ਚੰਡੀਗਡ਼੍ਹ- ਪਾਕਿਸਤਾਨ ਵਿੱਚ ਸਿੱਖ ਜੱਥੇ ਨਾਲ ਜਾ ਕੇ ਧਰਮ ਪਰਿਵਰਤਨ ਕਰਨ ਅਤੇ ਨਿਕਾਹ ਕਰਵਾਉਣ ਵਾਲੀ ਭਾਰਤੀ ਮਹਿਲਾ ਸਰਬਜੀਤ ਕੌਰ ਉਰਫ਼ ਨੂਰ ਹੁਸੈਨ ਦੀ ਵਾਪਸੀ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਰਹੱਸ ਬਣਿਆ ਹੋਇਆ ਹੈ। ਹਾਲਾਂਕਿ ਪਾਕਿਸਤਾਨੀ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਇਹ ਖਬਰਾਂ ਤੇਜ਼ ਸਨ ਕਿ ਉਸ ਨੂੰ ਵਾਘਾ ਸਰਹੱਦ ਰਾਹੀਂ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ, ਪਰ ਦੋ ਦਿਨ ਬੀਤ ਜਾਣ ਦੇ ਬਾਵਜੂਦ ਉਹ ਅਜੇ ਤੱਕ ਭਾਰਤੀ ਸਰਹੱਦ ‘ਤੇ ਨਹੀਂ ਪਹੁੰਚੀ ਹੈ।
ਗ਼ੌਰਤਲਬ ਹੈ ਕਿ ਸਰਬਜੀਤ ਕੌਰ ਨਵੰਬਰ 2025 ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜੱਥੇ ਨਾਲ ਪਾਕਿਸਤਾਨ ਗਈ ਸੀ, ਪਰ ਉੱਥੇ ਪਹੁੰਚ ਕੇ ਉਸ ਨੇ ਇਸਲਾਮ ਕਬੂਲ ਕਰ ਲਿਆ ਅਤੇ ਲਾਹੌਰ ਦੇ ਇੱਕ ਵਿਅਕਤੀ ਨਾਸਿਰ ਹੂਸੈਨ ਨਾਲ ਨਿਕਾਹ ਕਰਵਾ ਕੇ ਆਪਣਾ ਨਾਂ ‘ਨੂਰ ਹੁਸੈਨ’ ਰੱਖ ਲਿਆ।
ਪਾਕਿਸਤਾਨੀ ਅਧਿਕਾਰੀਆਂ ਨੇ ਉਸ ਦਾ ਵੀਜ਼ਾ ਖਤਮ ਹੋਣ ਤੋਂ ਬਾਅਦ ਉਸ ਨੂੰ ‘ਓਵਰਸਟੇ’ ਦੇ ਕੇਸ ਵਿੱਚ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਸੂਤਰਾਂ ਅਨੁਸਾਰ, ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (FIA) ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲਿਆ ਸੀ ਤਾਂ ਜੋ ਉਸ ਨੂੰ ਵਾਘਾ ਬਾਰਡਰ ’ਤੇ ਬੀ ਐੱਸ ਐੱਫ ਦੇ ਹਵਾਲੇ ਕੀਤਾ ਜਾ ਸਕੇ। ਪਰ ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਕੌਰ ਨੇ ਭਾਰਤ ਆਉਣ ਤੋਂ ਇਨਕਾਰ ਕਰਦਿਆਂ ਦਲੀਲ ਦਿੱਤੀ ਹੈ ਕਿ ਉਸ ਦੀ ਜਾਨ ਨੂੰ ਭਾਰਤ ਵਿੱਚ ਖ਼ਤਰਾ ਹੋ ਸਕਦਾ ਹੈ।
ਉਧਰ ਪਾਕਿਸਤਾਨੀ ਮੀਡੀਆ ਹਾਊਸ ਡਾਨ ਦੀ ਰਿਪੋਰਟ ਅਨੁਸਾਰ, ‘‘ਪਾਕਿਸਤਾਨੀ ਅਧਿਕਾਰੀ ਸੋਮਵਾਰ ਨੂੰ ਭਾਰਤੀ ਨਾਗਰਿਕ ਸਰਬਜੀਤ ਕੌਰ ਨੂੰ ਵਾਘਾ-ਅਟਾਰੀ ਸਰਹੱਦ ਬੰਦ ਹੋਣ ਕਾਰਨ ਡਿਪੋਰਟ ਕਰਨ ਵਿੱਚ ਅਸਫਲ ਰਹੇ। ਉਸ ਦਾ ਵੀਜ਼ਾ 13 ਨਵੰਬਰ ਤੱਕ ਵੈਧ ਸੀ। ਉਹ ਉਨ੍ਹਾਂ 1,992 ਸਿੱਖ ਸ਼ਰਧਾਲੂਆਂ ਵਿੱਚ ਸ਼ਾਮਲ ਸੀ ਜੋ ਧਾਰਮਿਕ ਸਮਾਗਮਾਂ ਲਈ ਪਾਕਿਸਤਾਨ ਗਏ ਸਨ ਅਤੇ 13 ਨਵੰਬਰ ਨੂੰ ਭਾਰਤ ਪਰਤ ਗਏ ਸਨ, ਪਰ ਉਹ ਪਿੱਛੇ ਰਹਿ ਗਈ ਜਿਸ ਕਾਰਨ ਉਸ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਹੋਈ।’’ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 5 ਨਵੰਬਰ ਨੂੰ ਸਰਬਜੀਤ ਕੌਰ ਨੇ ਇਸਲਾਮ ਕਬੂਲ ਕਰ ਲਿਆ ਸੀ, ਇੱਕ ਪਾਕਿਸਤਾਨੀ ਨਾਗਰਿਕ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ ਅਤੇ ਆਪਣਾ ਨਾਮ ਨੂਰ ਹੁਸੈਨ ਰੱਖ ਲਿਆ।
ਡਾਨ ਦੀ ਰਿਪੋਰਟ ਅਨੁਸਾਰ ਪੰਜਾਬ(ਪਾਕਿਸਤਾਨ) ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਮੀਡੀਆ ਨੂੰ ਦੱਸਿਆ ਸੀ ਕਿ 48 ਸਾਲਾ ਔਰਤ ਨੂੰ ਕਾਨੂੰਨੀ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ, ਹਾਲਾਂਕਿ ਫੈਡਰਲ ਇਨਵੈਸਟੀਗੇਸ਼ਨ ਏਜੰਸੀ (FIA) ਦੇ ਅਧਿਕਾਰੀ ਔਰਤ ਨੂੰ ਡਿਪੋਰਟ ਕਰਨ ਲਈ ਵਾਘਾ ਸਰਹੱਦ ‘ਤੇ ਲੈ ਕੇ ਆਏ ਸਨ। ਪੰਜਾਬ ਰੇਂਜਰਸ ਦੇ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਸਰਹੱਦ ਬੰਦ ਹੋਣ ਕਾਰਨ ਕੌਰ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ।
ਦੂਜੇ ਪਾਸੇ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਦੀਆਂ ਕਾਨੂੰਨੀ ਏਜੰਸੀਆਂ ਨੇ ਭਾਰਤੀ ਨਾਗਰਿਕ ਸਰਬਜੀਤ ਕੌਰ (48) ਦੇ ਦੇਸ਼ ਨਿਕਾਲੇ (deportation) ਦੀ ਪ੍ਰਕਿਰਿਆ ਨੂੰ ਲਾਹੌਰ ਹਾਈ ਕੋਰਟ ਵਿੱਚ ਪੈਂਡਿੰਗ ਕਈ ਪਟੀਸ਼ਨਾਂ ਦਾ ਹਵਾਲਾ ਦਿੰਦੇ ਹੋਏ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤਾ ਹੈ। ਪਾਕਿਸਤਾਨ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਸਰਬਜੀਤ ਇਸ ਸਮੇਂ ਲਾਹੌਰ ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਅਗਲੇ ਹੁਕਮਾਂ ਤੱਕ ਸ਼ਹਿਰ ਦੇ ਇੱਕ ਸੇਫ਼ ਹਾਊਸ ਵਿੱਚ ਰੱਖੀ ਗਈ ਹੈ, ਜਿਸ ਦੀਆਂ ਤਸਵੀਰਾਂ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਉਸ ਨੂੰ 4 ਜਨਵਰੀ ਨੂੰ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਜੋੜੇ ਨੇ ਪੁਲੀਸ ਪਰੇਸ਼ਾਨੀ ਵਿਰੁੱਧ ਹਾਈ ਕੋਰਟ ਤੋਂ ਰਾਹਤ ਲਈ ਸੀ ਅਤੇ ਸਰਬਜੀਤ ਨੇ ਪਾਕਿਸਤਾਨੀ ਨਾਗਰਿਕਤਾ ਲਈ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕਰਨ ਦਾ ਦਾਅਵਾ ਵੀ ਕੀਤਾ ਸੀ, ਪਰ ਦੂਜੇ ਪਾਸੇ ਸਾਬਕਾ ਵਿਧਾਇਕ ਮਹਿੰਦਰ ਪਾਲ ਸਿੰਘ ਨੇ ਵੀਜ਼ਾ ਨਿਯਮਾਂ ਦੀ ਉਲੰਘਣਾ ਦੇ ਅਧਾਰ ‘ਤੇ ਉਸ ਨੂੰ ਤੁਰੰਤ ਭਾਰਤ ਭੇਜਣ ਲਈ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਕਾਰਨ ਅਦਾਲਤੀ ਫੈਸਲੇ ਤੱਕ ਉਸ ਦੀ ਵਾਪਸੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਫਿਲਹਾਲ, ਸਰਬਜੀਤ ਕੌਰ ਅਸਲ ਵਿੱਚ ਪਾਕਿਸਤਾਨ ਵਿੱਚ ਕਿੱਥੇ ਹੈ, ਇਸ ਬਾਰੇ ਕੋਈ ਸਪੱਸ਼ਟ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

