ਹਰਮੀਤ ਵਿਦਿਆਰਥੀ ਸਮਕਾਲੀ ਪੰਜਾਬੀ ਸ਼ਾਇਰਾਂ ਦੀ ਉਸ ਢਾਣੀ ਵਿੱਚ ਨਿਵੇਕਲਾ ਸਥਾਨ ਰੱਖਣ ਵਾਲਾ ਸ਼ਾਇਰ ਹੈ, ਜੋ ਸਮਾਜਿਕ ਯਥਾਰਥ ਨੂੰ ਇਸ ਦੇ ਬਹੁਪਰਤੀ ਵਿਵੇਕ ਸਮੇਤ ਕਾਵਿ ਬਿੰਬ ਵਿਚ ਢਾਲਣ ਦੀ ਸਮਰਥਾ ਰਖਦੇ ਹਨ । ਹਰਮੀਤ ਦੀ ਸ਼ਾਇਰੀ ਚਿੰਤਾ, ਚਿੰਤਨ ਅਤੇ ਚਾਹਤ ਦੀ ਸ਼ਾਇਰੀ ਹੈ ।ਕਿਉਂਕਿ ਇਸ ਵਿਚ ਯਥਾਰਥ ਦੀ ਕਰੂਰਤਾ ਤੇ ਅਮਾਨਵੀਪਨ ਉਪਰ ਗਹਿਰੀ ਚਿੰਤਾ ਅਤੇ ਦੁੱਖ ਹੈ, ਇਸ ਵਸਤੂ ਸਥਿਤੀ ਪਿੱਛੇ ਗਤੀਸ਼ੀਲ ਕਾਰਨਾਂ ਅਤੇ ਸ਼ਕਤੀਆਂ ਨੂੰ ਸਾਹਮਣੇ ਲਿਆਉਣ ਵਾਲਾ ਚਿੰਤਨ ਵੀ ਹੈ ਅਤੇ ਇਹਨਾਂ ਕਰੂਰ ਸਥਿਤੀਆਂ ਨੂੰ ਬਦਲਣ ਦੀ ਤੀਬਰ ਚਾਹਤ ਵੀ ਹੈ । ਇੰਜ ਉਸ ਦੀ ਸ਼ਾਇਰੀ ਸੰਵੇਦਨਾ ਤੋਂ ਚਿੰਤਨੀ ਵਿਵੇਕ ਤਕ ਫੈਲੀ ਹੋਈ ਹੈ, ਜਿਸ ਵਿਚੋਂ ਉਸ ਦੀ ਲੋਕ ਪੱਖੀ ਵਿਚਾਰਧਾਰਾ ਦੀ ਸਪਸ਼ਟ ਝਲਕ ਪ੍ਰਾਪਤ ਹੁੰਦੀ ਹੈ । ਹਰਮੀਤ ਵਿਦਿਆਰਥੀ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਹੈ ਅਤੇ ਅਨੇਕਾਂ ਖੇਤਰਾਂ ਵਿਚ ਸਰਗਰਮ ਹੈ । ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਮੀਤ ਪ੍ਰਧਾਨ ਵੀ ਰਿਹਾ ਹੈ ਅਤੇ ਜਨਰਲ ਸਕੱਤਰ ਵੀ । ਉਹ ਰੈਵੇਨਿਊ ਪਟਵਾਰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਅਤੇ ਸਟੇਟ ਪੱਧਰ ਦਾ ਅਹੁਦੇਦਾਰ ਹੈ ।ਉਹ ਅਨੇਕਾਂ ਸਮਾਜਿਕ ਸਭਿਆਚਾਰਕ ਜੱਥੇਬੰਦੀਆਂ ਵਿਚ ਸਰਗਰਮ ਹੈ ।ਸ਼ਾਇਰ, ਚਿੰਤਕ, ਜੱਥੇਬੰਦਕ ਆਗੂ, ਸੰਪਾਦਕ, ਪਬਲਿਸ਼ਰ, ਐਂਕਰ — ਅਨੇਕਾਂ ਖੇਤਰਾਂ ਨਾਲ ਉਹ ਜੁੜਿਆ ਰਿਹਾ ਹੈ, ਤੇ ਹਰ ਖੇਤਰ ਦਾ ਚਰਚਿਤ ਹਸਤਾਖਰ ਵੀ ਮੰਨਿਆ ਜਾਂਦਾ ਹੈ ।
ਹਰਮੀਤ ਵਿਦਿਆਰਥੀ ਦਾ ਜਨਮ 9 ਜਨਵਰੀ 1968 ਨੂੰ ਫ਼ਿਰੋਜ਼ਪੁਰ ਵਿਖੇ ਹੋਇਆ । ਉਸ ਨੇ ਅੱਠਵੀਂ ਤਕ ਦੀ ਪੜ੍ਹਾਈ ਫ਼ਿਰੋਜ਼ਪੁਰ ਕੀਤੀ । ਪਿਤਾ ਸ. ਅਮਰੀਕ ਸਿੰਘ ਨਹਿਰ ਵਿਭਾਗ ਵਿਚ ਸਨ ।ਉਹਨਾ ਦੀ ਬਦਲੀ ਹੋਣ ਕਾਰਨ ਪਰਿਵਾਰ ਫ਼ਰੀਦਕੋਟ ਆ ਗਿਆ ।ਇੱਥੋਂ ਦੇ ਬਲਵੀਰ ਹਾਈ ਸਕੂਲ ਤੋਂ ਉਸਨੇ ਦਸਵੀਂ ਕੀਤੀ ਤੇ ਬਰਜਿੰਦਰਾ ਕਾਲਜ ਵਿਚ ਉਚੇਰੀ ਪੜ੍ਹਾਈ ਲਈ ਜਾ ਦਾਖਲ ਹੋਇਆ । ਭਾਵੇਂ ਬੀ. ਏ. ਅਤੇ ਐਮ. ਏ. ( ਪੰਜਾਬੀ )ਉਸ ਨੇ ਪ੍ਰਾਈਵੇਟ ਹੀ ਕੀਤੀ, ਪਰ ਕਾਲਜ ਵਿਚ ਲਗਾਏ ਦੋ ਕੁ ਸਾਲਾਂ ਨੇ ਉਸ ਦੇ ਮਨ ਚ ਉਸ ਦੇ ਸਕੂਲ ਅਧਿਆਪਕ ਨਵਰਾਹੀ ਘੁਗਿਆਣਵੀ ਦੁਆਰਾ ਪੜ੍ਹਨ ਲਿਖਣ ਦੇ ਬੀਜੇ ਬੀਜ ਨੂੰ ਇਕ ਦਿਲਕਸ਼ ਬੂਟੇ ਵਿਚ ਤਬਦੀਲ ਕਰ ਦਿੱਤਾ । ਧਰਮ ਕੰਮੇਆਣਾ, ਦਿਲਸ਼ਾਦ ਅਖ਼ਤਰ, ਪ੍ਰਕਾਸ਼ ਗਾਧੂ, ਪਾਲੀ ਭੁਪਿੰਦਰ, ਤੇਜਵਿੰਦਰ ਵਰਗੇ ਸਾਹਿਤ ਨਾਲ ਜੁੜੇ ਦੋਸਤਾਂ ਦੇ ਸਾਥ ਨੇ ਉਸਦਾ ਸਾਹਿਤ ਨਾਲ ਨਾਤਾ ਹੋਰ ਪੱਕਾ ਕਰ ਦਿੱਤਾ । ਕੁਝ ਅਜਿਹੇ ਦੋਸਤਾਂ ਦਾ ਸਾਥ, ਕੁਝ ਉਸ ਦੀ ਕਾਵਿ ਪ੍ਰਤਿਭਾ ਅਤੇ ਬਾਕੀ ਬਾਬਾ ਫ਼ਰੀਦ ਦੀ ਨਗਰੀ ਦਾ ਬਖ਼ਸ਼ਿਆ ਫ਼ਕੀਰਾਨਾ ਮਾਹੌਲ — ਇਹ ਸਾਰਾ ਕੁਝ ਕਾਫ਼ੀ ਸੀ ਉਸ ਦੇ ਸ਼ਾਇਰ ਬਣਨ ਵਾਸਤੇ । ਉਸ ਨੇ ਕਿਸੇ ਅਖਬਾਰ ਨੂੰ ਚਿੱਠੀ ਲਿਖੀ। ਥੱਲੇ ਲਿਖ ਦਿੱਤਾ — ਹਰਮੀਤ ਸਿੰਘ ,ਵਿਦਿਆਰਥੀ ਬਰਜਿੰਦਰਾ ਕਾਲਜ ਫ਼ਰੀਦਕੋਟ। ਪਰ ਅਖਬਾਰ ਵਾਲਿਆਂ ਉਸਦਾ ਨਾਂ ਛਾਪਿਆ – ਹਰਮੀਤ ਵਿਦਿਆਰਥੀ, ਬਰਜਿੰਦਰਾ ਕਾਲਜ ਫ਼ਰੀਦਕੋਟ । ਉਸ ਨੂੰ ਇਹ ਨਾਂ ਏਨਾ ਜਚਿਆ ਕਿ ਉਹ ਸਦਾ ਲਈ ਹਰਮੀਤ ਵਿਦਿਆਰਥੀ ਬਣ ਗਿਆ।ਉਸ ਦੁਆਰਾ ਰੋਜ਼ੀ ਰੋਟੀ ਲਈ ਅਪਣਾਏ ਕਿੱਤਿਆਂ ਦਾ ਗਰਾਫ਼ ਵੀ ਬੜਾ ਦਿਲਚਸਪ ਹੈ । ਨਹਿਰ ਮਹਿਕਮੇ ਦਾ ਵਰਕ ਮੁਣਸ਼ੀ, ਮੁਹਾਲੀ ਦੀ ਟੈਲੀਵਿਜ਼ਨ ਫੈਕਟਰੀ ਦਾ ਮੁਲਾਜ਼ਮ , ਹੋਮ ਗਾਰਡ ਦਾ ਸਿਪਾਹੀ, ਡੀ. ਸੀ. ਮਾਡਲ ਸਕੂਲ ਦਾ ਪੰਜਾਬੀ ਅਧਿਆਪਕ, ਹੋਮ ਸਾਇੰਸ ਕਾਲਜ ਕਾਉਣੀ ਚ ਕਲਰਕ ਤੇ ਮਾਲ ਪਟਵਾਰੀ । ਹੁਣ ਉਹ ਮਾਲ ਪਟਵਾਰੀ ਵਜੋਂ ਤਾਇਨਾਤ ਹੈ ਅਤੇ ਫ਼ਿਰੋਜ਼ਪੁਰ ਦਾ ਪੱਕਾ ਵਸਨੀਕ ਹੈ ।
ਹਰਮੀਤ ਵਿਦਿਆਰਥੀ ਮੂਲ ਰੂਪ ਵਿਚ ਇਕ ਕਾਰਕੁੰਨ ( Activist ) ਹੈ , ਜੋ ਹਰ ਸਮੇ ਕਿਸੇ ਨਾ ਕਿਸੇ ਮੁਹਾਜ ਤੇ ਸਰਗਰਮ ਰਿਹਾ ਹੈ ।ਇੱਕੋ ਸਮੇ ਕਈ ਮੁਹਾਜਾਂ ਤੇ ਵੀ । ਕੇਂਦਰੀ ਪੰਜਾਬੀ ਲੇਖਕ ਸਭਾ, ਦੇਸ਼ ਭਗਤ ਯਾਦਗਾਰ ਹਾਲ, ਬਾਲ ਪ੍ਰੀਤ ਮਿਲਣੀ ਕਾਫ਼ਲਾ, ਪਲਸ ਮੰਚ, ਕਲਾ ਪੀਠ, ਮੋਹਨ ਲਾਲ ਭਾਸਕਰ ਫਾਊਂਡੇਸ਼ਨ, ਰੈਵੇਨਿਊ ਪਟਵਾਰ ਯੂਨੀਅਨ — ਉਹ ਸਾਰਿਆਂ ਵਿਚ ਸਰਗਰਮ ਰਿਹਾ ਹੈ ।ਉਹ ‘ਸਰਦਲ ‘ ਦੇ ਸੰਪਾਦਕੀ ਬੋਰਡ ਚ ਸੀ । ‘ ਚਿੰਤਨ ‘ ਦਾ ਸੰਪਾਦਕ ਸੀ । ਇਕ ਪ੍ਰਕਾਸ਼ਕ ਵਜੋਂ ‘ ਚਿੰਤਨ ਪ੍ਰਕਾਸ਼ਨ ਫ਼ਿਰੋਜ਼ਪੁਰ ‘ ਦੇ ਨਾਂ ਹੇਠ ਬਹੁਤ ਸਾਰੀਆਂ ਮਿਆਰੀ ਕਿਤਾਬਾਂ ਵੀ ਛਾਪੀਆਂ । ਉਸ ਨੇ ਭਾਵੇਂ ਵਧੇਰੇ ਛੰਦ ਰਹਿਤ ਨਜ਼ਮ ਹੀ ਲਿਖੀ ਹੈ, ਜਿਸ ਨੂੰ ‘ ਖੁੱਲ੍ਹੀ ਕਵਿਤਾ’ ਵੀ ਆਖਿਆ ਜਾਂਦਾ ਹੈ ।ਪਰ ਉਸ ਨੇ ਛੰਦਮਈ ਪ੍ਰਗੀਤਕ ਰਚਨਾਵਾਂ ਗੀਤ, ਗ਼ਜ਼ਲ ਆਦਿ ਦੀ ਵੀ ਓਨੀ ਹੀ ਸਫਲਤਾ ਨਾਲ ਸਿਰਜਣਾ ਕੀਤੀ ਹੈ । ਉਸ ਦੀਆਂ ਤਿੰਨ ਕਾਵਿ ਪੁਸਤਕਾਂ — ਆਪਣੇ ਖ਼ਿਲਾਫ਼, ਸਮੁੰਦਰ ਬੁਲਾਉਂਦਾ ਹੈ ਅਤੇ ਉੱਧੜੀ ਹੋਈ ਮੈਂ ਹਨ ।ਪੇਸ਼ ਹਨ ਇਸ ਸਮਰਥਾਵਾਨ ਸ਼ਾਇਰ ਦੀਆਂ ਕੁਝ ਕਾਵਿ ਰਚਨਾਵਾਂ :
1 ਮੈਂ ਸੁਪਨੇ ਵੇਖ ਸਕਦਾ ਹਾਂ
_______
ਮੈਂ ਲੜਨਾ ਚਾਹਿਆ
ਮੇਰੇ ਹੱਥ ਵੱਢ ਦਿੱਤੇ।
ਮੈਂ ਬੋਲਣਾ ਚਾਹਿਆ
ਮੇਰੀ ਜ਼ੁਬਾਨ ਸੀ ਦਿੱਤੀ।
ਮੇਰੀਆਂ ਅੱਖਾਂ ਦੀ ਲਿਸ਼ਕ
ਚਾਨਣ ਵੰਡਦੀ ਸੀ
ਕੱਢ ਦਿੱਤੀਆਂ।
……………..
ਹੋਰ ਕੀ ਕਰ ਸਕਦੇ ਨੇ ਉਹ ?
ਉਹਨਾਂ ਨੂੰ ਪਤਾ ਹੀ ਨਹੀਂ ਹੈ
ਮੈਂ ਅਜੇ ਵੀ ਬਹੁਤ
ਖ਼ਤਰਨਾਕ ਹਾਂ।
ਮੈਂ ਅਜੇ ਸੁਪਨੇ ਵੇਖ ਸਕਦਾ ਹਾਂ।
___
2 ਸਿਖ਼ਰ ਦੁਪਹਿਰੇ
____
ਸਿਖ਼ਰ ਦੁਪਹਿਰੇ
ਡਾਕੇ ਵੱਜੇ
ਖੌਰੂ ਪਾਇਆ ਉਹਨਾਂ
ਗਲ਼ੀਆਂ ਦੇ ਵਿੱਚ ਦਿਓ ਫਿਰਦੇ ਨੇ
ਆਪਾਂ ਵੜ ਗਏ ਅੰਦਰੇ
ਚੁੱਪ ਚੁਪੀਤੇ
ਦੁੱਖੜੇ ਰੋਏ
ਮੂੰਹੋਂ ਉਫ਼ ਨਾ ਨਿਕਲੀ
ਖ਼ੁਦ ਦੀ ਜਾਨ ਬਚਾਵਣ
ਖ਼ਾਤਰ ਮੂੰਹ ਨੂੰ ਲਾ ਲਏ ਜਿੰਦਰੇ
ਸਬਕ ਪੜ੍ਹੇ ਸਨ
ਹਿੰਮਤ ਵਾਲੇ
ਭੀੜ ਪਈ ਤੇ ਭੁੱਲੇ
ਇਮਤਿਹਾਨ ਦਾ ਵੇਲਾ ਆਇਆ
ਲੁਕ ਗਏ ਕਿਹੜੀ ਕੰਦਰੇ
ਚੀਜ਼ਾਂ ਵਸਤਾਂ
ਦੇ ਨਾਲ ਪਰਚੇ
ਮਨ ਖਾਲੀ ਘਰ ਭਰਿਆ
ਅੱਖਾਂ ਵਿਚੋਂ ਨੀਂਦਰ ਮਰ ਗਈ
ਸੁਪਨੇ ਰੁੱਸ ਗਏ ਚੰਦਰੇ
ਆਪਣੇ ਕੋਲ
ਇੱਕ ਚਾਅ ਸੀ ਜੀਉਣ ਦਾ
ਉਹ ਵੀ ਅਸੀਂ ਗੁਆ ਬੈਠੇ ਹਾਂ
ਲਾਸ਼ਾਂ ਤੁਰੀਆਂ ਫਿਰਦੀਆਂ ਨੇ
ਜਿਸਮ ਤਾਬੂਤ ਦੇ ਅੰਦਰੇ
__
3 ਮੈਂ ਜੋ ਮੈਂ ਨਹੀਂ
_____
ਮੈਂ ਆਪਣੇ ਖੌਫ਼ ਨੂੰ
ਆਪਣੇ ਅੰਦਰ ਕਿਤੇ
ਡੂੰਘਾ ਛਿਪਾਉਣ ਵਾਸਤੇ
ਉੱਚੀ ਉੱਚੀ ਬੋਲਦਾ ਹਾਂ
ਅੰਦਰੇ ਅੰਦਰ ਡਰਦਾ
ਵਿਸ ਘੋਲਦਾ ਹਾਂ
ਮੈਂ ਵਹਾ ਕੇ ਅੱਥਰੂ
ਖ਼ੁਦ ਨੂੰ ਸਮੇਟਣਾ ਚਾਹਾਂ
ਪਰ ਨਸ਼ਰ ਹੋ ਜਾਵਾਂ
ਜ਼ਮਾਨੇ ਭਰ ਅੰਦਰ
ਕਿੰਨਾ ਹੀਣਾ ਹੈ ਮੇਰਾ ਸੱਚ
ਮੇਰੇ ਝੂਠ ਤੋਂ ਹੀ ਹਾਰ ਜਾਵੇ
ਆਪਣੇ ਆਪ ਤੋਂ ਹੀ
ਮੈਨੂੰ ਖੌਫ਼ ਆਵੇ
ਸ਼ੀਸ਼ੇ ਸਾਹਵੇਂ ਖਲੋ ਕੇ
ਖੁਦ ਨੂੰ ਬਹੁਤ ਕੁਝ ਪੁੱਛਣਾ ਚਾਹਾਂ
ਪਰ ਉੱਤਰ ਮਿਲਣ ਤੋਂ ਪਹਿਲਾਂ ਹੀ
ਸ਼ੀਸ਼ਾ ਤੋੜ ਦੇਵਾਂ
ਮੈਂ ਅੱਜਕਲ੍ਹ ਆਪਣੇ ਖੌਫ਼ ਦਾ
ਕੈਦੀ
ਆਪਣੀ ਹਉਮੈ ਦਾ ਮੁਜਰਿਮ
ਆਪਣੀ ਜ਼ਮੀਰ ਸਾਹਵੇਂ
ਨੈਤਿਕਤਾ ਦੀ ਅਦਾਕਾਰੀ ਕਰਾਂ
ਖ਼ੁਦ ਆਪਣੇ ਆਪ ਨੂੰ
ਆਸਕਰ ਪ੍ਰਦਾਨ ਕਰਦਾ ਹਾਂ
ਮੈਂ ਜੋ ਵੀ ਹਾਂ
ਉਹ ਦਿੱਸਣ ਤੋਂ ਤ੍ਰਿੰਹਦਾ
ਜੋ ਨਹੀਂ ਹਾਂ
ਉਹ ਹੋਣ ਦੀ
ਬੇਕਾਰ ਕੋਸ਼ਿਸ਼ ਕਰਦਾ ਹਾਂ
ਮੈਂ ਹੌਂਸਲੇ ਤੇ ਡਰ ਦੀ
ਨੋ ਮੈਨਜ਼ ਲੈਂਡ ਤੇ
ਜੀਣ ਦੇ ਅਭਿਨੈ ਚ ਰੁੱਝਾ
ਅਸਫ਼ਲ ਅਭਿਨੇਤਾ
____
4 ਗ਼ਜ਼ਲ
____
ਖੁਦ ਖਾਮੋਸ਼ ਖੜ੍ਹੇ ਸੁਣ ਰਹੇ ਹਾਂ, ਪਰ ਬੰਦੂਕਾਂ ਬੋਲ ਰਹੀਆਂ ਨੇ ।
ਜਿਉਂਦੇ ਚੁਪ ਨੇ ਇਸ ਧਰਤੀ ਤੇ, ਲੇਕਿਨ ਲਾਸ਼ਾਂ ਬੋਲ ਰਹੀਆਂ ਨੇ।
ਮੈਂ ਇਸ ਧਰਤੀ ਦਾ ਪੁੱਤ ਦੇਖੋ ਕਿੰਨਾ ਬੇਬਸ ਹੋ ਚੁੱਕਾ ਹਾਂ
ਸਾਰੇ ਸੁਪਨੇ ਮੁੱਕ ਗਏ , ਬਸ ਬੰਜਰ ਅੱਖਾਂ ਬੋਲ ਰਹੀਆਂ ਨੇ ।
ਮੈਨੂੰ ਮੇਰੇ ਹੀ ਪੈਰਾਂ ਦੇ ਸਫਰ ਨੇ ਕਿੰਨਾਂ ਹੈ ਉਲਝਾਇਆ
ਘਰ ਖਬਰੇ ਨੇ ਕਿੱਥੇ ਗੁੰਮੇ, ਖਾਲੀ ਰਾਹਵਾਂ ਬੋਲ ਰਹੀਆਂ ਨੇ ।
ਸਾਡੇ ਬੋਲੇ ਕੰਨਾਂ ਤਾਈਂ ਸੁਣਦਾ ਨਾ ਵਿਰਲਾਪ ਕੋਈ ਵੀ
ਜ਼ਹਿਰੀ ਬੱਲੀਆਂ ਖਾ ਕੇ ਕਦ ਤੋਂ ਮੋਈਆਂ ਚਿੜੀਆਂ ਬੋਲ ਰਹੀਆਂ ਨੇ ।
ਲੱਖ ਵਾਰੀ ਡੁੱਬ ਜਾਵੇ ਭਾਵੇਂ ਭਲਕੇ ਫ਼ੇਰ ਚੜ੍ਹੇਗਾ ਵੇਖੀਂ
ਸੂਰਜ ਨੂੰ ਝੋਲੀ ਵਿਚ ਭਰਕੇ ਰੱਤੀਆਂ ਸ਼ਾਮਾਂ ਬੋਲ ਰਹੀਆਂ ਨੇ ।
_____
5 ਗ਼ਜ਼ਲ
___
ਕਿਨਾਰੇ ਬਹਿ ਕੇ ਦਰਿਆ ਦੀ ਰਵਾਨੀ ਵੇਖਦੇ ਰਹਿਣਾ
ਮੇਰੀ ਕਿਸਮਤ ‘ਚ ਹੈ ਸ਼ਾਇਦ ਵਗਣ ਦੀ ਸੋਚਦੇ ਰਹਿਣਾ
ਝੁਕੇ ਸਿਰ ਹੀ ਤੇਰੇ ਦਰਬਾਰ ਵਿਚ ਪ੍ਰਵਾਨ ਹੁੰਦੇ ਨੇ
ਤੇ ਸਾਡਾ ਸ਼ੌਕ ਹਰ ਮਕਤਲ ਚੋਂ ਤਣ ਕੇ ਲੰਘਦੇ ਰਹਿਣਾ
ਮੇਰੀ ਜੀਭਾ ਨੂੰ ਚੁੱਪ ਰਹਿਣਾ ਨਹੀਂ ਆਇਆ ਅਜੇ ਤੀਕਰ
ਬੜ੍ਹਾ ਮੁਸ਼ਕਿਲ ਹੈ ਪਰ ਹੈ ਲਾਜ਼ਮੀ ਸੱਚ ਬੋਲਦੇ ਰਹਿਣਾ
ਮਿਲੀ ਗੁੜ੍ਹਤੀ ਸੀ ਤੇਗਾਂ ਨੇਜ਼ਿਆਂ ਸੰਗ ਖੇਡਣੇ ਦੀ ਪਰ
ਇਹ ਕਿੱਥੋਂ ਆ ਗਿਆ ਹੈ ਗਿੜਗਿੜਾਉਣਾ ਰੀਂਗਦੇ ਰਹਿਣਾ
__
6 ਗੀਤ
____
ਹੀਰੇ ਨੀ, ਹੱਥ ਕਾਸਾ ਲੈ ਕੇ
ਜੋਗੀ ਦਰ ਤੇ ਆਏ ।
ਪਾ ਇਹਨਾ ਨੂੰ ਖੈਰ ਹੁਸਨ ਦੀ
ਸਦੀਆਂ ਦੇ ਤਿਰਹਾਏ ।
ਜੋਗੀ ਜਦ ਵੀ ਨਗਰੀ ਆਵਣ ।
ਤੇਰੇ ਦਰ ਤੇ ਅਲਖ ਜਗਾਵਣ ।
ਕਰਕੇ ਦਰਸ਼ਨ ਪਿਆਸ ਬੁਝਾਵਣ ।
ਮਿੱਠੜੇ ਬੋਲ ਅਲਾਇ ।
ਜੋਗੀ ਦਰ ਤੇ ਆਏ ।
ਖਾਲੀ ਕਾਸਾ ਮੋੜ ਨਾ ਹੀਰੇ ।
ਦਿਲ ਜੋਗੀ ਦਾ ਤੋੜ ਨਾ ਹੀਰੇ ।
ਹੋਰ ਸਾਨੂੰ ਕੋਈ ਲੋੜ ਨਾ ਹੀਰੇ
ਹੁੰਦੇ ਇਸ਼ਕ ਖੁਦਾਇ ।
ਜੋਗੀ ਦਰ ਤੇ ਆਏ ।
ਜੰਗਲਾਂ ਦੇ ਵਿਚ ਜੋਗੀ ਰਹਿੰਦੇ ।
ਰੁੱਖਾਂ ਨੂੰ ਹੀ ਦੁਖ ਸੁਖ ਕਹਿੰਦੇ ।
ਦਰਿਆਵਾਂ ਦੇ ਵਾਂਗੂੰ ਵਹਿੰਦੇ ।
ਸਭ ਨੂੰ ਮੀਤ ਬਣਾਇ ।
ਜੋਗੀ ਦਰ ਤੇ ਆਏ ।
___