ਓਲੰਪਿਕ ‘ਚ ਆਪਣੇ ਹੁਣ ਤਕ ਦੇ ਸਰਬੋਤਮ ਪ੍ਰਦਰਸ਼ਨ ਤੋਂ ਬਾਅਦ ਭਾਰਤ ਦੀਆਂ ਨਜ਼ਰਾਂ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੀਆਂ ਪੈਰਾਲੰਪਿਕ ਖੇਡਾਂ ‘ਚ ਵੀ ਆਪਣੇ ਸਰਬੋਤਮ ਪ੍ਰਦਰਸ਼ਨ ‘ਤੇ ਟਿਕੀਆਂ ਹਨ। ਭਾਰਤ ਨੇ ਟੋਕੀਓ ਓਲੰਪਿਕ ‘ਚ ਇਕ ਗੋਲਡ ਤੇ ਦੋ ਸਿਲਵਰ ਮੈਡਲਾਂ ਸਮੇਤ ਕੁੱਲ ਸੱਤ ਮੈਡਲ ਜਿੱਤੇ ਸਨ। ਉਮੀਦ ਹੈ ਕਿ 54 ਖਿਡਾਰੀਆਂ ਦਾ ਦਲ ਦੇਸ਼ ਨੂੰ ਇਸ ਪ੍ਰਸਿੱਧ ਮੁਕਾਬਲੇ ‘ਚ ਪਹਿਲੀ ਵਾਰ ਦੋਹਰੇ ਅੰਕ ‘ਚ ਮੈਡਲ ਦਿਵਾ ਸਕਦਾ ਹੈ। ਰੀਓ 2016 ਪੈਰਾਲੰਪਿਕ ਦੇ ਗੋਲਡ ਮੈਡਲ ਜੇਤੂ ਭਾਲਾ ਸੁੱਟਣ ਵਾਲੇ ਖਿਡਾਰੀ ਦਵਿੰਦਰ ਝਾਝਰੀਆ ਤੇ ਉੱਚੀ ਛਾਲ ਦੇ ਸਟਾਰ ਮਰਿਅਪਨ ਥੰਗਾਵੇਲੁ ਭਾਰਤ ਦੇ ਹੁਣ ਤਕ ਦੇ ਸਭ ਤੋਂ ਵੱਡੇ ਦਲ ਦੀ ਅਗਵਾਈ ਕਰਨਗੇ। ਭਾਰਤ ਨੂੰ ਇਨ੍ਹਾਂ ਖੇਡਾਂ ‘ਚ ਪੰਜ ਗੋਲਡ ਮੈਡਲਾਂ ਸਮੇਤ ਘਟੋ-ਘੱਟ 15 ਮੈਡਲਾਂ ਦੀ ਉਮੀਦ ਹੈ।
ਭਾਰਤ ਪੈਰਾਲੰਪਿਕ ‘ਚ ਨੌਂ ਖੇਡਾਂ ‘ਚ ਹਿੱਸਾ ਲਵੇਗਾ। ਵਿਸ਼ਵ ਰੈਂਕਿੰਗ ‘ਚ ਚਾਰ ਭਾਰਤੀ ਨੰਬਰ ਇਕ ‘ਤੇ ਕਾਬਜ਼ ਹਨ ਜਦੋਂ ਕਿ ਛੇ ਖਿਡਾਰੀਆਂ ਦੀ ਵਿਸ਼ਵ ਰੈਂਕਿੰਗ ਦੂਜੀ ਹੈ। ਇਸ ਤੋਂ ਇਲਾਵਾ ਲਗਪਗ 10 ਖਿਡਾਰੀਆਂ ਦੀ ਵਿਸ਼ਵ ਰੈਂਕਿੰਗ ਤਿੰਨ ਹੈ। ਭਾਰਤ 2016 ਰੀਓ ਪੈਰਾਲੰਪਿਕ ‘ਚ ਦੋ ਗੋਲਡ, ਇਕ ਸਿਲਵਰ ਤੇ ਇਕ ਕਾਂਸਾ ਮੈਡਲ ਨਾਲ 43ਵੇਂ ਸਥਾਨ ‘ਤੇ ਰਿਹਾ ਸੀ। ਜੇ ਭਾਰਤ ਉਮੀਦ ਮੁਤਾਬਕ ਸਫਲਤਾ ਹਾਸਲ ਕਰਦਾ ਹੈ ਤਾਂ ਇਸ ਵਾਰ ਮੈਡਲ ਸੂਚੀ ‘ਚ ਉਹ ਚੋਟੀ ਦੇ 25 ‘ਚ ਆਪਣੀ ਜਗ੍ਹਾ ਬਣਾ ਸਕਦਾ ਹੈ।
ਇਨ੍ਹਾਂ ਖੇਡਾਂ ‘ਚ ਰਹੇਗੀ ਮੈਡਲ ਦੀ ਉਮੀਦ
1. ਭਾਲਾ ਸੁੱਟਣਾ : ਬਚਪਨ ‘ਚ ਕਰੰਟ ਲੱਗਣ ਕਾਰਨ ਆਪਣਾ ਖੱਬਾ ਗੁਆਉਣ ਵਾਲੇ ਦਵਿੰਦਰ ਝਾਝਰੀਆ 40 ਸਾਲ ਦੀ ਉਮਰ ‘ਚ ਭਾਲਾ ਸੁੱਟਣ ਦੇ ਐੱਫ-46 ਵਰਗ ‘ਚ ਗੋਲਡ ਮੈਡਲ ਦੀ ਹੈਟਿ੍ਕ ਪੂਰੀ ਕਰਨ ਦੇ ਮਜ਼ਬੂਤ ਦਾਅਵੇਦਾਰ ਹਨ। ਵਿਸ਼ਵ ਚੈਂਪੀਅਨ ਸੰਦੀਪ ਚੌਧਰੀ (ਐੱਫ-64) ਵੀ ਗੋਲਡ ਮੈਡਲ ਦੇ ਦਾਅਵੇਦਾਰ ਹਨ। ਇਸ ਖੇਡ ‘ਚ ਦੋ ਹੋਰ ਦਾਅਵੇਦਾਰ ਪਿਛਲੇ ਵਿਸ਼ਵ ਚੈਂਪੀਅਨ ਸੁੰਦਰ ਸਿੰਘ ਗੁੱਜਰ ਤੇ ਅਜਿਤ ਸਿੰਘ (ਦੋਵੇਂ ਐੱਫ-46) ਤੇ ਨਵਦੀਪ ਸਿੰਘ (ਐੱਫ-41) ਹਨ।
ਉੱਚੀ ਛਾਲ : ਪੰਜ ਸਾਲ ਦੀ ਉਮਰ ‘ਚ ਗੋਡੇ ਤੋਂ ਹੇਠਾਂ ਦਾ ਪੈਰ ਬੱਸ ਨਾਲ ਕੁਚਲ ਜਾਣ ਕਾਰਨ ਦਿਵਿਆਂਗ ਹੋਏ ਮਰੀਅਪਨ ਥੰਗਾਵੇਲੁ ਉੱਚੀ ਛਾਲ ਦੇ ਟੀ-63 ਵਰਗ ‘ਚ ਆਪਣੇ ਗੋਲਡ ਮੈਡਲ ਦਾ ਬਚਾਅ ਕਰਨਗੇ।
3. ਬੈਡਮਿੰਟਨ : ਦੁਨੀਆ ਦੇ ਨੰਬਰ ਇਕ ਖਿਡਾਰੀ ਤੇ ਕਈ ਵਾਰ ਦੇ ਵਿਸ਼ਵ ਚੈਂਪੀਅਨ ਪ੍ਰਮੋਦ ਭਗਤ ਬੈਡਮਿੰਟਨ ਦੇ ਪੁਰਸ਼ ਐੱਸਐੱਲ-3 ਵਰਗ ‘ਚ ਗੋਲਡ ਮੈਡਲ ਦੇ ਦਾਅਵੇਦਾਰ ਹਨ। ਉਨ੍ਹਾਂ ਤੋਂ ਇਲਾਵਾ ਸੁਹਾਸ ਐੱਲ ਯਤੀਰਾਜ, ਕ੍ਰਿਸ਼ਨਾ ਨਾਗਰ, ਤਰੁਣ ਢਿੱਲੋ ਤੋਂ ਉਮੀਦ ਹੈ। ਪਾਰੁਲ ਪਰਮਾਰ ਤੇ ਪਲਕ ਕੋਹਲੀ ਤੋਂ ਮਹਿਲਾ ਵਰਗ ‘ਚ ਮੈਡਲ ਦੀ ਉਮੀਦ ਹੈ।
4. ਤੀਰਅੰਦਾਜ਼ੀ : ਤੀਰਅੰਦਾਜ਼ੀ ‘ਚ ਭਾਰਤ ਵੱਲੋਂ ਰਾਕੇਸ਼ ਕੁਮਾਰ ਤੇ ਸ਼ਾਮ ਸੁੰਦਰ (ਕੰਪਾਊਂਡ), ਵਿਵੇਕ ਚਿਕਾਰਾ ਤੇ ਹਰਵਿੰਦਰ ਸਿੰਘ (ਰਿਕਵਰ) ਤੇ ਮਹਿਲਾ ਤੀਰਅੰਦਾਜ਼ ਜੋਤੀ ਬਾਲੀਆਨ (ਕੰਪਾਊਂਡ ਵਿਅਕਤੀਗਤ ਤੇ ਮਿਕਸਡ ਮੁਕਾਬਲੇ) ਚੁਣੌਤੀ ਪੇਸ਼ ਕਰਨਗੇ।