32.18 F
New York, US
January 22, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਆਸਟਰੇਲੀਆ ਨੇ ਭਾਰਤ ਨੂੰ 184 ਦੌੜਾਂ ਨਾਲ ਹਰਾਇਆ

ਮੈਲਬਰਨ-ਭਾਰਤੀ ਬੱਲੇਬਾਜ਼ਾਂ ਦੇ ਇੱਕ ਵਾਰ ਫਿਰ ਮਾੜੇ ਪ੍ਰਦਰਸ਼ਨ ਕਾਰਨ ਚੌਥੇ ਟੈਸਟ ’ਚ ਆਸਟਰੇਲੀਆ ਹੱਥੋਂ 184 ਦੌੜਾਂ ਦੀ ਮਿਲੀ ਸ਼ਰਮਨਾਕ ਹਾਰ ਦੇ ਨਾਲ ਹੀ ਲੈਅ ਵਿੱਚ ਆਉਣ ਲਈ ਜੂਝ ਰਹੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਮੰਗ ਉੱਠਣ ਲੱਗ ਪਈ ਹੈ। ਜਿੱਤ ਲਈ 340 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰੋਹਿਤ ਨੌਂ ਅਤੇ ਕੋਹਲੀ ਪੰਜ ਦੌੜਾਂ ਬਣਾ ਕੇ ਆਊਟ ਹੋ ਗਿਆ। ਭਾਰਤ ਨੇ ਆਖਰੀ ਸੱਤ ਵਿਕਟਾਂ 20.4 ਓਵਰਾਂ ਵਿੱਚ 34 ਦੌੜਾਂ ’ਤੇ ਗੁਆ ਦਿੱਤੀਆਂ ਅਤੇ ਟੀਮ ਦੂਜੀ ਪਾਰੀ ’ਚ 155 ਦੌੜਾਂ ’ਤੇ ਆਊਟ ਹੋ ਗਈ। ਆਸਟਰੇਲੀਆ ਹੁਣ ਪੰਜ ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਹੈ। ਜੇ ਭਾਰਤ ਸਿਡਨੀ ਟੈਸਟ ਨਹੀਂ ਜਿੱਤਦਾ ਤਾਂ ਉਸ ਦਾ ਲਗਾਤਾਰ ਤੀਜੀ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਖੇਡਣ ਦਾ ਸੁਫਨਾ ਚਕਨਾਚੂਰ ਹੋ ਜਾਵੇਗਾ।

ਇਸ ਤੋਂ ਪਹਿਲਾਂ ਯਸ਼ਸਵੀ ਜੈਸਵਾਲ ਅਤੇ ਰਿਸ਼ਭ ਪੰਤ ਵਿਚਾਲੇ ਚੌਥੇ ਵਿਕਟ ਲਈ 88 ਦੌੜਾਂ ਦੀ ਭਾਈਵਾਲੀ ਸਦਕਾ ਮੈਚ ਡਰਾਅ ਵੱਲ ਵਧਦਾ ਨਜ਼ਰ ਆ ਰਿਹਾ ਸੀ ਪਰ ਪੰਤ ਦੇ ਇੱਕ ਵਾਰ ਫਿਰ ਗੈਰ-ਜ਼ਿੰਮੇਵਾਰਾਨਾ ਸ਼ਾਟ ਖੇਡ ਕੇ ਆਊਟ ਹੋਣ ਕਾਰਨ ਭਾਰਤ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ। ਜੈਸਵਾਲ (84 ਦੌੜਾਂ) ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਪ੍ਰਭਾਵਿਤ ਨਹੀਂ ਕਰ ਸਕਿਆ। ਜੈਸਵਾਲ ਨੂੰ ਤੀਜੇ ਅੰਪਾਇਰ ਨੇ ਵਿਵਾਦਤ ਢੰਗ ਨਾਲ ਕੈਚ ਆਊਟ ਕਰਾਰ ਦਿੱਤਾ।

ਸਵੇਰੇ ਭਾਰਤ ਨੇ ਲੰਚ ਤੱਕ 33 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਰੋਹਿਤ ਨੇ 40 ਗੇਂਦਾਂ ਵਿੱਚ ਨੌਂ ਦੌੜਾਂ ਬਣਾਈਆਂ ਅਤੇ ਟੈਸਟ ਮੈਚਾਂ ਵਿੱਚ ਦਸਵੀਂ ਵਾਰ ਆਸਟਰੇਲੀਆ ਦੇ ਕਪਤਾਨ ਪੈਟ ਕਮਿਨਸ ਦਾ ਸ਼ਿਕਾਰ ਬਣਿਆ। ਇਸੇ ਤਰ੍ਹਾਂ ਕੋਹਲੀ (29 ਗੇਂਦਾਂ ਵਿੱਚ ਪੰਜ ਦੌੜਾਂ) ਇਮਿਸ਼ੇਲ ਸਟਾਰਕ ਦੀ ਗੇਂਦ ’ਤੇ ਪਹਿਲੀ ਸਲਿਪ ’ਤੇ ਕੈਚ ਆਊਟ ਹੋ ਗਿਆ। ਕੇਐੱਲ ਰਾਹੁਲ ਖਾਤਾ ਵੀ ਨਹੀਂ ਖੋਲ੍ਹ ਸਕਿਆ। ਇਸ ਮਗਰੋਂ ਪੰਤ ਤੇ ਜੈਸਵਾਲ ਨੇ ਚੰਗੀ ਬੱਲੇਬਾਜ਼ੀ ਕੀਤੀ ਪਰ ਪੰਤ ਦੇ ਆਊਟ ਹੁੰਦਿਆਂ ਹੀ ਇੱਕ ਤੋਂ ਬਾਅਦ ਇੱਕ ਵਿਕਟਾਂ ਡਿੱਗਦੀਆਂ ਗਈਆਂ। ਜ਼ਿਕਰਯੋਗ ਹੈ ਕਿ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ 474 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਭਾਰਤੀ ਟੀਮ 369 ਦੌੜਾਂ ਹੀ ਬਣਾ ਸਕੀ ਅਤੇ ਆਸਟਰੇਲੀਆ ਨੂੰ 105 ਦੌੜਾਂ ਦੀ ਲੀਡ ਮਿਲੀ। ਇਸ ਮਗਰੋਂ ਦੂਜੀ ਪਾਰੀ ਵਿੱਚ ਆਸਟਰੇਲੀਆ ਦੀ ਟੀਮ ਨੇ 234 ਦੌੜਾਂ ਬਣਾ ਕੇ ਭਾਰਤ ਨੂੰ 340 ਦੌੜਾਂ ਦਾ ਟੀਚਾ ਦਿੱਤਾ ਪਰ ਭਾਰਤੀ ਟੀਮ 155 ਦੌੜਾਂ ’ਤੇ ਹੀ ਢੇਰ ਹੋ ਗਈ।

Related posts

ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ

On Punjab

ਨਿਊਜ਼ੀਲੈਂਡ : ਕੈਂਟਰਬਰੀ ਖੇਤਰ ’ਚ ਹੜ੍ਹ ਤੋਂ ਬਾਅਦ ਸਟੇਟ ਐਮਰਜੈਂਸੀ ਦਾ ਐਲਾਨ, ਬਚਾਅ ’ਚ ਜੁਟੀ ਫ਼ੌਜ ਤੇ ਹੈਲੀਕਾਪਟਰ

On Punjab

Viral News: ਸੁਪਨੇ ’ਚ ਜਿੱਤੀ ਸੀ ਲਾਟਰੀ, 2 ਦਿਨ ਬਾਅਦ ਪੂਰਾ ਹੋਇਆ ਸੁਪਨਾ ਅਤੇ ਜਿੱਤੇ 55 ਲੱਖ ਤੋਂ ਵੱਧ

On Punjab