ਕੋਲੰਬੋ: ਸ਼੍ਰੀਲੰਕਾ ‘ਚ ਈਸਟਰ ਦੇ ਦਿਨ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਪੂਰੇ ਦੇਸ਼ ‘ਚ ਫਿਰਕੂ ਹਿੰਸਾ ਭੜਕੀ ਹੋਈ ਹੈ। ਇਸ ਦੇ ਮੱਦੇਨਜ਼ਰ ਬੁੱਧਵਾਰ ਨੂੰ ਕਈ ਖੇਤਰਾਂ ‘ਚ ਫੇਰ ਤੋਂ ਕਰਫਿਊ ਲੱਗਾ ਦਿੱਤਾ ਗਿਆ ਹੈ। ਇਸ ‘ਚ 100 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪ੍ਰਸਾਸ਼ਨ ਨੇ ਦੇਸ਼ ‘ਚ ਕਰਫਿਊ ਨੂੰ ਕੁਝ ਘੰਟੇ ਹਟਾਉਣ ਤੋਂ ਬਾਅਦ ਫੇਰ ਕਰਫਿਊ ਦਾ ਐਲਾਨ ਕਰ ਦਿੱਤਾ।
ਮੀਡੀਆ ਰਿਪੋਰਟਸ ਮੁਤਾਬਕ ਪੁਲਿਸ ਬੁਲਾਰੇ ਐਸ ਪੀ ਰੂਵਾਨ ਗੁਣਾਸ਼ੇਕਰ ਨੇ ਦੱਸਿਆ ਕਿ ਉੱਤਰੀ ਪੱਛਮੀ ਇਲਾਕਿਆਂ ਅਤੇ ਗਾਂਪਾਹਾ ਪੁਲਿਸ ਖੇਤਰ ‘ਚ ਬੁੱਧਵਾਰ ਰਾਤ ਸੱਤ ਵਜੇ ਤੋਂ ਵੀਰਵਾਰ ਸਵੇਰੇ ਚਾਰ ਵਜੇ ਤਕ ਕਰਫਿਊ ਲੱਗਿਆ ਰਹੇਗਾ। ਉਧਰ ਸੈਨਾ ਦੇ ਅਧਿਕਾਰੀ ਨੇ ਹਾਲਾਤ ਕਾਬੂ ‘ਚ ਹੋਣ ਦੀ ਗੱਲ ਕਹਿ ਹੈ।
ਸ਼੍ਰੀਲੰਕਾ ਦੀ ਹਵਾਈ ਸੈਨਾ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਦਿਨ ਰਾਤ ਹੈਲੀਕਾਪਟਰ ਤੋਂ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ, “ਅਸੀ ਅਜਿਹੇ ਹਾਲਾਤਾਂ ‘ਚ ਸ਼ਾਮਿਲ ਲੋਕਾਂ ਬਾਰੇ ਅਸਮਾਨ ਤੋਂ ਫੋਟੋਗ੍ਰਾਫੀਕ ਸਬੂਤ ਹਾਸਲ ਕਰਨ ਅਤੇ ਕਾਨੂੰਨ ਤੋੜਣ ਵਾਲਿਆ ਖਿਲਾਫ ਅਜਿਹੇ ਸਬੁਤ ਇੱਕਠੇ ਕਰਨ ਲਈ ਇਹ ਕਦਮ ਚੁੱਕਿਆ ਹੈ”।
ਗੁਣਾਸ਼ੇਖਰ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਪ੍ਰਭਾਵਿੱਤ ਪੱਛਮੀ ਖੇਤਰ ‘ਚ ਮੁਸਲਿਮ ਵਿਰੋਧੀ ਹਿੰਸਾ ਨੂੰ ਲੈ ਕੇ ਘੱਟੋ ਘੱਟ 78 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਕੀ ਸ਼ੱਕੀਆਂ ਨੂੰ ਦੇਸ਼ ਦੇ ਵੱਖੋ–ਵੱਖ ਖੇਤਰਾਂ ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਵਿੱਤ ਮੰਤਰੀ ਮੰਗਲਾ ਸਮਰਵੀਰਾ ਨੇ ਕਿਹਾ ਕਿ ਸ਼੍ਰੀਲੰਕਾ ‘ਚ ਅੱਤਵਾਦੀ ਹਮਲੇ ਤੋਂ ਬਾਅਦ ਦੇ ਹਾਲਾਤ ‘ਚ ਅਮਰੀਕਾ ਜਾਂ ਕਿਸੇ ਹੋਰ ਦੇਸ਼ ਤੋਂ ਸੈਨਾ ਬੁਲਾਉਣ ਦੀ ਲੋੜ ਨਹੀ ਹੈ।