ਨਵੀਂ ਦਿੱਲੀ- ਸ਼ਹਿਰੀ ਗੈਸ ਵੰਡ ਕੰਪਨੀ ‘ਅਡਾਨੀ ਟੋਟਲ ਗੈਸ ਲਿਮਟਿਡ’ ਨੇ ਵਾਹਨਾਂ ਵਿੱਚ ਵਰਤੀ ਜਾਣ ਵਾਲੀ ਕੰਪਰੈਸਡ ਨੈਚੁਰਲ ਗੈਸ (CNG) ਦੀਆਂ ਕੀਮਤਾਂ ਵਿੱਚ 4.45 ਰੁਪਏ ਪ੍ਰਤੀ ਕਿੱਲੋ ਤੱਕ ਦਾ ਵਾਧਾ ਕੀਤਾ ਹੈ। ਕੰਪਨੀ ਨੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤਰਲੀਕ੍ਰਿਤ ਕੁਦਰਤੀ ਗੈਸ (LNG) ਦੀਆਂ ਕੀਮਤਾਂ ਵਿੱਚ ਤੇਜ਼ੀ, ਘਰੇਲੂ ਗੈਸ ਦੀ ਉਪਲੱਬਧਤਾ ਵਿੱਚ ਕਮੀ ਅਤੇ ਸਪਲਾਈ ਵਿੱਚ ਕਟੌਤੀ ਨੂੰ ਇਸ ਫ਼ੈਸਲੇ ਦਾ ਮੁੱਖ ਕਾਰਨ ਦੱਸਿਆ ਹੈ।
‘ਅਡਾਨੀ ਟੋਟਲ ਗੈਸ ਲਿਮਟਿਡ’ (ATGL) ਦੀ ਵੈੱਬਸਾਈਟ ਮੁਤਾਬਕ, ਅਹਿਮਦਾਬਾਦ ਵਿੱਚ ਇਸ ਦੇ ਪੰਪਾਂ ’ਤੇ ਸੀ.ਐੱਨ.ਜੀ. ਦੀ ਕੀਮਤ ਵਧ ਕੇ 98.47 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਉੱਥੇ ਹੀ, ਹਰਿਆਣਾ ਦੇ ਫ਼ਰੀਦਾਬਾਦ ਵਿੱਚ ਇਹ 102.60 ਰੁਪਏ ਅਤੇ ਪੰਜਾਬ ਦੇ ਜਲੰਧਰ ਵਿੱਚ 100 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ।
ਅਡਾਨੀ ਟੋਟਲ ਨੇ ਕਿਹਾ ਕਿ ਇਨ੍ਹਾਂ ਕਾਰਨਾਂ ਕਰਕੇ ਸੀ.ਐੱਨ.ਜੀ. ਦੀ ਮੰਗ ਪੂਰੀ ਕਰਨ ਲਈ ਵਾਜਬ ਕੀਮਤਾਂ ’ਤੇ ਉਪਲੱਬਧ ਘਰੇਲੂ ਗੈਸ ਦਾ ਹਿੱਸਾ ਘਟਿਆ ਹੈ। ਸਪਲਾਈ ਵਿੱਚ ਆਈ ਇਸ ਘਾਟ ਨੂੰ ਪੂਰਾ ਕਰਨ ਲਈ ਹੋਰਾਂ ਸਰੋਤਾਂ ਤੋਂ ਗੈਸ ਖ਼ਰੀਦਣੀ ਪੈ ਰਹੀ ਹੈ, ਜਿਸ ਨਾਲ ਕੁੱਲ ਲਾਗਤ ਵਧ ਗਈ ਹੈ। ਕੰਪਨੀ ਦੇ ਬੁਲਾਰੇ ਅਨੁਸਾਰ, ਕੰਪਨੀ ਖ਼ਪਤਕਾਰਾਂ ’ਤੇ ਵਧੀ ਹੋਈ ਲਾਗਤ ਦਾ ਬੋਝ ਘੱਟ ਤੋਂ ਘੱਟ ਰੱਖਣ ਅਤੇ ਸੀ.ਐੱਨ.ਜੀ. ਦੀ ਨਿਰਵਿਘਨ ਉਪਲਬਧਤਾ ਯਕੀਨੀ ਬਣਾਉਣ ’ਤੇ ਧਿਆਨ ਦੇ ਰਹੀ ਹੈ। ਅਡਾਨੀ ਟੋਟਲ ਨੇ ਦੱਸਿਆ ਕਿ ਕੀਮਤਾਂ ਵਿੱਚ ਇਹ ਸੋਧ ਖ਼ਰੀਦ ਲਾਗਤ ਵਿੱਚ ਹੋਏ ਵਾਧੇ ਦੀ ਅੰਸ਼ਕ ਭਰਪਾਈ ਕਰਨ ਅਤੇ ਗਾਹਕਾਂ ਨੂੰ ਭਰੋਸੇਯੋਗ ਸਪਲਾਈ ਜਾਰੀ ਰੱਖਣ ਲਈ ਕੀਤੀ ਗਈ ਹੈ।

