ਹਰਿਆਣਾ- ਹਰਿਆਣਾ ਦੇ ਆਈ ਪੀ ਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਸੈਕਟਰ 11 ਸਥਿਤ ਰਿਹਾਇਸ਼ ’ਤੇ ਖੁਦਕੁਸ਼ੀ ਕਰਨ ਤੋਂ ਚਾਰ ਦਿਨਾਂ ਬਾਅਦ ਹਰਿਆਣਾ ਸਰਕਾਰ ਨੇ ਅੱਜ ਰੋਹਤਕ ਦੇ ਐਸਪੀ ਨਰੇਂਦਰ ਬਿਜਾਰਨੀਆ ਦਾ ਤਬਾਦਲਾ ਕਰ ਦਿੱਤਾ ਹੈ ਤੇ ਉਨ੍ਹਾਂ ਦੀ ਥਾਂ ਸੁਰਿੰਦਰ ਸਿੰਘ ਭੋਰੀਆ ਨੂੰ ਰੋਹਤਕ ਦਾ ਐੱਸ ਪੀ ਨਿਯੁਕਤ ਕੀਤਾ ਹੈ। ਅੱਜ ਜਾਰੀ ਕੀਤੇ ਗਏ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਬਿਜਾਰਨੀਆ ਦੀ ਤਾਇਨਾਤੀ ਦੇ ਹੁਕਮ ਵੱਖਰੇ ਜਾਰੀ ਕੀਤੇ ਜਾਣਗੇ।
ਆਈਪੀਐਸ ਅਧਿਕਾਰੀ ਦੇ ਖੁਦਕੁਸ਼ੀ ਨੋਟ ਤੋਂ ਬਾਅਦ ਪੀੜਤ ਪਰਿਵਾਰ ਨੇ ਹਰਿਆਣਾ ਦੇ ਡੀਜੀਪੀ ਅਤੇ ਐਸਪੀ ਰੋਹਤਕ ਨੂੰ ਛੁੱਟੀ ’ਤੇ ਭੇਜਣ ਦੀ ਮੰਗ ਕੀਤੀ ਸੀ। ਹਾਲਾਂਕਿ ਪੀੜਤ ਪਰਿਵਾਰ ਵਲੋਂ ਦੋਵਾਂ ਅਧਿਕਾਰੀਆਂ ਨੂੰ ਸਿਰਫ ਛੁੱਟੀ ’ਤੇ ਭੇਜਣ ਬਾਰੇ ਹੀ ਮੰਗ ਨਹੀਂ ਕੀਤੀ ਗਈ ਸੀ ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ ਗਈ ਸੀ। ਦੂਜੇ ਪਾਸੇ ਪ੍ਰਸ਼ਾਸਨ ਨੇ ਪੁਲੀਸ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ ਕੀਤਾ ਜਾਵੇਗਾ।
ਦੂਜੇ ਪਾਸੇ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਨੂੰ ਬਦਲਣ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਹਨ। ਦੱਸਣਯੋਗ ਹੈ ਕਿ ਹਰਿਆਣਾ ਦੇ ਏਡੀਜੀਪੀ ਆਈਪੀਐਸ ਅਧਿਕਾਰੀ ਵਾਈ ਪੂਰਨ ਕੁਮਾਰ ਵੱਲੋਂ 7 ਅਕਤੂਬਰ ਨੂੰ ਚੰਡੀਗੜ੍ਹ ਸਥਿਤ ਘਰ ਵਿੱਚ ਖੁਦਕੁਸ਼ੀ ਕਰ ਲਈ ਸੀ। ਵਾਈ ਪੂਰਨ ਕੁਮਾਰ ਵੱਲੋਂ ਲਿਖੇ ਖੁਦਕੁਸ਼ੀ ਪੱਤਰ ਵਿੱਚ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ, ਰੋਹਤਕ ਦੇ ਐਸਪੀ ਨਰਿੰਦਰ ਬਿਜਾਰਨੀਆ ਅਤੇ ਹੋਰਨਾਂ ਕਈ ਪੁਲੀਸ ਅਧਿਕਾਰੀ ਦੇ ਨਾਮ ਲਿਖੇ ਹੋਏ ਹਨ। ਦੂਜੇ ਪਾਸੇ ਚੰਡੀਗੜ੍ਹ ਪੁਲੀਸ ਨੇ ਉਕਤ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਲਈ 6 ਮੈਂਬਰੀ ਸਿਟ ਬਣਾ ਦਿੱਤੀ ਹੈ। ਉੱਥੇ ਹੀ ਵਾਈ ਪੂਰਨ ਕੁਮਾਰ ਦੇ ਪੋਸਟਮਾਰਟਮ ਨੂੰ ਲੈ ਕੇ ਸ਼ਸ਼ੋਪੰਜ ਬਣੀ ਹੋਈ ਹੈ।