ਸਰੀ- ਕਾਮੇਡੀਅਨ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਵੱਲੋਂ ਪਿਛਲੇ ਦਿਨੀਂ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਚ ਸ਼ੁਰੂ ਕੀਤੇ ਨਵੇਂ ‘Kap’s Cafe’ ’ਤੇ ਲੰਘੀ ਰਾਤ ਅਣਪਛਾਤੇ ਹਮਲਾਵਰਾਂ ਨੇ ਫਾਇਰਿੰਗ ਕੀਤੀ ਹੈ।
ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ ਜਿਸ ਵਿੱਚ ਇੱਕ ਵਿਅਕਤੀ ਕਾਰ ਦੇ ਅੰਦਰੋਂ ਪਿਸਤੌਲ ਨਾਲ ਗੋਲੀ ਚਲਾਉਂਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਇਹ ਸਪਸ਼ਟ ਨਹੀਂ ਕਿ ਹਮਲਾ ਸਿੱਧਾ ਕੈਫ਼ੇ ਜਾਂ ਕਪਿਲ ਸ਼ਰਮਾ ਨੂੰ ਨਿਸ਼ਾਨਾ ਬਣਾਉਣ ਲਈ ਸੀ ਜਾਂ ਨਹੀਂ। ਇਹ ਕਪਿਲ ਦਾ ਪਹਿਲਾ ਕੈਫ਼ੇ ਹੈ, ਜਿਸ ਰਾਹੀਂ ਉਸ ਨੇ ਰੈਸਟੋਰੈਂਟ ਇੰਡਸਟਰੀ ਵਿੱਚ ਕਦਮ ਰੱਖਿਆ। ਪਿਛਲੇ ਦਿਨੀਂ ਉਦਘਾਟਨ ਸਮੇਂ ਕਈ ਸੈਲੀਬ੍ਰਿਟੀਜ਼ ਨੇ ਕਪਿਲ ਨੂੰ ਵਧਾਈ ਦਿੱਤੀ ਸੀ ਅਤੇ ਲੋਕਾਂ ਨੇ ਕੈਫ਼ੇ ਦੀ ਖ਼ੂਬ ਪ੍ਰਸ਼ੰਸਾ ਕੀਤੀ।
ਕਪਿਲ ਸ਼ਰਮਾ ਨੇ ਅਜੇ ਕੁਝ ਦਿਨ ਪਹਿਲਾਂ ਹੀ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸਰੀ ਸ਼ਹਿਰ ’ਚ ਆਪਣੀ ਪਤਨੀ ਗਿੰਨੀ ਨਾਲ ਮਿਲ ਕੇ ‘ਕੈਪਜ਼ ਕੈਫ਼ੇ’ ਨਾਂ ਦਾ ਰੈਸਟੋਰੈਂਟ ਖੋਲ੍ਹਿਆ ਸੀ। ਸੋਸ਼ਲ ਮੀਡੀਆ ਉਪਰ ਰੈਸਟੋਰੈਂਟ ਖੋਲ੍ਹਣ ਦੀ ਖ਼ੁਸ਼ੀ ਸਾਂਝੀ ਕਰਨ ਵਾਲੀ ਇਕ ਵੀਡੀਓ ਲੋਕਾਂ ਦਾ ਧਿਆਨ ਖਿੱਚ ਹੀ ਰਹੀ ਸੀ ਕਿ 9 ਜੁਲਾਈ ਦੀ ਰਾਤ ਕਰੀਬ 2 ਵਜੇ ਦੇ ਕਰੀਬ ਇਹ ਗੋਲ਼ੀਬਾਰੀ ਦੀ ਘਟਨਾ ਵਾਪਰ ਗਈ। ਇਸ ਘਟਨਾ ’ਚ ਕਿਸੇ ਦੇ ਜ਼ਖ਼ਮੀ ਹੋਣ ਜਾਂ ਕੋਈ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ ਭਾਵੇਂ ਕਿ ਗੋਲ਼ੀਬਾਰੀ ਸਮੇਂ ਸਟਾਫ਼ ਕੈਫ਼ੇ ਅੰਦਰ ਮੌਜੂਦ ਸੀ। ਮੌਕੇ ’ਤੇ ਪੁੱਜੀਆਂ ਪੁਲੀਸ ਟੀਮਾਂ ਵੱਲੋਂ ਸੀਸੀ ਟੀਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ। ਇਸ ਘਟਨਾ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਕਾਰ ਵਿਚ ਬੈਠਾ ਅਣਪਛਾਤਾ ਵਿਅਕਤੀ ਰੈਸਟੋਰੈਂਟ ਉਪਰ ਫਾਇਰਿੰਗ ਕਰ ਰਿਹਾ ਹੈ।
ਇਸੇ ਦੌਰਾਨ ਸੋਸ਼ਲ ਮੀਡੀਆ ਉਪਰ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਹਰਜੀਤ ਸਿੰਘ ਲਾਡੀ ਵੱਲੋਂ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਗਈ ਹੈ। ਉਹ ਇਸ ਵੇਲੇ ਜਰਮਨੀ ਵਿਚ ਰਹਿ ਰਿਹਾ ਹੈ ਤੇ ਪੰਜਾਬ ਵਿਚ ਅਪਰੈਲ 2024 ਵਿਚ ਵਿਕਾਸ ਪ੍ਰਭਾਕਰ ਨਾਮ ਦੇ ਵਿਅਕਤੀ ਦੇ ਕਤਲ ਦੇ ਦੋਸ਼ਾਂ ਹੇਠ ਪੁਲੀਸ ਨੂੰ ਲੋੜੀਂਦਾ ਹੈ। ਉੁਹ ਭਾਰਤੀ ਕੌਮੀ ਜਾਂਚ ਏਜੰਸੀ (NIA) ਵੱਲੋਂ ਜਾਰੀ ਲੋੜੀਂਦੇ ਦਹਿਸ਼ਤਗਰਦਾਂ ਦੀ ਸੂਚੀ ਵਿਚ ਵੀ ਸ਼ਾਮਲ ਹੈ। ਬੱਬਰ ਖ਼ਾਲਸਾ ਜਥੇਬੰਦੀ ਨੂੰ ਕੈਨੇਡਾ ਸਰਕਾਰ ਵੱਲੋਂ ਸਾਲ 2023 ਵਿਚ ਦਹਿਸ਼ਤੀ ਜਥੇਬੰਦੀ ਐਲਾਨਿਆ ਗਿਆ ਹੈ। ਇਸੇ ਦੌਰਾਨ ਵਿਦੇਸ਼ਾਂ ਵਿਚ ਖ਼ਾਲਿਸਤਾਨ ਮੁਹਿੰਮ ਚਲਾ ਰਹੇ ਸਿਖਸ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਸ ਗੋਲ਼ੀਬਾਰੀ ਦੀ ਘਟਨਾ ਨੂੰ ਅਤਿਵਾਦ ਨਾਲ ਜੋੜਦਿਆਂ ਖ਼ਾਲਿਸਤਾਨ ਲਹਿਰ ਖ਼ਿਲਾਫ਼ ਸਾਜ਼ਿਸ਼ ਤੇ ਭਾਰਤੀ ਮੀਡੀਆ ਵੱਲੋਂ ਫੈਲਾਇਆ ਜਾ ਰਿਹਾ ਝੂਠ ਕਰਾਰ ਦਿੱਤਾ ਹੈ।