PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਰਨਲ ਬਾਠ ਮਗਰੋਂ ਹੁਣ ਸੁਖਬੀਰ ਬਾਦਲ ਨੇ ਪੰਜਾਬ ਪੁਲੀਸ ਦੀ ਜਾਂਚ ’ਤੇ ਸਵਾਲ ਚੁੱਕੇ

ਚੰਡੀਗੜ੍ਹ- ਕਰਨਲ ਪੁਸ਼ਪਿੰਦਰ ਸਿੰਘ ਬਾਠ ਉੱਤੇ ਹਮਲੇ ਦੇ ਮਾਮਲੇ ਵਿਚ ਪੰਜਾਬ ਪੁਲੀਸ ਤੇ ਸਰਕਾਰ ਉੱਤੇ ਉੱਠੇ ਸਵਾਲਾਂ ਮਗਰੋਂ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇੇ ਉੱਤੇ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਹੋਏ ਹਮਲੇ ਦੀ ਜਾਂਚ ਨੂੰ ਲੈ ਕੇ ਕੁਝ ਸਵਾਲ ਖੜ੍ਹੇ ਕੀਤੇ ਹਨ। ਸੁਖਬੀਰ ਬਾਦਲ ਨੇ ਹਮਲੇ ਦੀ ਜਾਂਚ ਨੂੰ ਪੱਖਪਾਤੀ ਤੇ ਸਿਆਸੀ ਅਸਰ ਹੇਠ ਦੱਸਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰ ਖੜਕਾਇਆ ਹੈ। ਅਕਾਲੀ ਆਗੂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ।

ਸੁਖਬੀਰ ਬਾਦਲ ਨੇ ਪਟੀਸ਼ਨ ਵਿਚ ਕਿਹਾ ਕਿ 4 ਦਸੰਬਰ 2024 ਨੂੰ ਜਦੋਂ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਦੀ ਘੰਟਾਘਰ ਵਾਲੇ ਪਾਸੇ ਦੀ ਡਿਓਢੀ ਵਿਚ ਪਹਿਰੇਦਾਰ ਦੀ ਸੇਵਾ ਕਰ ਰਹੇ ਸਨ ਤਾਂ ਉਸ ਮੌਕੇ ਉਨ੍ਹਾਂ ’ਤੇ ਹਮਲਾ ਕੀਤਾ ਗਿਆ। ਹਾਲਾਂਕਿ ਉਨ੍ਹਾਂ ਦੀ ਸੁਰੱਖਿਆ ਟੀਮ ਨੇ ਚੌਕਸੀ ਨਾਲ ਕੰਮ ਲੈਂਦਿਆਂ ਹਮਲੇ ਨੂੰ ਨਾਕਾਮ ਬਣਾ ਦਿੱਤਾ।

ਸੁਖਬੀਰ ਨੇ ਆਪਣੇ ਵਕੀਲਾਂ ਅਰਸ਼ਦੀਪ ਸਿੰਘ ਤੇ ਅਰਸ਼ਦੀਪ ਸਿੰਘ ਕਲੇਰ ਰਾਹੀਂ ਦਾਖ਼ਲ ਪਟੀਸ਼ਨ ਵਿਚ ਦੋਸ਼ ਲਾਇਆ ਕਿ ਜਾਂਚ ਏਜੰਸੀ ਨੇ ਐੱਫਆਈਆਰ ਤੇ ਅੰਤਿਮ ਰਿਪੋਰਟ ਵਿਚ ਤੱਥਾਂ ਨੂੰ ਤੋੜ-ਮਰੋੜ ਦੇ ਪੇਸ਼ ਕੀਤਾ। ਐੱਫਆਈਆਰ ਦੇਰੀ ਨਾਲ ਦਰਜ ਕੀਤੀ ਗਈ ਤੇ ਉਹ ਵੀ ਉਸ ਵਿਅਕਤੀ ਦੇ ਬਿਆਨਾਂ ’ਤੇ ਜੋ ਮੌਕੇ ਦਾ ਗਵਾਹ ਨਹੀਂ ਸੀ। ਇਥੋਂ ਤੱਕ ਕਿ ਖੁ਼ਦ ਪਟੀਸ਼ਨਰ ਦਾ ਬਿਆਨ ਵੀ ਦਰਜ ਨਹੀਂ ਕੀਤਾ ਗਿਆ।

ਬਾਦਲ ਨੇ ਕਿਹਾ ਕਿ ਮੁਲਜ਼ਮ, ਜਿਸ ਦਾ ਪਹਿਲਾਂ ਤੋਂ ਹੀ ਅਪਰਾਧਿਕ ਰਿਕਾਰਡ ਹੈ ਤੇ ਕਥਿਤ ਅਤਿਵਾਦੀ ਹੈ, ਨੂੰ ਜਾਂਚ ਵਿਚਲੀਆਂ ਖਾਮੀਆਂ ਕਰਕੇ ਜ਼ਮਾਨਤ ਮਿਲ ਗਈ। ਸੀਸੀਟੀਵੀ ਫੁਟੇਜ ਤੇ ਗਵਾਹਾਂ ਦੇ ਬਿਆਨ ਇਕ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰਦੇ ਹਨ। ਇਸ ਵਿਚ ਕੁਝ ਹੋਰ ਲੋਕ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਦੀ ਜਾਂਚ ਵੀ ਨਹੀਂ ਕੀਤੀ ਗਈ। ਸੁਖਬੀਰ ਬਾਦਲ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਸਿਆਸੀ ਦਖ਼ਲ ਤੇ ਜਾਂਚ ਵਿਚ ਸਪਸ਼ਟ ਰੂਪ ਵਿਚ ਝਲਕਦੇ ਪੱਖਪਾਤ ਦੇ ਮੱਦੇਨਜ਼ਰ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਸਿਰਫ਼ ਸੁਤੰਤਰ ਏਜੰਸੀ ਵੱਲੋਂ ਹੀ ਸੰਭਵ ਹੈ। ਅਕਾਲੀ ਆਗੂ ਨੇ ਹਾਈ ਕੋਰਟ ਤੋਂ ਫੌਰੀ ਦਖ਼ਲ ਦੀ ਮੰਗ ਕੀਤੀ ਤਾਂ ਕਿ ਨਿਆਂ ਯਕੀਨੀ ਬਣ ਸਕੇ।

ਚੇਤੇ ਰਹੇ ਕਿ ਪਟਿਆਲਾ ਵਿਚ ਕਰਨਲ ਬਾਠ ਤੇ ਉਨ੍ਹਾਂ ਦੇ ਪੁੱਤਰ ’ਤੇ ਹਮਲਾ ਹੋਇਆ ਸੀ। ਹਮਲੇ ਦਾ ਦੋਸ਼ ਪੁਲੀਸ ਅਧਿਕਾਰੀਆਂ ’ਤੇ ਲੱਗਾ ਸੀ। ਕਰਨਲ ਬਾਠ ਨੇ ਜਾਂਚ ਨੂੰ ਗੈਰਤਸੱਲੀਬਖ਼ਸ਼ ਦੱਸਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਹਾਈ ਕੋਰਟ ਨੇ ਪਿਛਲੇ ਦਿਨੀਂ ਇਸ ਮਾਮਲੇ ਦੀ ਜਾਂਚ ਪੰਜਾਬ ਪੁਲੀਸ ਕੋਲੋਂ ਲੈ ਕੇ ਚੰਡੀਗੜ੍ਹ ਪੁਲੀਸ ਨੂੰ ਸੌਂਪੀ ਹੈ।

Related posts

Russia Ukraine War : NATO ਦੇਸ਼ਾਂ ਦੀ ਐਮਰਜੈਂਸੀ ਬੈਠਕ, ਬ੍ਰਸੇਲਸ ਪਹੁੰਚੇ ਬਾਇਡਨ, ਰੂਸ ਨੇ ਗੂਗਲ ਨਿਊਜ਼ ਨੂੰ ਕੀਤਾ ਬਲਾਕ

On Punjab

Earthquake in Iran: ਭੂਚਾਲ ਕਾਰਨ ਹਿੱਲ ਗਈ ਇਰਾਨ ਦੀ ਧਰਤੀ , 7 ਲੋਕਾਂ ਦੀ ਮੌਤ, 440 ਲੋਕ ਜ਼ਖਮੀ; 5.9 ਮਾਪੀ ਗਈ ਤੀਬਰਤਾ

On Punjab

ਇਮਰਾਨ ਕੈਬਿਨਟ ‘ਚ ਫੇਰਬਦਲ, ਅਜੀਬੋ ਗਰੀਬ ਬਿਆਨ ਦੇਣ ਲਈ ਮਸ਼ਹੂਰ ਸ਼ੇਖ ਰਾਸ਼ਿਦ ਅਹਿਮਦ ਬਣੇ ਪਾਕਿਸਤਾਨ ਦਾ ਗ੍ਰਹਿ ਮੰਤਰੀ

On Punjab