67.21 F
New York, US
August 27, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਰੀਬ 54 ਸਾਲ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤ ਵੇਲੇ ਬੱਤੀਆਂ ਬੁਝਾਈਆਂ ਗਈਆਂ

ਅੰਮ੍ਰਿਤਸਰ- ਭਾਰਤ ਤੇ ਪਾਕਿਸਤਾਨ ਦਰਮਿਆਨ 1971 ਵਿੱਚ ਹੋਈ ਜੰਗ ਉਪਰੰਤ ਲਗਭਗ 54 ਸਾਲ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੀ ਰਾਤ ਕੈਂਪਸ ਦੀਆਂ ਲਾਈਟਾਂ ਨੂੰ ਬੰਦ ਕੀਤਾ ਗਿਆ ਹੈ। ਭਾਰਤ ਪਾਕਿਸਤਾਨ ਵਿਚਾਲੇ ਬਣੇ ਤਣਾਅ ਵਾਲੇ ਮਾਹੌਲ ਦੌਰਾਨ ਬੀਤੀ ਰਾਤ ਸ਼ਹਿਰ ਵਿੱਚ ਬਲੈਕ ਆਊਟ ਦਾ ਅਭਿਆਸ ਕੀਤਾ ਗਿਆ ਸੀ ਅਤੇ ਇਸ ਦੌਰਾਨ ਸ਼ਹਿਰ ਵਿੱਚ ਸਾਰੀਆਂ ਲਾਈਟਾਂ ਬੰਦ ਕੀਤੀਆਂ ਗਈਆਂ ਸਨ। ਇਸ ਤਹਿਤ ਸ੍ਰੀ ਹਰਿਮੰਦਰ ਸਾਹਿਬ ਕੈਂਪਸ ਵਿੱਚ ਵੀ ਕੁਝ ਸਮੇਂ ਲਈ ਲਾਈਟਾਂ ਨੂੰ ਬੰਦ ਕਰ ਦਿੱਤਾ ਗਿਆ।

ਰਾਤ ਲਗਭਗ 10:30 ਵਜੇ ਤੋਂ 11 ਵਜੇ ਤੱਕ ਲਾਈਟਾਂ ਬੰਦ ਰੱਖ ਕੇ ਬਲੈਕ ਆਊਟ ਦਾ ਅਭਿਆਸ ਕੀਤਾ ਗਿਆ। ਇਸ ਤਹਿਤ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੀ ਪਰਿਕਰਮਾ ਵਿੱਚ ਅਤੇ ਆਲੇ ਦੁਆਲੇ ਦੀਆਂ ਬੱਤੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਕਾਰਨ ਗੁਰੂ ਘਰ ਦਾ ਸਮੁੱਚਾ ਖੇਤਰ ਲਗਭਗ ਹਨੇਰੇ ਵਿੱਚ ਡੁੱਬ ਗਿਆ।

ਇਸ ਸਬੰਧ ਵਿੱਚ ਗੱਲ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਦੇ ਮੁਤਾਬਕ ਬੀਤੀ ਰਾਤ ਸ੍ਰੀ ਹਰਿਮੰਦਰ ਸਾਹਿਬ ਕੈਂਪਸ ਵਿੱਚ ਵੀ ਮਿਥੇ ਸਮੇਂ ਵਾਸਤੇ ਲਾਈਟਾਂ ਨੂੰ ਬੰਦ ਕੀਤਾ ਗਿਆ ਸੀ ਅਤੇ ਬਲੈਕ ਆਊਟ ਦੇ ਅਭਿਆਸ ਵਿੱਚ ਸ਼ਮੂਲੀਅਤ ਕੀਤੀ ਗਈ ਸੀ। ਉਹਨਾਂ ਕਿਹਾ ਕਿ ਸੱਚਖੰਡ ਵਿਖੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਵਿਖੇ ਲਾਈਟਾਂ ਨੂੰ ਮੱਧਮ ਕਰ ਦਿੱਤਾ ਗਿਆ ਸੀ। ਜਦੋਂ ਕਿ ਪਰਿਕਰਮਾ ਵਿੱਚ ਲਾਈਟਾਂ ਬੰਦ ਕਰ ਦਿੱਤੀਆਂ ਸਨ।

ਪਰ ਜਿਨ੍ਹਾਂ ਥਾਵਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਚੱਲ ਰਹੇ ਸਨ, ਉਥੇ ਲਾਈਟਾਂ ਨੂੰ ਬੰਦ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਸ੍ਰੀ ਅਖੰਡ ਪਾਠ ਵਧੇਰੇ ਵੱਖ-ਵੱਖ ਥਾਵਾਂ ’ਤੇ ਇਸ ਸਬੰਧੀ ਬਣੇ ਕਮਰਿਆਂ ਵਿੱਚ ਚੱਲ ਰਹੇ ਸਨ, ਜਿਨ੍ਹਾਂ ਦੇ ਦਰਵਾਜ਼ੇ ਆਦਿ ਬੰਦ ਕਰ ਦਿੱਤੇ ਸਨ ਪਰ ਅਖੰਡ ਪਾਠ ਦੀ ਨਿਰੰਤਰਤਾ ਵਾਸਤੇ ਅੰਦਰੂਨੀ ਹਿੱਸੇ ਵਿੱਚ ਲਾਈਟਾਂ ਜਗਦੀਆਂ ਰਹੀਆਂ ਸਨ।

ਇਸੇ ਤਰ੍ਹਾਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਵੀ ਰਾਤ ਨੂੰ ਬਲੈਕ ਆਊਟ ਸਮੇਂ ਲਾਈਟਾਂ ਬੰਦ ਰੱਖੀਆਂ ਗਈਆਂ ਹਨ।

ਸ੍ਰੀ ਹਰਿਮੰਦਰ ਸਾਹਿਬ ਕੈਂਪਸ ਵਿੱਚ ਅਜਿਹਾ ਸ਼ਾਇਦ 54 ਸਾਲ ਬਾਅਦ ਹੋਇਆ ਹੈ, ਜਦੋਂ ਕੈਂਪਸ ਦੀਆਂ ਲਾਈਟਾਂ ਨੂੰ ਖੁਦ ਬੰਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1971 ਦੀ ਜੰਗ ਵੇਲੇ ਲਾਈਟਾਂ ਨੂੰ ਇਸੇ ਤਰ੍ਹਾਂ ਬੰਦ ਕਰਕੇ ਬਲੈਕ ਆਊਟ ਕੀਤਾ ਗਿਆ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ 1965 ਦੀ ਜੰਗ ਤੇ 1971 ਦੀ ਜੰਗ ਦੋਵੇ ਸਮੇਂ ਹੀ ਬਲੈਕ ਆਊਟ ਕੀਤਾ ਜਾਂਦਾ ਸੀ ਅਤੇ ਇਸ ਬਲੈਕ ਆਊਟ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਲਾਈਟਾਂ ਨੂੰ ਵੀ ਬੰਦ ਰੱਖਿਆ ਗਿਆ ਸੀ। ਉਹ 1965 ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਮੀਤ ਮੈਨੇਜਰ ਸਨ।

ਉਹਨਾਂ ਦੱਸਿਆ ਕਿ ਉਸ ਵੇਲੇ ਇੱਕ ਵਿਦੇਸ਼ੀ ਇੱਥੇ ਨਤਮਸਤਕ ਹੋਣ ਵਾਸਤੇ ਆਇਆ ਸੀ ਅਤੇ ਉਸਨੇ ਬਲੈਕ ਆਊਟ ਦੇ ਸਮੇਂ ਮੱਥਾ ਟੇਕਿਆ ਸੀ। ਉਸ ਵਿਦੇਸ਼ੀ ਨਾਗਰਿਕ ਦਾ ਕਹਿਣਾ ਸੀ ਕਿ ਰਾਤ ਦੇ ਹਨੇਰੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਆਭਾ ਦਾ ਵੱਖਰਾ ਹੀ ਨਜ਼ਾਰਾ ਸੀ, ਜਿਸ ਨੂੰ ਉਸਨੇ ਮਹਿਸੂਸ ਕੀਤਾ ਅਤੇ ਉਹ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਸੀ।

ਗ਼ੌਰਤਲਬ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਰਾਤ ਵੇਲੇ ਵਧੇਰੇ ਕਰਕੇ ਕਦੇ ਵੀ ਲਾਈਟਾਂ ਬੰਦ ਨਹੀਂ ਹੋਈਆਂ ਹਨ। ਰਾਤ ਵੇਲੇ ਇੱਥੇ ਲਾਈਟਾਂ ਦੀ ਜਗਮਗ ਦੇ ਕਾਰਨ ਇਸ ਅਸਥਾਨ ਦਾ ਵੱਖਰਾ ਹੀ ਅਲੌਕਿਕ ਨਜ਼ਾਰਾ ਹੁੰਦਾ ਹੈ।

Related posts

ਨਿਊ ਜਰਸੀ ਵਿੱਚ ਆਇਆ ਭੂਚਾਲ

On Punjab

Canada PM Justin Trudeau: ਪ੍ਰਧਾਨ ਮੰਤਰੀ ਦੀ ਹਾਜ਼ਰੀ ‘ਚ ਲੱਗੇ ਖਾਲਿਸਤਾਨ ਦੇ ਨਾਅਰੇ, ਟਰੂਡੋ ਨੇ ਸਿੱਖਾਂ ਦੀ ਆਜ਼ਾਦੀ ਤੇ ਰਾਖੀ ਲਈ ਕੀਤਾ ਵੱਡਾ ਐਲਾਨ

On Punjab

Arvind Kejriwal: ਤਿਹਾੜ ‘ਚ ਹੀ ਰਹਿਣਗੇ CM ਕੇਜਰੀਵਾਲ, ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ, 9 ਮਈ ਨੂੰ ਹੋਵੇਗੀ ਅਗਲੀ ਸੁਣਵਾਈ

On Punjab