PreetNama
ਖੇਡ-ਜਗਤ/Sports News

ਓਲੰਪਿਕ ਖਿਡਾਰੀ ਕੋਈ ਹੈ ਡਾਕੀਆ ਤੇ ਕੋਈ ਪੁਜਾਰੀ

ਓਲੰਪਿਕ ਖੇਡਾਂ ’ਚ ਹਿੱਸਾ ਲੈਣ ਵਾਲੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਮੈਦਾਨ ’ਚ ਕਮਾਲ ਕਰਨ ਤੋਂ ਇਲਾਵਾ ਆਮ ਇਨਸਾਨ ਦੀ ਤਰ੍ਹਾਂ ਕਿਸੇ ਨਾ ਕਿਸੇ ਪ੍ਰੋਫੈਸ਼ਨ ਨਾਲ ਜੁੜੇ ਹੁੰਦੇ ਹਨ। ਪਰਿਵਾਰ ਚਲਾਉਣ ਲਈ ਰੋਜ਼ੀ-ਰੋਟੀ ਕਮਾਉਣ ਦੇ ਨਾਲ-ਨਾਲ ਇਹ ਖਿਡਾਰੀ ਸੰਸਾਰ-ਵਿਆਪੀ ਖੇਡ ਮੁਕਾਬਲਿਆਂ ’ਚ ਮੈਡਲ ਜਿੱਤਣ ਲਈ ਆਪਣੇ ਉਸਤਾਦਾਂ ਦੀ ਨਿਗਰਾਨੀ ’ਚ ਆਪਣੀ ਖੇਡ ਸਿਖਲਾਈ ਵੀ ਨਿਰਵਿਘਨ ਜਾਰੀ ਰੱਖਦੇ ਹਨ। ਲੰਡਨ ’ਚ ਜਨਮਿਆ ਅਮਰੀਕੀ ਫੇਂਸਰ ਵਾਟਸਨ ਮਾਇਲਸ ਸ਼ੇਮਲੇ ਉੱਘਾ ਮਾਡਲ ਵੀ ਹੈ। ਪੈਨਸਿਲਵੇਨੀਆ ਯੂਨੀਵਰਸਿਟੀ ਤੋਂ ਗ੍ਰੇਜੂਏਸ਼ਨ ਦੀ ਡਿਗਰੀ ਹਾਸਲ ਕਰਨ ਵਾਲਾ 26 ਸਾਲਾ ਵਾਟਸਨ ਜੀਕਯੂ ਮੈਗਜ਼ੀਨ, ਰਾਲਫ ਲੇਰਿਨ ਤੇ ਹੋਰ ਫੈਸ਼ਨ ਹਾਊਸ ਲਈ ਮਾਡਲਿੰਗ ਕਰ ਚੁੱਕਾ ਹੈ। ਉੱਘੀ ਮਾਡਲ ਰਹਿ ਚੁੱਕੀ ਮਾਂ ਦਾ ਲਾਡਲਾ ਪੁੱਤਰ ਸ਼ੇਮਲੇ ਵਾਟਸਨ ਇੰਗਲਿਸ਼ ਫੁਟਬਾਲਰ ਡੇਵਿਡ ਬੈਕਹਮ ਅਜਿਹਾ ਬਣਨ ਦੇ ਸੁਪਨੇ ਵੇਖਦਾ ਹੁੰਦਾ ਸੀ।ਰਾਨ ’ਚ ਜੂਨ 6, 1989 ’ਚ ਜਨਮੀ ਅਸੇਮਾਨੀ ਰਾਹਾਲੇਹ ਬੈਲਜੀਅਮ ’ਚ ਘਰਾਂ ਡਾਕ ਵੰਡਣ ਦਾ ਕੰਮ ਕਰਦੀ ਹੈ। ਰੀਓ ਓਲੰਪਿਕ ਖੇਡ ਰਹੀ ਰਾਹਾਲੇਅ ਇਰਾਨ ਦੀ ਪ੍ਰਤੀਨਿਧਤਾ ਕਰ ਕੇ ਗੂਆਂਗਜ਼ੂ-2010 ਏਸ਼ਿਆਈ ਖੇਡਾਂ ’ਚ 62 ਕਿੱਲੋ ਵਰਗ ’ਚ ਚਾਂਦੀ ਦਾ ਤਗਮਾ ਜਿੱਤ ਚੁੱਕੀ ਹੈ। ਰੀਓ ਓਲੰਪਿਕ ਤੋਂ ਤਿੰਨ ਸਾਲ ਪਹਿਲਾਂ ਇਰਾਨ ਤੋਂ ਬੈਲਜੀਅਮ ਸ਼ਿਫਟ ਹੋਈ 27 ਸਾਲਾ ਤਾਇਕਵਾਂਡੋ ਖਿਡਾਰਨ ਰਾਹਾਲੇਅ ਪਹਿਲਾਂ ਰਫਿਊਜ਼ੀ ਓਲੰਪਿਕ ਟੀਮ ਵੱਲੋਂ ਮੈਦਾਨ ’ਚ ਨਿੱਤਰਨ ਦੀ ਤਿਆਰੀ ਕਰੀ ਬੈਠੀ ਸੀ ਪਰ ਅਪ੍ਰੈਲ-2016 ’ਚ ਬੈਲਜੀਅਮ ਦੀ ਨਾਗਰਿਕਤਾ ਹਾਸਲ ਕਰਨ ਸਾਰ ਹੀ ਘਰ-ਘਰ ਚਿੱਠੀਆਂ ਵੰਡਣ ਵਾਲੀ ਖਿਡਾਰਨ ਰਾਹਾਲੇਅ ਲਈ ਯੂਰਪੀਅਨ ਦੇਸ਼ ਦੀ ਓਲੰਪਿਕ ਟੀਮ ਦੀ ਨੁਮਾਇੰਦਗੀ ਕਰਨ ਦਾ ਰਾਹ ਮੋਕਲਾ ਹੋਇਆ। ਰੀਓ ਤੋਂ ਪਹਿਲਾਂ ਉਹ ਯੂਰਪੀਅਨ ਚੈਂਪੀਅਨਸ਼ਿਪ ’ਚ ਬੈਲਜੀਅਮ ਲਈ ਤਾਂਬੇ ਦਾ ਤਗਮਾ ਜਿੱਤ ਚੁੱਕੀ ਹੈ।

ਰੀਓ ਓਲੰਪਿਕ ਖੇਡਣ ਵਾਲੀ ਕੋਲੰਬੀਆ ਦੀ ਮਹਿਲਾ ਰਗਬੀ ਟੀਮ ’ਚ ਸ਼ਾਮਲ ਅਮਰੀਕਾ ’ਚ ਜਨਮੀ ਖਿਡਾਰਨ ਨਤਾਲੀ ਮਾਰਚਿਨੋ ਟਵਿੱਟਰ ਦੇ ਸੇਲਜ਼ ਵਿਭਾਗ ’ਚ ਨੌਕਰੀ ਕਰਦੀ ਹੈ। ਦੋ ਮੁਲਕਾਂ ਵੱਲੋਂ ਰਗਬੀ ਖੇਡਣ ਵਾਲੀ 35 ਸਾਲਾ ਨਤਾਲੀ ਅਮਰੀਕੀ ਰਗਬੀ ਟੀਮ ਦੀ 2010 ਤੇ 2014 ’ਚ ਖੇਡੇ ਗਏ ਦੋ ਆਲਮੀ ਕੱਪ ’ਚ ਨੁਮਾਇੰਦਗੀ ਕਰ ਚੁੱਕੀ ਹੈ। ਕੋਲੰਬੀਆ ਦੀ ਰਗਬੀ ਟੀਮ ਵਲੋਂ ਰੀਓ ਓਲੰਪਿਕ ਖੇਡਣ ਲਈ ਉਸ ਨੇ ਕੰਪਨੀ ਤੋਂ ਪੰਜ ਮਹੀਨੇ ਦੀ ਛੁੱਟੀ ਲਈ ਸੀ।

 

 

ਲਗਾਤਾਰ ਤਿੰਨ ਓਲੰਪਿਕਸ ਪੇਇਚਿੰਗ-2008, ਲੰਡਨ-2012 ਤੇ ਰੀਓ-2016 ’ਚ ਜਾਪਾਨ ਦੀ ਨੁਮਾਇੰਦਗੀ ਕਰਨ ਵਾਲੇ ਕਨੋਇਸਟ ਕਾਜ਼ੁਕੀ ਯਾਜ਼ਾਵਾ ਰੋਜ਼ਾਨਾ ਸਵੇਰੇ ਬੌਧ ਮੱਠ ’ਚ ਪੂਜਾ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਸਵੇਰੇ ਪੂਜਾ ਕਰਾਉਣ ਤੋਂ ਵਿਹਲੇ ਹੋ ਕੇ ਉਹ ਦੁਪਹਿਰ ਤੇ ਸ਼ਾਮ ਨੂੰ ਕਨੋਇੰਗ ਦੀ ਪ੍ਰੈਕਟਿਸ ’ਚ ਜੁਟ ਜਾਂਦੇ ਹਨ।ਰੀਓ ਓਲੰਪਿਕ ਖੇਡਣ ਵਾਲੇ ਅਮਰੀਕਾ ਦੇ ਡਿਕਾਥਲਨ ਖਿਡਾਰੀ ਜੇਰੇਮੀ ਤਾਇਵੋ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਕੰਪਨੀ ’ਚ ਡਿਸਟ੍ਰੀਬਿਊਟਰ ਦੀਆਂ ਸੇਵਾਵਾਂ ਨਿਭਾਉਂਦੇ ਹਨ। ਉਸ ਦਾ ਟਿ੍ਰਪਲ ਜੰਪਰ ਪਿਤਾ ਜੋਸਫ ਤਾਇਵੋ ਨਾਇਜੀਰੀਅਨ ਟੀਮ ਦੀ ਲਾਸ ਏਂਜਲਸ-1984 ਤੇ ਸਿਓਲ-1988 ਦੇ ਦੋ ਓਲੰਪਿਕ ਅਡੀਸ਼ਨਾਂ ’ਚ ਪ੍ਰਤੀਨਿਧਤਾ ਕਰ ਚੁੱਕਾ ਹੈ।

Related posts

ਨੀਰਜ ਚੋਪੜਾ : ਵਿਸ਼ਵ ਚੈਂਪੀਅਨਸ਼ਿਪ ‘ਚ ਭਾਰਤ ਦੀ ਸਭ ਤੋਂ ਵੱਡੀ ਉਮੀਦ ਨੀਰਜ ਨੇ ਬਣਾਈ ਫਾਈਨਲ ‘ਚ ਜਗ੍ਹਾ

On Punjab

ਹੁਣ MCC ਦਾ ਬਦਲੇਗਾ 233 ਸਾਲ ਦਾ ਇਤਿਹਾਸ, ਕਲੇਅਰ ਕੋਨੋਰ ਬਣੇਗੀ ਪਹਿਲੀ ਮਹਿਲਾ ਪ੍ਰਧਾਨ

On Punjab

ਰੋਨਾਲਡੋ ਦੇ ਕੀਤਾ 758ਵਾਂ ਗੋਲ, ਪੇਲੇ ਤੋਂ ਨਿਕਲੇ ਅੱਗੇ

On Punjab