵੀ ਵਿਗੜੇ ਹਾਲਾਤ

On Punjab

ਕੈਪਸ ਕੈਫੇ ਗੋਲੀਬਾਰੀ: ਹਰ ਘਟਨਾ ਤੋਂ ਬਾਅਦ ਸਾਨੂੰ ਵੱਡੀ ਓਪਨਿੰਗ ਮਿਲੀ: ਕਪਿਲ ਸ਼ਰਮਾ

On Punjab