PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਇੱਕੋ ਰਾਤ ’ਚ ਫੂਕੇ ਗਏ 45 ਕਰੋੜ ਤੋਂ ਵੱਧ ਦੇ ਪਟਾਕੇ

ਲੁਧਿਆਣਾ-  ਵਿਗੜ ਰਹੇ ਵਾਤਾਵਰਨ, ਵਧਦੇ ਪ੍ਰਦੂਸ਼ਣ ਅਤੇ ਸਿਹਤ ਦੀਆਂ ਸਮੱਸਿਆਵਾਂ ਦੀ ਪ੍ਰਵਾਹ ਕੀਤੇ ਬਿਨਾਂ, ਉਦਯੋਗਿਕ ਸ਼ਹਿਰ ਲੁਧਿਆਣਾ ਦੇ ਵਸਨੀਕਾਂ ਨੇ ਦੀਵਾਲੀ ਵਾਲੀ ਰਾਤ 45 ਕਰੋੜ ਰੁਪਏ ਤੋਂ ਵੱਧ ਦੇ ਪਟਾਕੇ ਫੂਕ ਦਿੱਤੇ। ਇੱਥੋਂ ਦੀ ਹੋਲਸੇਲ ਕਰੈਕਰ ਡੀਲਰ ਐਸੋਸੀਏਸ਼ਨ ਅਨੁਸਾਰ ਦਾਣਾ ਮੰਡੀ ਵਿੱਚ ਲਗਪਗ 20 ਕਰੋੜ ਰੁਪਏ ਦੇ ਪਟਾਕੇ ਵੇਚੇ ਗਏ, ਜਦੋਂ ਕਿ ਜ਼ਿਲ੍ਹੇ ਭਰ ਦੇ ਪ੍ਰਚੂਨ ਵਿਕਰੇਤਾਵਾਂ ਨੇ ਵੀ ਲਗਪਗ 20 ਤੋਂ 25 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਲੁਧਿਆਣਾ ਕਰੈਕਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਕਾਰੋਬਾਰ ਬਹੁਤ ਵਧੀਆ ਰਿਹਾ ਅਤੇ ਲੁਧਿਆਣਾ ਜ਼ਿਲ੍ਹੇ ਵਿੱਚ ਲਗਪਗ 40 ਤੋਂ 45 ਕਰੋੜ ਰੁਪਏ ਦੇ ਪਟਾਕੇ ਵੇਚੇ ਗਏ।

ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ, “ਜੇਕਰ ਪ੍ਰਸ਼ਾਸਨ ਸਾਨੂੰ ਘੱਟੋ-ਘੱਟ 10 ਦਿਨਾਂ ਲਈ ਸਟਾਲ ਲਗਾਉਣ ਦੀ ਇਜਾਜ਼ਤ ਦਿੰਦਾ ਤਾਂ ਕਾਰੋਬਾਰ ਹੋਰ ਵੀ ਵਧੀਆ ਹੋ ਸਕਦਾ ਸੀ। ਇਸ ਤੋਂ ਇਲਾਵਾ, ਹਥਿਆਰਬੰਦ ਸ਼ਰਾਰਤੀ ਅਨਸਰ ਮੰਡੀ ਵਿੱਚੋਂ ਲਗਪਗ 10 ਤੋਂ 15 ਲੱਖ ਰੁਪਏ ਦਾ ਮਾਲ ਲੈ ਗਏ। ਭਾਰੀ ਭੀੜ ਹੋਣ ਕਰਕੇ ਅਸੀਂ ਉਨ੍ਹਾਂ ਦਾ ਸਾਹਮਣਾ ਨਹੀਂ ਕਰ ਸਕੇ, ਪਰ ਅਸੀਂ ਪੁਲੀਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।” ਇੱਕ ਹੋਰ ਡੀਲਰ ਵਿਸ਼ਾਲ ਸ਼ੈਲੀ ਨੇ ਦੱਸਿਆ ਕਿ ਦਹਾਕਿਆਂ ਤੋਂ ਪਟਾਕਿਆਂ ਦੇ ਕਾਰੋਬਾਰ ਵਿੱਚ ਜੁੜੇ ਡੀਲਰਾਂ ਲਈ ਦੀਵਾਲੀ ਚੰਗੀ ਕਮਾਈ ਕਰਨ ਦਾ ਦਿਨ ਹੁੰਦਾ ਹੈ। ਉਨ੍ਹਾਂ ਕਿਹਾ, “ਜੇਕਰ ਸਾਨੂੰ ਵਧੇਰੇ ਦਿਨ ਦਿੱਤੇ ਜਾਂਦੇ ਅਤੇ ਪ੍ਰਬੰਧ ਹੋਰ ਵਧੀਆ ਹੁੰਦੇ ਤਾਂ ਸਾਡੀ ਸਥਿਤੀ ਹੋਰ ਬਿਹਤਰ ਹੋ ਸਕਦੀ ਸੀ।”

ਪਟਾਕੇ ਚਲਾਉਣ ਦੀ ਸਮਾਂ-ਸੀਮਾ ਕਿਸੇ ਨੇ ਨਹੀਂ ਮੰਨੀ: ਦੂਜੇ ਪਾਸੇ, ਸ਼ਹਿਰ ਵਿੱਚ ਦੇਰ ਰਾਤ ਲਗਪਗ 1:30 ਵਜੇ ਤੱਕ ਪੂਰੇ ਜ਼ੋਰਾਂ-ਸ਼ੋਰਾਂ ਨਾਲ ਪਟਾਕੇ ਚਲਾਏ ਗਏ। ਇਸ ਤੋਂ ਬਾਅਦ ਪਟਾਕਿਆਂ ਦਾ ਧਮਾਕਾ ਕੁਝ ਘਟਿਆ ਪਰ ਰਾਤ 3 ਵਜੇ ਤੱਕ ਪਟਾਕੇ ਚੱਲਦੇ ਰਹੇ। ਹਾਲਾਂਕਿ ਸੁਪਰੀਮ ਕੋਰਟ ਵੱਲੋਂ ਪਟਾਕੇ ਚਲਾਉਣ ਲਈ ਸਮਾਂ ਨਿਸ਼ਚਿਤ ਕੀਤਾ ਗਿਆ ਸੀ। ਸਥਾਨਕ ਪ੍ਰਸ਼ਾਸਨ ਨੇ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣਾ ਸੀ, ਪਰ ਲੁਧਿਆਣਾ ਵਿੱਚ ਹਵਾ ਅਤੇ ਆਵਾਜ਼ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਕੋਈ ਨਿਯਮ ਲਾਗੂ ਨਹੀਂ ਕਰਵਾਇਆ ਗਿਆ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ।

ਵਾਤਾਵਰਨ ਪ੍ਰੇਮੀ ਕਰਨਲ ਜਸਜੀਤ ਸਿੰਘ ਗਿੱਲ ਨੇ ਕਿਹਾ ਕਿ ਇਸ ਦੀਵਾਲੀ ’ਤੇ ਕਾਨੂੰਨ ਵਿਵਸਥਾ ਨਾ ਬਰਾਬਰ ਸੀ। ਕਰਨਲ ਗਿੱਲ ਨੇ ਰੋਸ ਪ੍ਰਗਟਾਉਂਦਿਆਂ ਕਿਹਾ, “ਪਟਾਕੇ ਚਲਾਉਣ ’ਤੇ ਕੋਈ ਰੋਕ-ਟੋਕ ਨਹੀਂ ਸੀ ਅਤੇ ਲੋਕਾਂ ਨੇ ਕਰੋੜਾਂ ਰੁਪਏ ਸਵਾਹ ਕਰਕੇ ਆਪਣੀ ਧਨ-ਦੌਲਤ ਦਾ ਪੂਰਾ ਵਿਖਾਵਾ ਕੀਤਾ। ਉਹ ਅਜਿਹਾ ਕਰ ਸਕਦੇ ਹਨ ਪਰ ਦੂਜਿਆਂ ਦੀ ਸਿਹਤ ਦੀ ਕੀਮਤ ’ਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਕੇ ਨਹੀਂ। ਇੱਥੇ ‘ਗ੍ਰੀਨ ਦੀਵਾਲੀ’ ਵਰਗਾ ਕੋਈ ਸੰਕਲਪ ਨਹੀਂ ਹੈ।” ਉਨ੍ਹਾਂ ਅੱਗੇ ਕਿਹਾ ਕਿ ਉਲੰਘਣਾਵਾਂ ਨੂੰ ਰੋਕਣਾ ਪੁਲੀਸ ਦੀ ਜ਼ਿੰਮੇਵਾਰੀ ਸੀ, ਪਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਨੱਕ ਹੇਠ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ।

ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਜਸਕੀਰਤ ਸਿੰਘ ਨੇ ਦੱਸਿਆ ਕਿ ਕੱਲ੍ਹ ਦੇਰ ਰਾਤ ਦੀ ਸਥਿਤੀ ਬਹੁਤ ਭਿਆਨਕ ਸੀ ਕਿਉਂਕਿ ਲੁਧਿਆਣਾ ਦੀਆਂ ਬਹੁਤ ਸਾਰੀਆਂ ਥਾਵਾਂ ’ਤੇ ਏਅਰ ਕੁਆਲਿਟੀ ਇੰਡੈਕਸ (AQI) ਬਹੁਤ ਜ਼ਿਆਦਾ ਪੱਧਰ ’ਤੇ ਪਹੁੰਚ ਗਿਆ ਸੀ। ਜਸਕੀਰਤ ਸਿੰਘ ਨੇ ਕਿਹਾ, “ਗੁਰਦੇਵ ਨਗਰ, ਮਾਡਲ ਟਾਊਨ, ਸਿਟੀ ਏਰੀਆ, ਚੰਡੀਗੜ੍ਹ ਰੋਡ ਸੁਨੇਤ ਆਦਿ ਇਲਾਕਿਆਂ ਵਿੱਚ ਏਕਿਊਆਈ ਦਾ ਪੱਧਰ 2000 ਤੱਕ ਪਹੁੰਚਦਾ ਦਿਖਾਈ ਦੇ ਰਿਹਾ ਸੀ, ਜਦੋਂ ਕਿ ਸਰਕਾਰੀ ਏਜੰਸੀਆਂ ਅੱਜ ਸਵੇਰੇ 9 ਵਜੇ ਦੇ ਕਰੀਬ ਲੁਧਿਆਣਾ ਦਾ ਏਕਿਊਆਈ 306 ਦਿਖਾ ਰਹੀਆਂ ਸਨ। ਏਕਿਊਆਈ ਦੇ ਪੱਧਰ ਨੂੰ ਮਾਪਣ ਦੇ ਤਰੀਕਿਆਂ ਵਿੱਚ ਵੀ ਅੰਤਰ ਅਤੇ ਉਤਾਰ-ਚੜ੍ਹਾਅ ਹਨ।”

Related posts

US Secretary of Defence: ਬਾਇਡਨ ਸਰਕਾਰ ‘ਚ ਸਾਬਕਾ ਫ਼ੌਜੀ ਜਨਰਲ ਲੋਇਡ ਆਸਟਿਨ ਹੋਣਗੇ ਰੱਖਿਆ ਮੰਤਰੀ

On Punjab

Lombardia State Election – ਫਿਰ ਚੁਣੇ ਗਏ ਰਾਜ ਦੇ ਮੁੱਖੀ ਐਤੀਲੀੳ ਫੋਨਤਾਨਾ, ਹਾਰ ਕੇ ਵੀ ਡੂੰਘੀ ਛਾਪ ਛੱਡ ਗਏ ਭਾਰਤੀ ਸਿੱਖ ਉਮੀਦਵਾਰ

On Punjab

ਪਾਕਿਸਤਾਨ ਫੌਜੀ ਤਾਕਤ ਵਧਾਉਣ ‘ਚ ਜੁਟਿਆ, 50 ਤੋਂ ਵੱਧ ਜਹਾਜ਼ ਹੋਣਗੇ ਬੇੜੇ ‘ਚ ਸ਼ਾਮਲ

On Punjab