PreetNama
ਸਮਾਜ/Social

ਕੁਦਰਤ ਦਾ ਕ੍ਰਿਸ਼ਮਾ! ਸੁਪਰੀਮ ਕੋਰਟ, ਗ੍ਰੀਨ ਟ੍ਰਿਬਿਊਨਲ, ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਜੋ ਮਹੀਨਿਆਂ ਤੱਕ ਨਹੀਂ ਕਰ ਸਕੀਆਂ, ਕੁਦਰਤ ਨੇ ਮਿੰਟਾਂ ‘ਚ ਕਰ ਵਿਖਾਇਆ

ਨਵੀਂ ਦਿੱਲੀ: ਸੁਪਰੀਮ ਕੋਰਟ, ਕੌਮੀ ਗ੍ਰੀਨ ਟ੍ਰਿਬਿਊਨਲ, ਕੇਂਦਰ ਤੇ ਕਈ ਸੂਬਿਆਂ ਦੀਆਂ ਸਰਕਾਰਾਂ ਜਿਹੜਾ ਕੰਮ ਕਈ ਮਹੀਨਿਆਂ ਤੱਕ ਨਹੀਂ ਕਰ ਸਕੀਆਂ, ਉਸ ਨੂੰ ਕੁਦਰਤ ਨੇ ਕੁਝ ਮਿੰਟਾਂ ਵਿੱਚ ਹੀ ਕਰ ਦਿੱਤਾ। ਜੀ ਹਾਂ, ਇਸ ਨੂੰ ਵੀ ਕੁਦਰਤ ਦਾ ਕ੍ਰਿਸ਼ਮਾ ਹੀ ਸਮਝੋ, ਕਿ ਦਿੱਲੀ ਵਿੱਚ ਜਿਹੜਾ ਹਵਾ ਦਾ ਮਿਆਰ ਸੂਚਕ ਅੰਕ (AQI) 999 ਤੱਕ ਪੁੱਜ ਗਿਆ ਸੀ, ਉਹ ਰਾਤੋ-ਰਾਤ 200 ਤੱਕ ਹੋ ਗਿਆ।

ਦਰਅਸਲ ਭਾਰਤ ਦੀ ਰਾਜਧਾਨੀ ਦਿੱਲੀ (Delhi) ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਐਤਵਾਰ ਨੂੰ ਪਏ ਮੀਂਹ ਤੋਂ ਬਾਅਦ ਸੋਮਵਾਰ ਦੀ ਸਵੇਰ ਨੂੰ ਪ੍ਰਦੂਸ਼ਣ ਦੇ ਪੱਧਰ ਵਿੱਚ ਭਾਰੀ ਗਿਰਾਵਟ ਵੇਖਣ ਨੂੰ ਮਿਲੀ ਹੈ। ਅੱਜ ਸਵੇਰੇ ਦਿੱਲੀ ਦੇ ਸਾਰੇ ਕੇਂਦਰਾਂ ’ਤੇ ਹਵਾ ਦੀ ਗੁਣਵੱਤਾ ਦਾ ਪੱਧਰ 200 ਤੋਂ ਹੇਠਾਂ ਦਰਜ ਕੀਤਾ ਗਿਆ।

ਹਵਾ ’ਚ ਸੁਧਾਰ ਕਾਰਣ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਰਹਿੰਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਉਨ੍ਹਾਂ ਨੂੰ ਅੱਖਾਂ ’ਚ ਹੋ ਰਹੀ ਜਲਣ ਤੇ ਸਾਹ ਲੈਣ ’ਚ ਔਖ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਮਿਲ ਗਿਆ ਹੈ। ਅੱਜ ਦਿੱਲੀ ’ਚ ਮੌਸਮ ਸਾਫ਼ ਹੋਣ ਕਾਰਨ ਆਵਾਜਾਈ ਵਿੱਚ ਕੋਈ ਪ੍ਰੇਸ਼ਾਨੀ ਨਹੀਂ। ਦੱਸ ਦੇਈਏ ਕਿ ਸਨਿੱਚਰਵਾਰ ਨੂੰ ਦੀਵਾਲੀ ਦੇ ਦਿਨ ਦਿੱਲੀ ਦੇ ਕਈ ਇਲਾਕਿਆਂ ’ਚ ਹਵਾ ਦਾ ਮਿਆਰ ਸੂਚਕ ਅੰਕ (AQI) 999 ਤੱਕ ਪੁੱਜ ਗਿਆ ਸੀ।
ਮੌਸਮ ਵਿਭਾਗ ਮੁਤਾਬਕ ਤਾਜ਼ਾ ਪੱਛਮੀ ਗੜਬੜੀ ਕਾਰਣ ਇਹ ਮੀਂਹ ਪਿਆ ਹੈ ਤੇ ਤੇਜ਼ ਹਵਾ ਚੱਲਣ ਕਾਰਣ ਪ੍ਰਦੂਸ਼ਣ ਫੈਲਾਉਣ ਵਾਲੇ ਤੱਤ ਖਿੰਡ ਗਏ ਹਨ। ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਦੋ ਥਾਂਵਾਂ ਉੱਤੇ ਹਵਾ ਦਾ ਮਿਆਰ ਸਭ ਤੋਂ ਬਿਹਤਰ ਰਿਹਾ। ਫ਼ਰੀਦਾਬਾਦ ਦੇ ਸੈਕਟਰ 30 ਤੇ ਗ਼ਾਜ਼ੀਆਬਾਦ ਦੇ ਲੋਨੀ ’ਚ ਹਵਾ ਦਾ ਮਿਆਰ ਪੱਧਰ 151 ਦਰਜ ਕੀਤਾ ਗਿਆ।

ਉੱਧਰ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਉੱਤੇ AQI 184 ਅਤੇ ਆਨੰਦ ਵਿਹਾਰ ’ਚ 186 ਦਰਜ ਕੀਤਾ ਗਿਆ। ਦਿੱਲੀ ਦੇ ਇਲਾਕਿਆਂ ’ਚ 0.4 ਮਿਲੀਮੀਟਰ ਤੋਂ ਲੈ ਕੇ 2.5 ਮਿਲੀਮੀਟਰ ਤੱਕ ਵਰਖਾ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਨਾਲ ਹਵਾ ਦੇ ਮਿਆਰ ਵਿੱਚ ਸੁਧਾਰ ਹੋ ਸਕਦਾ ਹੈ। ਉਂਝ ਆਉਣ ਵਾਲੇ ਸਾਰੇ ਹਫ਼ਤੇ ਦਿੱਲੀ ਵਿੱਚ ਧੁੰਦ ਛਾਈ ਰਹੇਗੀ ਤੇ ਤਾਪਮਾਨ ਦੋ ਡਿਗਰੀ ਘਟੇਗਾ।

Related posts

ਅਸਾਮ: 3 ਦਿਨਾਂ ਤੋਂ ਨਦੀ ‘ਚ ਲੱਗੀ ਅੱਗ ਦੇ ਧੂੰਏਂ ਨੇ ਇਲਾਕੇ ਨੂੰ ਕੀਤਾ ਕਾਲਾ

On Punjab

ਪੰਜਾਬ ‘ਚ ਮੀਂਹ ਤੋਂ ਬਾਅਦ 14 ਡਿਗਰੀ ਤੱਕ ਡਿੱਗਿਆ ਤਾਪਮਾਨ, 4 ਤੇ 5 ਮਈ ਨੂੰ ਵੀ ਛਾਏ ਰਹਿਣਗੇ ਬੱਦਲ

On Punjab

Halloween Stampede : ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਰਾਸ਼ਟਰੀ ਸੋਗ ਦਾ ਕੀਤਾ ਐਲਾਨ, ਦੂਤਾਵਾਸ ਨੇ ਝੁਕਾਇਆ ਝੰਡਾ ਅੱਧਾ

On Punjab