ਮੁੰਬਈ- ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਡੀ ਜੀ ਸੀ ਏ (DGCA) ਨੇ ਇੰਡੀਗੋ ਦੇ ਸੰਚਾਲਨ ਵਿੱਚ ਵੱਡੇ ਪੱਧਰ ‘ਤੇ ਆਈ ਗੜਬੜੀ ਕਾਰਨ ਚਾਰ ਫਲਾਈਟ ਆਪਰੇਸ਼ਨ ਇੰਸਪੈਕਟਰਾਂ (FOIs) ਨੂੰ ਮੁਅੱਤਲ ਕਰ ਦਿੱਤਾ ਹੈ ਏਅਰਲਾਈਨ ਨੇ ਸ਼ੁੱਕਰਵਾਰ ਨੂੰ ਬੰਗਲੁਰੂ ਹਵਾਈ ਅੱਡੇ ਤੋਂ 50 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਐੱਫ ਓ ਆਈਜ਼ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਦੇ ਸੀਨੀਅਰ ਅਧਿਕਾਰੀ ਹੁੰਦੇ ਹਨ, ਜੋ ਇਸਦੇ ਰੈਗੂਲੇਟਰੀ ਅਤੇ ਸੁਰੱਖਿਆ ਨਿਗਰਾਨੀ ਕਾਰਜਾਂ ਦੇ ਹਿੱਸੇ ਵਜੋਂ ਕੰਮ ਕਰਦੇ ਹਨ ਅਤੇ ਅਕਸਰ ਏਅਰਲਾਈਨ ਸੰਚਾਲਨ ਦੀ ਨਿਗਰਾਨੀ ਲਈ ਤਾਇਨਾਤ ਕੀਤੇ ਜਾਂਦੇ ਹਨ।
ਇੱਕ ਸੂਤਰ ਨੇ ਦੱਸਿਆ, “ਡੀ.ਜੀ.ਸੀ.ਏ. ਦੇ ਚਾਰ ਫਲਾਈਟ ਅਪਰੇਸ਼ਨ ਇੰਸਪੈਕਟਰਾਂ (FOIs) ਨੂੰ ਇੰਡੀਗੋ ਦੀਆਂ ਉਡਾਣਾਂ ਵਿੱਚ ਹਾਲ ਹੀ ਵਿੱਚ ਹੋਈ ਵੱਡੇ ਪੱਧਰ ਦੀ ਗੜਬੜੀ ਦੇ ਸਬੰਧ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ।” ਇਹ ਅਧਿਕਾਰੀ ਏਅਰਲਾਈਨਾਂ ਅਤੇ ਕਰਮਚਾਰੀਆਂ, ਜਿਵੇਂ ਕਿ ਪਾਇਲਟਾਂ, ਡਿਸਪੈਚਰਾਂ, ਅਤੇ ਕੈਬਿਨ ਕਰੂ, ਦੀ ਸਖ਼ਤ ਰੈਗੂਲੇਟਰੀ ਮਾਪਦੰਡਾਂ ਨੂੰ ਪੂਰਾ ਕਰਨ ਲਈ ਜਾਂਚ, ਆਡਿਟ ਅਤੇ ਪ੍ਰਮਾਣਿਤ ਕਰਕੇ ਹਵਾਬਾਜ਼ੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ। ਇਹ ਭਾਰਤ ਵਿੱਚ ਵੱਖ-ਵੱਖ ਨਿਯਮਾਂ ਦੀ ਪੁਸ਼ਟੀ ਕਰਦੇ ਹਨ ਅਤੇ ਸਿਖਲਾਈ, ਫਲਾਈਟ ਮਾਪਦੰਡਾਂ, ਅਤੇ ਦੁਰਘਟਨਾ ਰੋਕਥਾਮ ਉਪਾਵਾਂ ਦੀ ਨਿਗਰਾਨੀ ਕਰਦੇ ਹਨ।
ਇੱਕ ਸੂਤਰ ਨੇ ਦੱਸਿਆ, “ਇੰਡੀਗੋ ਨੇ ਸ਼ੁੱਕਰਵਾਰ ਨੂੰ ਬੰਗਲੁਰੂ ਹਵਾਈ ਅੱਡੇ ਤੋਂ 54 ਉਡਾਣਾਂ – 31 ਆਗਮਨ ਅਤੇ 23 ਰਵਾਨਗੀਆਂ – ਰੱਦ ਕਰ ਦਿੱਤੀਆਂ ਹਨ।” ਸੰਕਟ ਨਾਲ ਜੂਝ ਰਹੀ ਏਅਰਲਾਈਨ ਨੇ ਵੀਰਵਾਰ ਨੂੰ ਦਿੱਲੀ ਅਤੇ ਬੰਗਲੁਰੂ ਤੋਂ 200 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਸਨ। ਇਸ ਦੌਰਾਨ ਇੰਡੀਗੋ ਦੇ ਸੀ ਈ ਓ ਪੀਟਰ ਐਲਬਰਸ ਅਤੇ ਸੀ ਓ ਓ ਇਸੀਡਰੇ ਪੋਰਕਵੇਰਾਸ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਡੀ ਜੀ ਸੀ ਏ ਦੀ ਜਾਂਚ ਕਮੇਟੀ ਸਾਹਮਣੇ ਦੁਬਾਰਾ ਪੇਸ਼ ਹੋਣਗੇ।

