63.55 F
New York, US
October 16, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਿਸਾਨਾਂ ਤੇ ਵਿਦਿਆਰਥੀਆਂ ਨੇ ਰੋਸ ਪ੍ਰਗਟਾਇਆ

ਪਟਿਆਲਾ-  ਪੰਜਾਬ ਬੰਦ ਦੇ ਸੱਦੇ ਵਜੋਂ ਪਟਿਆਲਾ ਸ਼ਹਿਰ ਤੇ ਆਸ-ਪਾਸ ਦੇ ਕਸਬਿਆਂ ’ਚ ਮੁਕੰਮਲ ਬੰਦ ਰਿਹਾ। ਸ਼ਹਿਰ ਦੇ ਵੱਡੇ-ਛੋਟੇ ਬਾਜ਼ਾਰ ਬੰਦ ਰਹਿਣ ਨਾਲ ਸ਼ਹਿਰੀ ਕਾਰੋਬਾਰ ਪ੍ਰਭਾਵਿਤ ਰਿਹਾ| ਨਸ਼ਿਆਂ ਖ਼ਿਲਾਫ਼ ਜੂਝਦਿਆਂ ਜਾਨ ਨਿਛਾਵਰ ਕਰ ਗਏ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਲਈ ਕਈ ਥਾਵਾਂ ’ਤੇ ਆਪਮੁਹਾਰੇ ਇਕੱਤਰ ਲੋਕਾਂ ਵੱਲੋਂ ਮੁਜ਼ਾਹਰਿਆਂ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਵੱਡਾ ਗੁੱਸਾ ਜ਼ਾਹਿਰ ਕੀਤਾ ਗਿਆ| ਸ਼ਹਿਰ ਦੇ ਬਾਹਰਵਾਰ ਪੈਂਦੀਆਂ ਪ੍ਰਮੁੱਖ ਸੜਕਾਂ ’ਤੇ ਕਿਸਾਨਾਂ ਤੇ ਵਿਰੋਧੀ ਸਿਆਸੀ ਧਿਰਾਂ, ਧਾਰਮਿਕ, ਸਮਾਜਿਕ, ਵਪਾਰੀ, ਵਿਦਿਆਰਥੀ ਤੇ ਮੁਲਾਜ਼ਮ ਧਿਰਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਗਏ| ਧਰੇੜੀ ਜੱਟਾਂ ਟੌਲ ਪਲਾਜ਼ਾ ’ਤੇ ਕਿਸਾਨਾਂ-ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਤੇ ਐੱਨ ਐੱਚ 7 ਨੰਬਰ ਨੂੰ ਕਈ ਘੰਟੇ ਬੰਦ ਰੱਖਿਆ ਗਿਆ। ਇਸ ਦੌਰਾਨ ਬੱਸ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ| ਬੰਦ ਦੌਰਾਨ ਪੁਲੀਸ ਵੀ ਮੁਸਤੈਦ ਰਹੀ| ਬੰਦ ਦੇ ਸੱਦੇ ’ਤੇ ਵਧੇਰੇ ਕਰਕੇ ਕਿਸਾਨ ਤੇ ਵਿਦਿਆਰਥੀ ਜਥੇਬੰਦੀਆਂ ਸਰਗਰਮ ਭੂਮਿਕਾ ’ਚ ਵੇਖਣ ਨੂੰ ਮਿਲੀਆਂ| ਸੰਗਰੂਰ ਰੋਡ ’ਤੇ ਭੇਡਪੁਰਾ ਕੋਲ ਕਿਸਾਨਾਂ ਨੇ ਸੜਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ| ਇਸੇ ਤਰ੍ਹਾਂ ਭਾਦਸੋਂ ਰੋਡ ’ਤੇ ਵੀ ਕਿਸਾਨਾਂ ਵੱਲੋਂ ਭਾਖੜਾ ਨਹਿਰ ਦੇ ਪੁਲ ’ਤੇ ਜਾਮ ਲਾਇਆ ਗਿਆ| ਭਾਦਸੋਂ ਚੁੰਗੀ ਤੇ ਨਵੇਂ ਬੱਸ ਸਟੈਂਡ ਕੋਲ ਵੀ ਕਿਸਾਨਾਂ, ਰਾਜਸੀ ਧਿਰਾਂ ਤੇ ਸਮਾਜਿਕ ਕਾਰਕੁਨਾਂ ਨੇ ਪ੍ਰਦਰਸ਼ਨ ਕੀਤਾ| ਸਰਹਿੰਦ ਰੋਡ ’ਤੇ ਵੀ ਕਈ ਥਾਵਾਂ ’ਤੇ ਪ੍ਰਦਰਸ਼ਨ ਕੀਤੇ ਗਏ| ਵਿਦਿਅਕ ਅਦਾਰੇ ਭਾਵੇਂ ਬੰਦ ਰਹੇ ਪ੍ਰੰਤੂ ਸਰਕਾਰੀ ਸਕੂਲ ਖੁੱਲ੍ਹੇ ਰਹੇ, ਪਰ ਵਿਦਿਆਰਥੀਆਂ ਦੀ ਹਾਜ਼ਰੀ ਮਨਫ਼ੀ ਰਹੀ| ਸਰਕਾਰੀ ਦਫ਼ਤਰ ਕਰੀਬ ਆਮ ਵਾਂਗ ਕਾਰਜ਼ਸ਼ੀਲ ਰਹੇ| ਵਿਰੋਧੀ ਧਿਰਾਂ ਦੇ ਆਗੂਆਂ ਦੀ ਮੈਦਾਨ ’ਚ ਸਰਗਰਮੀ ਘੱਟ ਵੇਖਣ ਨੂੰ ਮਿਲੀ, ਪ੍ਰੰਤੂ ਪੰਥਕ ਮੁਹਾਜ਼ ਹੇਠ ਸਰਗਰਮ ਮਿਸਲ ਸਤਲੁਜ ਦੇ ਇਸਤਰੀ ਵਿੰਗ ਦੇ ਸੂਬਾ ਪ੍ਰਧਾਨ ਬੀਬੀ ਜਸਮੀਤ ਕੌਰ ਛੀਨਾ ਤੇ ਮੁਲਾਜ਼ਮ ਆਗੂ ਮਨਜੀਤ ਸਿੰਘ ਚਹਿਲ ਆਪਣੇ ਸਾਥੀਆਂ ਨਾਲ ਪ੍ਰਦਰਸ਼ਨਾਂ ’ਚ ਡਟੇ ਰਹੇ| ਵਿਦਿਆਰਥੀ ਆਗੂ ਯਾਦਵਿੰਦਰ ਸਿੰਘ ਯਾਦੂ ਤੇ ਵੱਖ ਵੱਖ ਹੋਰ ਵਿਦਿਆਰਥੀ ਆਗੂਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ਨੂੰ ਬੰਦ ਰੱਖ ਕੇ ਅੱਗੇ ਰੋਸ ਪ੍ਰਦਰਸ਼ਨ ਕੀਤਾ| ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦਾ ਪ੍ਰਬੰਧਕੀ ਦਫ਼ਤਰ ਬੰਦ ਰੱਖ ਕੇ ਪੰਜਾਬ ਬੰਦ ਦੇ ਸੱਦ ਦਾ ਭਰਵਾਂ ਸਮਰਥਨ ਕੀਤਾ| ਬਹਾਦਰਗੜ੍ਹ, ਡਕਾਲਾ, ਨਵਾਂ ਗਾਓ, ਬਲਬੇੜਾ, ਕਰਹਾਲੀ ਸਾਹਿਬ ਤੇ ਵੱਡੇ ਕਸਬਿਆਂ ’ਚ ਵੀ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ| ਬੰਦ ਦਾ ਸੱਦਾ ਸ਼ਾਮ ਪੰਜ ਵਜੇ ਤੱਕ ਸੀ|

Related posts

ਹਿੰਦੂ ਮੰਦਰਾਂ ‘ਤੇ ਹਮਲੇ ਦੀ ਅਮਰੀਕੀ ਕਾਂਗਰਸ ਨੇ ਕੀਤੀ ਨਿੰਦਾ, ਕਿਹਾ- ਸਾਨੂੰ ਕਿਸੇ ਵੀ ਤਰ੍ਹਾਂ ਦਾ ਡਰ ਬਰਦਾਸ਼ਤ ਨਹੀਂ ਕਰਨਾ ਚਾਹੀਦੈ

On Punjab

ਜਾਣੋ ਕੱਦੂ ਦੇ ਬੀਜਾਂ ਦੇ ਚਮਤਕਾਰੀ ਫਾਇਦੇ, ਇਨ੍ਹਾਂ ਬਿਮਾਰੀਆਂ ਨੂੰ ਕੰਟਰੋਲ ਕਰਨ ‘ਚ ਮਦਦਗਾਰ

On Punjab

ਸਭ ਤੋਂ ਮਹਿੰਗੇ ਚਲਾਨ ਦਾ ਨੈਸ਼ਨਲ ਰਿਕਾਰਡ, ਟਰੱਕ ਦਾ ਕੱਟਿਆ 1.41 ਲੱਖ ਦਾ ਚਲਾਨ

On Punjab