PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੈਨੇਡਾ: ਲਿਬਰਲ ਪਾਰਟੀ 169 ਸੀਟਾਂ ਨਾਲ ਬਹੁਮਤ ਦੇ ਨੇੜੇ ਪੁੱਜੀ

ਵੈਨਕੂਵਰ- ਕੈਨੇਡਾ ਦੀ 45ਵੀਂ ਲੋਕ ਸਭਾ ਲਈ ਹੋਈਆਂ ਚੋਣਾਂ ਵਿਚ ਭਾਵੇਂ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ, ਪਰ ਬਲਾਕ ਕਿਊਬਕਾ ਦੀ ਇੱਕ ਸੀਟ ਪੋਸਟਲ ਬੈਲੇਟ (ਡਾਕ ਵੋਟਾਂ) ਦੀ ਗਿਣਤੀ ’ਚ ਖਿਸਕ ਕੇ ਲਿਬਰਲ ਦੇ ਖਾਤੇ ਪੈਣ ਨਾਲ ਲਿਬਰਲ ਪਾਰਟੀ ਦੀਆਂ ਕੁੱਲ ਸੀਟਾਂ 169 ਹੋ ਗਈਆਂ ਹਨ ਤੇ ਪਾਰਟੀ ਬਹੁਮਤ ਦੇ ਹੋਰ ਨੇੜੇ ਪਹੁੰਚ ਗਈ ਹੈ। ਕਿਸੇ ਵੀ ਪਾਰਟੀ ਨੂੰ 343 ਮੈਂਬਰੀ ਸੰਸਦ ਵਿਚ ਸਪਸ਼ਟ ਬਹੁਮਤ ਲਈ 172 ਦੇ ਜਾਦੂਈ ਅੰਕੜੇ ਦੀ ਦਰਕਾਰ ਹੈ।

ਬੇਸ਼ੱਕ ਕਈ ਹਲਕਿਆਂ ਵਿੱਚ ਜਿੱਤ ਹਾਰ ਦਾ ਫ਼ਰਕ ਹਜ਼ਾਰਾਂ ਤੱਕ ਗਿਆ, ਪਰ 9 ਹਲਕਿਆਂ ਵਿੱਚ ਇਹ ਫਰਕ 500 ਵੋਟਾਂ ਤੋਂ ਘੱਟ ਰਿਹਾ। ਦੋ ਹਲਕਿਆਂ ਦਾ ਫਰਕ ਤਾਂ 50 ਵੋਟਾਂ ਤੋਂ ਵੀ ਘੱਟ ਰਿਹਾ, ਜਿੱਥੇ ਡਾਕ ਵੋਟਾਂ ਦੀ ਗਿਣਤੀ ਅਕਸਰ ਨਤੀਜਿਆਂ ਵਿਚ ਹੇਰਫੇਰ ਕਰਨ ਦੇ ਸਮਰੱਥ ਹੁੰਦੀ ਰਹੀ ਹੈ। ਇੱਕ ਹਲਕੇ ਵਿੱਚ ਜਿੱਤ ਹਾਰ 12 ਤੇ ਦੂਜੇ ਵਿੱਚ 35 ਵੋਟਾਂ ਨਾਲ ਹੋਈ, ਜਿੱਥੇ ਨਿਯਮਾਂ ਅਨੁਸਾਰ ਮੁੜ ਗਿਣਤੀ ਕਰਾਈ ਜਾਏਗੀ। ਘੱਟ ਫਰਕ ਵਾਲੇ ਹੋਰ ਹਲਕਿਆਂ ਵਿਚ ਕਿਸੇ ਵੱਲੋਂ ਇਤਰਾਜ਼ ਕਰਨ ’ਤੇ ਵੋਟਾਂ ਦੀ ਗਿਣਤੀ ਮੁੜ ਕਰਵਾਈ ਜਾ ਸਕਦੀ ਹੈ। ਹਲਕੇ ਦਾ ਵੋਟਰ ਇਤਰਾਜ਼ ਕਰ ਸਕਦਾ ਹੈ।

ਹੋਰਨਾਂ ਹਲਕਿਆਂ ਵਿੱਚ ਮਿਲਟਨ ਪੂਰਬੀ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਪਰਮ ਗਿੱਲ ਦੀ ਜਿੱਤ ਦਾ ਫਰਕ 298 ਵੋਟਾਂ ਹੈ। ਇਸੇ ਤਰ੍ਹਾਂ ਵੈਨਕੂਵਰ ਕਿੰਗਜ਼ਵੇਅ ਸੀਟ ਤੋਂ ਐਨਡੀਪੀ ਉਮੀਦਵਾਰ ਨੇ ਲਿਬਰਲ ਪਾਰਟੀ ਦੇ ਐਮੀ ਗਿੱਲ ਨੂੰ 310 ਵੋਟਾਂ ਨਾਲ ਪਛਾੜਿਆ ਹੈ। ਉਸ ਹਲਕੇ ਤੋਂ 940 ਡਾਕ ਜਾਰੀ ਹੋਈਆਂ ਸਨ, ਜਿਨ੍ਹਾਂ ਦੀ ਗਿਣਤੀ ਹੋਣੀ ਹੈ। ਬਰੈਂਪਟਨ ਕੇਂਦਰੀ ਹਲਕੇ ਤੋਂ ਪਹਿਲੀ ਵਾਰ ਮੈਦਾਨ ’ਚ ਕੁੱਦ ਕੇ ਜੇਤੂ ਰਹੇ ਲਿਬਰਲ ਉਮੀਦਵਾਰ ਅਮਨਦੀਪ ਸੋਢੀ ਦਾ ਫਰਕ ਵੀ 340 ਹੈ। ਇਸੇ ਤਰ੍ਹਾਂ ਕਿਚਨਰ ਕੇਂਦਰੀ ਹਲਕੇ ਤੋਂ ਗਰੀਨ ਪਾਰਟੀ ਦੀ ਪੱਕੀ ਸੀਟ ਖੋਹਣ ਵਾਲੇ ਕੰਜ਼ਰਵੇਟਿਵ ਜੇਤੂ ਦਾ ਫਰਕ 358 ਹੈ ਤੇ ਨਿਊ ਬ੍ਰੰਸਵਿਕ ਦੇ ਮਿਰਾਮਿਚੀ ਹਲਕੇ ਤੋਂ ਜੇਤੂ ਕੰਜ਼ਰਵੇਟਿਵ ਨੇ ਵੀ ਲਿਬਰਲ ਉਮੀਦਵਾਰ ਨੂੰ 394 ਵੋਟਾਂ ਨਾਲ ਹੀ ਹਰਾਇਆ ਹੈ।

ਲਿਬਰਲ ਆਗੂ ਮਾਰਕ ਕਾਰਨੀ ਨੂੰ ਚੋਣਾਂ ਵਿੱਚ ਜਿੱਤ ਦਰਜ ਕਰਾਉਣ ਲਈ ਕਈ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਜਾਂ ਰਾਸ਼ਟਰਪਤੀਆਂ ਵਲੋਂ ਵਧਾਈ ਸੰਦੇਸ਼ ਭੇਜਣ ਦਾ ਸਿਲਸਿਲਾ ਜਾਰੀ ਹੈ। ਦੇਸ਼ ਦੇ ਵੱਖ ਵੱਖ ਥਾਵਾਂ ’ਤੋਂ ਜਿੱਤ ਹਾਸਲ ਕਰਨ ਵਾਲੇ ਲਿਬਰਲ ਉਮੀਦਵਾਰਾਂ ’ਚੋਂ ਬਹੁਤਿਆਂ ਨੇ ਵੋਟਰਾਂ ਦਾ ਧੰਨਵਾਦ ਕਰਨ ਮਗਰੋ ਓਟਵਾ ਵੱਲ ਵਹੀਰਾਂ ਘਤ ਲਈਆਂ ਹਨ ਤਾਂ ਕਿ ਵਜ਼ਾਰਤ ਵਿੱਚ ਹੋਣ ਵਾਲੇ ਸੰਭਾਵੀ ਫੇਰਬਦਲ ਮੌਕੇ ਉਹ ਵੀ ਨਜ਼ਰ ਹੇਠ ਆ ਸਕਣ। ਕਾਰਲਟਨ ਹਲਕੇ ਤੋਂ ਕੰਜ਼ਰਵੇਟਿਵ ਆਗੂ ਪੀਅਰੇ ਪੋਲਿਵਰ ਨੂੰ ਵੱਡੇ ਫਰਕ ਨਾਲ ਹਰਾਉਣ ਵਾਲੇ ਲਿਬਰਲ ਉਮੀਦਵਾਰ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਸ ਦੇ ਵਿਰੋਧੀ ਨੇ ਹਲਕੇ ਦੇ ਵੋਟਰਾਂ ਨੂੰ ਝੋਲੀ ਵਿੱਚ ਸਮਝਿਆ ਹੋਇਆ ਸੀ।

Related posts

ਨੇਪਾਲ ’ਚ ਭਾਰੀ ਬਾਰਿਸ਼ ਦੇ ਚੱਲਦੇ ਆਏ ਹੜ੍ਹ ਨਾਲ ਹਾਲਾਤ ਬੇਕਾਬੂ, ਹੁਣ ਤਕ ਵੱਡੀ ਗਿਣਤੀ ’ਚ ਹੋਈ ਲੋਕਾਂ ਦੀ ਮੌਤ; ਜਾਣੋ ਤਾਜ਼ਾ ਅਪਡੇਟ

On Punjab

ਭਾਰਤੀ ਤੱਟ ਰੱਖਿਅਕਾਂ ਨੇ ਕਾਰਗੋ ਜਹਾਜ਼ ਦੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਬਚਾਇਆ

On Punjab

ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਚਾਲੇ ਭਾਸ਼ਣ ਛੱਡ ਕੇ ਔਰਤ ਤੋਂ ਬੰਨ੍ਹਵਾਈ ਰੱਖੜੀ

On Punjab