53.2 F
New York, US
November 4, 2024
PreetNama
ਸਮਾਜ/Social

ਵਿਜੋਗੇ ਜੀਆਂ ਲਈ ਵੱਡੇ ਜਤਨ ‘ਵਾਰਿਸ ਸ਼ਾਹ ਵਿਚਾਰ ਪਰਚਾਰ ਪਰਿਆ’ ਦੇ

ਵਿਜੋਗੇ ਜੀਆਂ ਲਈ ਵੱਡੇ ਜਤਨ ‘ਵਾਰਿਸ ਸ਼ਾਹ ਵਿਚਾਰ ਪਰਚਾਰ ਪਰਿਆ’ ਦੇ

ਦੀਦਾਵਰ ਦਾ ਹੁਨਰ

ਯਾਦਵਿੰਦਰ

 

[ਹੁਣ ਤੱਕ ਇਹ ਕਾਲਮ ‘ਦੀਦਾਵਰ ਦਾ ਹੁਨਰ’ ਰੱਖ ਦਿੱਤਾ ਹੈ]

JALANDHAR:

ਇਹ ਹੱਦਾਂ/ਸਰਹੱਦਾਂ, ਜਿਹੜੀਆਂ ਸਾਨੂੰ ਅੱਜ ਹਕੀਕਤ ਲੱਗਦੀਆਂ ਹਨ, ਇਹ ਸਭ ਕੁਦਰਤੀ ਜਾਂ ਭੂਗੋਲਿਕ ਨਹੀਂ ਹਨ ਬਲਕਿ ਸਿਆਸੀ ਕਾਰਨਾਂ ਕਰ ਕੇ ਹਨ। ਤੁਸੀਂ ਕਦੇ ਵੀ ਗਲੋਬ ਦਾ ਨਕਸ਼ਾ ਚੁਕ ਕੇ ਵੇਖੋ, ਓਹਦੇ ਉੱਤੇ ਲਿਖਿਆ ਹੁੰਦੈ, ‘ਵਰਲਡ ਪੋਲੀਟੀਕਲ’। ਦੱਸਣ ਦੀ ਲੋੜ ਨਹੀਂ ਕਿ ਕਾਇਨਾਤ ਵਿਚ ਕਿਤੇ ਕੋਈ ਤਕਸੀਮ ਨਹੀਂ। ਕੁਲ ਦੁਨੀਆਂ ਵਿਚ ਜਿੰਨੀ ਵੀ ਜ਼ਮੀਨ ਹੈ, ਇਸ ਵਿਚ ਕੁਦਰਤਨ ਕੋਈ ਤਕਸੀਮ ਨਹੀਂ। ਅਮਰੀਕਾ, ਕਨੇਡਾ, ਮੈਕਸੀਕੋ, ਭਾਰਤ, ਪਾਕਿਸਤਾਨ, ਕੋਰੀਆ, ਚੀਨ ਕਿਸੇ ਵੀ ਮੁਲਕ ਦਾ ਵੱਖਰਾ ਅਸਮਾਨ ਨਹੀਂ ਹੁੰਦਾ। ਧਰਤੀ ‘ਤੇ ਪਈਆਂ ਤਕਸੀਮਾਂ ਸਿਰਫ਼ ਤੇ ਸਿਰਫ਼ ਕੁਝ ਰਾਜ ਘਰਾਣਿਆਂ ਨੇ ਘੜੀਆਂ ਹਨ, ਕਿਉਂਜੋ ਜਿਨ੍ਹਾਂ ਹੱਥ ਰਾਜ-ਭਾਗ ਆ ਗਿਆ ਹੈ, ਉਹ ਹਮੇਸ਼ਾ ਚਾਹੁੰਦੇ ਰਹਿਣਗੇ ਕਿ ਮਨੁੱਖਾਂ ਨੂੰ ਹੱਕਣ ਲਈ ਉਨ੍ਹਾਂ ਕੋਲ ਇਹ ਇਲਾਕੇ ਬਰਕਰਾਰ ਰਹਿਣ ਤੇ ਉਨ੍ਹਾਂ ਦੀਆਂ ਆਇੰਦਾ ਨਸਲਾਂ ਵੀ ਇਸੇ ਤਰ੍ਹਾਂ ਰਾਜਭਾਗ ਦਾ ਲੁਤਫ਼ ਮਾਣਦੀਆਂ ਰਹਿਣ।

ਮਨੁੱਖੀ ਸਮਾਜ ਤੇ ਇਸ ਜਹਾਨ ਵਿਚ ਮੁਢ ਤੋਂ ਇੰਝ ਹੀ ਹੁੰਦਾ ਆਇਆ ਹੈ। ਅਸੀਂ ਸਮਝਦੇ ਹਾਂ ਕਿ ਬਾਬਾ-ਏ-ਪੰਜਾਬੀਅਤ ਵਾਰਿਸ਼ ਸ਼ਾਹ ਜੇ ਅੱਜ ਦੇ ਜ਼ਮਾਨੇ ਵਿਚ ਜਿਉਂਦੇ ਹੁੰਦੇ ਤਾਂ ਉਹ ਵੀ ਆਪਣੇ ਲਫ਼ਜ਼ਾਂ ਵਿਚ ਇਹੀ ਪੈਗ਼ਾਮ ਦਿੰਦੇ। ਪੜ੍ਹਣਹਾਰੇ ਦੋਸਤੋ! ਤੁਸੀਂ ਸ਼ਾਇਦ ਸੋਚਦੇ ਹੋਵੋਗੇ ਕਿ ‘ਦੀਦਾਵਰ ਦਾ ਲਿਖਾਰੀ’ ਅੱਜ ਸਿਆਸੀ ਗੱਲਾਂ ਕਰਦਾ ਕਰਦਾ ਬਾਬਾ ਵਾਰਿਸ਼ ਸ਼ਾਹ ‘ਤੇ ਆ ਕੇ ਕਿਉਂ ਰੁਕ ਗਿਐ। …

ਤਸਵੀਰ ਵਿੱਚ: ਪਰ੍ਹਿਆ ਦੀ ਬੈਠਕ ਦੌਰਾਨ – ਪਹਿਲੀ ਕਤਾਰ: ਸ਼ੱਬੀਰ (ਫ਼ੈਯਾਜ਼, ਹਸਨ ਲਾਧੀ, ਤਬੱਸੁਮ ਰਜ਼ਾ)

ਦੂਜੀ ਕਤਾਰ: ਫ਼ੈਯਾਜ਼, ਹਸਨ, ਕਾਮੀ

ਤੀਜੀ ਕਤਾਰ: ਅਕਬਰ, ਅਲੀ, ਮਲਿਕ ਦੇ ਦੋਸਤ

ਚੌਥੀ ਕਤਾਰ: ਗੁੱਜਰ ਦੇ ਪਿਤਾ ਜੀ, ਸ਼ੱਬੀਰ-2

ਤੁਸੀਂ ਇੰਝ ਸੋਚਿਐ ਜਾਂ ਨਹੀਂ ਸੋਚਿਆ ਪਰ ਏਨਾ ਜ਼ਰੂਰ ਦੱਸਣਾ ਚਾਹਾਂਗਾ ਕਿ ਵਾਰਿਸ ਸ਼ਾਹ ਤੇ ਉਨ੍ਹਾਂ ਵੱਲੋਂ ਸਮਾਜ ਲਈ ਦਿੱਤਾ ਪੈਗ਼ਾਮ ਤੇ ਕੀਤਾ ਹੋਇਆ ਸਾਹਿਤਕ ਕਾਰਜ, ਕਈ ਦਿਨਾਂ ਤੋਂ ਮੇਰੇ ਜ਼ਿਹਨ ਵਿਚ ਘੁੰਮਦਾ ਪਿਆ ਹੈ। ਮੈਂ ਚਾਹੁੰਦਾ ਤਾਂ ਇਹ ਸੀ ਕਿ ਏਧਰੋਂ ਓਧਰੋਂ ਵਾਰਿਸ਼ ਸ਼ਾਹ ਬਾਰੇ ਜਾਣਕਾਰੀ ਇਕੱਤਰ ਕਰਦਾ ਤੇ ਸੁਲੇਖ ਲਿਖ ਦਿੰਦਾ ਪਰ ‘ਹੋਣੀ’ ਨੂੰ ਕੁਝ ਹੋਰ ਮਨਜ਼ੂਰ ਸੀ। ਵਾਰਿਸ਼ ਸ਼ਾਹ ਜਿਨ੍ਹਾਂ ਦੀ ਜੰਮਣ ਭੋਇੰ ਤੇ ਕਰਮ-ਭੋਇੰ ਲਹਿੰਦਾ ਪੰਜਾਬ ਸੀ, ਏਸ ਕਰ ਕੇ ਮੇਰੇ ਪੱਤਰਕਾਰ ਮਿੱਤਰਾਂ ਨੇ ਫੇਸਬੁਕ ਅਤੇ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਮੈਨੂੰ ਲਹਿੰਦੇ ਪੰਜਾਬ ਵਿਚ ਵੱਸਦੇ ਕੁਝ ਨਾਯਾਬ ਹੀਰਿਆਂ ਬਾਰੇ ਵਾਕਿਫ਼ ਕਰਾਇਆ। ਜਿਹੜੇ ਅੱਜ ਵੀ ਉਸੇ ਭਾਵਨਾ ਤੇ ਉਸੇ ਸੁਚੇਤਨਾ ਨਾਲ ਜੀਉਂਦੇ-ਥੀਉਂਦੇ ਨੇ, ਜਿਵੇਂ ਬਾਬਾ ਵਾਰਿਸ਼ ਸ਼ਾਹ ਆਪਣੇ ਮੁਰੀਦਾਂ ਨੂੰ ਪੈਗ਼ਾਮ ਦੇ ਗਏ ਹਨ। ਵਾਰਿਸ ਸ਼ਾਹ ਦੀ ਧਰਤੀ ਲਹਿੰਦਾ ਪੰਜਾਬ ਸੀ, ਜਦਕਿ ਅੱਜ ਉਸ ਮੁਲਕ ਨੂੰ ‘ਇੰਤਹਾਪਸੰਦੀ’ ਦਾ ਲਕਬ ਦੇ ਦਿੱਤਾ ਗਿਆ ਹੈ, ਜਿਵੇਂ ਕਿ ਉਥੇ ਜੰਮਣ ਵਾਲਾ ਹਰ ਬੰਦਾ ਬੱਸ ਇੰਤਕਾਮੀ ਕਾਰਵਾਈਆਂ ਕਰਨ ਲਈ ਹੀ ਪੈਦਾ ਹੋਇਆ ਹੋਵੇ। ਬੰਦੇ ਮਾਰੂ ਸਿਆਸਤ, ਜੋ ਨਾ ਕਰੇ, ਬੱਸ ਓਹੀ ਘੱਟ ਹੈ। ਯਕੀਨ ਮੰਨੋ, ਮੁਸਲਮਾਨ ਪੰਜਾਬੀ ਭਰਾ ਚੰਗੇ ਹਨ ਤੇ ਸਾਡੇ ਵਾਂਗ ਹੀ ਸੋਚਦੇ ਤੇ ਜੀਉਂਦੇ ਹਨ।

(2)

ਲਹਿੰਦੇ ਪੰਜਾਬ ਬਾਰੇ ਜਾਣਨ ਦਾ ਉਨ੍ਹਾਂ ਪੰਜਾਬੀਆਂ ਨੂੰ ਬਹੁਤ ਸ਼ੌਕ ਹੁੰਦਾ ਹੈ, ਜਿਹੜੇ ਸੁਭਾਅ ਪੱਖੋਂ ਸੱਭਿਆਚਾਰਕ ਕਾਮੇ ਹੁੰਦੇ ਹਨ, ਮੈਂ ਵੀ ਉਨ੍ਹਾਂ ਵਿੱਚੋਂ ਇਕ ਹਾਂ। ਮੇਰੀ ਜਾਣਕਾਰੀ ਵਿਚ ਇਹ ਆਇਆ ਸੀ ਕਿ ਲਹਿੰਦੇ ਪੰਜਾਬ ਦੇ ਲਾਹੌਰ ਵਿਚ ਪੰਜਾਬੀਅਤ ਹਾਲੇ ਤਕ ਕਾਇਮ-ਦਾਇਮ ਹੈ। ਲਾਹੌਰ ਵਿਚ ਜਿੱਥੇ ਅਦਾਰਾ ‘ਪੰਚਮ’ ਪੰਜਾਬੀ ਦੀ ਸਿਰਬੁਲੰਦੀ ਲਈ ਯਤਨਸ਼ੀਲ ਹੈ ਉਥੇ ‘ਵਾਰਿਸ ਸ਼ਾਹ ਵਿਚਾਰ ਪਰਚਾਰ ਪਰਿਆ’ ਦੇ ਯਤਨ ਵੀ ਘਟਾਅ ਕੇ ਨਹੀਂ ਵੇਖੇ ਜਾ ਸਕਦੇ। ਸ਼ੱਬੀਰ ਹੁਸੈਨ ਸ਼ੱਬੀਰ ਇਸ ਤਨਜ਼ੀਮ (ਸੰਸਥਾ) ਦੇ ਬਾਨੀ ਸਦਰ ਹਨ।

ਉਨ੍ਹਾਂ ਨੇ ਤਸੱਵੁਰ ਕੀਤਾ ਕਿ ਸਮਾਜ ਵਿਚ ਕਿੰਨੇ ਹੀ ਲੋਕ ਹਨ, ਜਿਹੜੇ ਆਪਣੇ ਆਪ ਨੂੰ ਵੱਖਰੀ ਇਕਾਈ ਮੰਨ ਕੇ ਬਹਿ ਗਏ ਹਨ, ਉਹ ਸਮਾਜ ਵਿੱਚੋਂ ਵਿਜੋਗੇ ਗਏ ਨੇ। ਕਿਉਂ ਨਾ ਉਨ੍ਹਾਂ ਨੂੰ ਜ਼ਿੰਦਗੀ ਦੀ ਮੁੱਖਧਾਰਾ ਨਾਲ ਜੋੜਿਆ ਜਾਵੇ। ਸਮਾਜ ਵਿੱਚੋਂ ਵਿਜੋਗੇ ਜਾਣ ਨੂੰ ਮੁਹਾਵਰੇ ਵਾਂਗ ਨਾ ਵੀ ਲਈਏ ਤਾਂ ਅਜੋਕੀ ਜ਼ੁਬਾਨ ਵਿਚ ਇਸ ਨੂੰ ‘ਡਿਪ੍ਰੈਸ਼ਨ’ ਵਜੋਂ ਸਮਝ ਸਕਦੇ ਹਾਂ। (ਇਨ੍ਹਾਂ ਨੂੰ ਲਹਿੰਦੇ ਪੰਜਾਬ ਵਾਲੇ ਸ਼ੱਬੀਰਜੀ ਆਖਦੇ ਹਨ)। ਸ਼ੱਬੀਰ ਹੁਰਾਂ ਦੀ ਖ਼ਾਹਿਸ਼ ਤੇ ਤਸੱਵੁਰ ਸੀ ਕਿ ਵਿਜੋਗੇ ਗਏ ਜੀਆਂ ਨੂੰ ਪੰਜਾਬੀਅਤ ਤੇ ਗਿਆਨ ਦੀ ਧਾਰਾ ਵਿਚ ਪਰਤਾਅ ਲਿਆਉਣਾ ਹੈ। ਬੱਸ ਫੇਰ ਕੀ ਸੀ! ਏਸ ਤਰ੍ਹਾਂ ਉਨ੍ਹਾਂ ਦੇ ਖ਼ਿਆਲ ਦੀਆਂ ਤਰੰਗਾਂ ਏਧਰ ਓਧਰ ਫੈਲਦੀਆਂ ਰਹੀਆਂ। ਇਹ ਵਿਚਾਰ ਹਵਾਵਾਂ ਵਿਚ ਸਫ਼ਰ ਕਰਦੇ ਰਹੇ ਤੇ ਤੈਰਦੇ ਰਹੇ। ਲੋਕ ਕਾਰਵਾਂ ਬਣਨ ਦਾ ਅਮਲ ਸ਼ੁਰੂ ਹੋ ਗਿਆ। ਇਸ ਦਾ ਪਤਾ ਸਿਰਫ਼ ਹਵਾਵਾਂ ਨੂੰ ਸੀ, ਇਸ ਦਾ ਪਤਾ ਸਿਰਫ਼ ਉਸ ਅਸਮਾਨ ਨੂੰ ਸੀ, ਜੀਹਦੇ ਹੇਠਾਂ ਖੜ੍ਹੇ ਮਨੁੱਖ ‘ਲੋਕ ਕਾਰਵਾਂ’ ਬਣਾਉਣ ਲਈ ਖ਼ਾਹਿਸ਼ਾਂ ਕਰਦੇ ਹੁੰਦੇ ਹਨ। ਇਹਦਾ ਪਤਾ ਮੈਨੂੰ ਵੀ ਸੀ ਕਿਉਂਕਿ ਮੈਂ ਵੀ ਸੋਚਦਾ ਹੁੰਦਾ ਸੀ ਕਿ ਗੁਆਂਢੀ ਮੁਲਕ ਵਿਚ ਵੱਸਦੇ ਪੰਜਾਬ ਵਿਚ ਵੀ ਤਾਂ ਕੁਝ ਹੁੰਦਾ ਈ ਹੋਊਗਾ। ਉਥੇ ਵੀ ਤਾਂ ਸੱਭਿਆਚਾਰਕ ਤਬਦੀਲੀ ਲਈ ਕੁਝ ਕਾਰਕੁੰਨ ਲੱਗੇ ਹੀ ਹੋਣਗੇ।

(3)

ਲਹਿੰਦੇ ਪੰਜਾਬ ਵਿਚ ਬਹੁਤ ਸਾਰੇ ਮੁੰਡੇ ਤੇ ਕੁੜੀਆਂ ਇਹੋ-ਜਿਹੇ ਹੋਣਗੇ, ਜਿਹੜੇ ਪੰਜਾਬੀ ਬੋਲੀ ਬੋਲ ਕੇ ਖ਼ੁਸ਼ੀ ਤੇ ਸਕੂਨ ਮਹਿਸੂਸ ਕਰਦੇ ਹੋਣਗੇ ਪਰ ਜਦੋਂ ਕੋਈ ਫਿਰਕੂ ਬੰਦਾ ਜਾਂ ਗੁਮਰਾਹ ਹੋਏ ਲੋਕ ਉਨ੍ਹਾਂ ਦੀ ਪੰਜਾਬੀ ਪਛਾਣ ਨੂੰ ਲੈ ਕੇ ਉਨ੍ਹਾਂ ਵਿਚ ਅਹਿਸਾਸ-ਇ-ਕਮਤਰੀ ਪੈਦਾ ਕਰਨ ਦੀ ਸਾਜ਼ਿਸ਼ ਘੜਦੇ ਤੇ ਲਾਗੂ ਕਰਦੇ ਹਨ ਨਤੀਜਤਨ, ਇਨ੍ਹਾਂ ਨੌਜਵਾਨਾਂ ਤੇ ਬਾਕੀ ਪੰਜਾਬੀ ਅਵਾਮ ਦੀ ਰੂਹ ਸੁੰਗੜ ਜਾਂਦੀ ਹੈ। ਇਨ੍ਹਾਂ ਵਿੱਚੋਂ ਜਿਹੜੇ ਚੇਤੰਨ ਪੰਜਾਬੀ ਹੋਣਗੇ ਜਾਂ ਇਹ ਆਖਾਂ ਕਿ ਜਿਹੜੇ ਬੇਦਾਰੀ (ਜਾਗ੍ਰਿਤੀ) ਲਈ ਯਤਨਸ਼ੀਲ ਹੋਣਗੇ, ਉਨ੍ਹਾਂ ਦੀ ਮਨ ਸੜ ਜਾਂਦਾ ਹੋਵੇਗਾ ਕਿ ਯਾਰ ਅਸੀਂ ਪੰਜਾਬੀ ਬੋਲ ਕੇ ਕੋਈ ਗ਼ੁਨਾਹ ਕਰ ਲਿਆ ਹੈ?

ਜਾਂ ਅਸੀਂ ਜੇ ਪੰਜਾਬੀ ਤਰਜ਼-ਇ-ਜ਼ਿੰਦਗੀ ਜੀਉਂਦੇ ਹਾਂ ਤਾਂ ਇਹ ਕੋਈ ਗ਼ੁਨਾਹ ਹੈ?

ਲਹਿੰਦੇ ਪੰਜਾਬ ਵਾਲਿਆਂ ਦਾ ਤਾਂ ਸੰਤਾਪ ਤਾਂ ਵੇਖੋ ਕਿ ਗ਼ੈਰ-ਪੰਜਾਬੀਆਂ ਨੂੰ ‘ਦੀਨੀ ਭਾਈ’ ਸਮਝ ਕੇ ਆਪਣੇ ਪੰਜਾਬ ਵਿਚ ਤੇ ਆਪਣੇ ਨਵੇਂ ਉਸਰੇ ਮੁਲਕ ਵਿਚ ਪਨਾਹ ਦਿੱਤੀ ਸੀ, ਜਦੋਂ ਉਨ੍ਹਾਂ ਲੋਕਾਂ ਨੇ ਆਪਣੇ ਪੈਰ ਲਾ ਲਏ ਤਾਂ ਉਹੀ ਲੋਕ ਸਾਰੇ ਦੇਸ਼ ਨੂੰ ਉਰਦੂ ਬੋਲਣ ਤੇ ‘ਅਰਬੀ ਵਿਅਕਤੀ ਵਾਂਗ ਜੀਣ ਦਾ’ ਉਪਦੇਸ਼ ਦੇਣ ਲੱਗ ਪਏ। ਸਮਾਜ ਵਿਚ ਸੱਭਿਆਚਾਰਾਂ ਦਾ ਟਕਰਾਅ ਇੱਥੋਂ ਹੀ ਸ਼ੁਰੂ ਹੁੰਦਾ ਹੈ।

ਅਜਿਹੇ ਕੋਈ ਮਾਣਮੱਤੇ ਲਾਹੌਰੀਏ ਤੇ ਹੋਰ ਪੰਜਾਬੀ ਲੋਕ ਖ਼ਾਸਕਰ ਨੌਜਵਾਨਾਂ ਦੀ ਰੂਹ ਕੁਰਲਾ ਰਹੀ ਸੀ। ਇਹ ਲੋਕ ਪੰਜਾਬੀ ਰਸਾਲੇ ਪੜ੍ਹਦੇ ਸਨ ਤੇ ਪੰਜਾਬੀ ਸਾਹਿਤ (ਜਿਸ ਨੂੰ ਅਦਬ ਆਖਦੇ ਹਨ) ਨਾਲ ਜੁੜੇ ਸਨ। ਓਧਰ ਰਾਜਭਾਗ ਉੱਤੇ ਕਾਬਜ਼ ਧਰਮਸੱਤਾ, ਜਿਸ ਉੱਤੇ ਮੁੱਠੀ ਭਰ ਜਗੀਰਦਾਰਾਂ, ਭ੍ਰਿਸ਼ਟ ਅਫਸਰਾਂ ਤੇ ਸਰਮਾਏਦਾਰਾਂ ਦਾ ਕਬਜ਼ਾ ਹੈ, ਉਨ੍ਹਾਂ ਦਾ ਜ਼ੋਰ ਲੱਗਾ ਸੀ ਕਿ ਲੋਕ, ਆਪਣੇ ਅਸਲ ਨਾਲੋਂ ਟੁੱਟੇ ਰਹਿਣ ਤੇ ਅਸੀਂ ਸੱਚ ਦੀ ਧੁੱਪ ਲਿਸ਼ਕਣ ਹੀ ਨਾ ਦਈਏ, ਬਲਕਿ ਧੁੰਦ ਪਸਾਰਦੇ ਰਹੀਏ।

ਧਰਮਸੱਤਾ Theocracy ਇੰਜ ਹੀ ਕਰਦੀ ਰਹੀ।

‘ਸਟੇਟ’ ਤੇ ‘ਪੂੰਜੀ’ ਦੀ ਇਹ ਅਣਦਿਸਦੀ ਗੱਲਵਕੜੀ ਕਿੰਨੇ ਜ਼ਰਖ਼ੇਜ਼ ਦਿਮਾਗ਼ਾਂ ਨੂੰ ਬਰਬਾਦ ਕਰ ਦਿੰਦੀ ਹੈ ਅਸੀਂ ਚੜ੍ਹਦੇ ਪੰਜਾਬ ਵਾਲੇ ਕਲਪਨਾ (ਤਸਵੁੱਰ) ਵੀ ਨਹੀਂ ਕਰ ਸਕਦੇ। ਜਿਵੇਂ ਮੈਂ ਲਿਖਿਐ ਕਿ ਵਾਰਿਸ਼ ਸ਼ਾਹ ਦੀ ਧਰਤੀ ਉੱਤੇ ਵਾਰਿਸ਼ ਸ਼ਾਹ ਦੇ ਖ਼ਿਆਲ ਵੀ ਘੁੰਮਦੇ ਪਏ ਸਨ। ਉੱਪਰ ਦੱਸਿਆ ਗਿਆ ਹੈ ਕਿ ਸ਼ੱਬੀਰ ਹੁਸੈਨ ਸ਼ੱਬੀਰ ਨੇ ਕਸਮ ਖਾਧੀ ਸੀ ਕਿ ਵਿਜੋਗੇ ਹੋਏ ਜੀਆਂ ਨੂੰ ਯਕੀਨ ਦੁਆਉਣਾ ਹੈ ਕਿ ਜ਼ਿੰਦਗੀ ਖ਼ੂਬ-ਸੂਰਤ ਹੈ ਤੇ ਪੰਜਾਬੀ ਲੋਕ ਖ਼ੂਬ-ਸੀਰਤ ਹਨ, ਪੰਜਾਬੀ ਹੋਣ ਨੂੰ ਲੈ ਕੇ ਘਟੀਆ ਸਮਝਣਾ ਸਿਰੇ ਦੀ ਗ਼ਲਤੀ ਹੈ।

ਏਸ ਤਰ੍ਹਾਂ ਹਵਾਵਾਂ ਵਿਚ ਤੈਰਦੇ ਖ਼ਿਆਲ ਲਾਹੌਰ ਤੇ ਹੋਰਨੀਂ ਥਾਈਂ ਖਿੱਲਰਦੇ ਗਏ। ਇਸ ਤਰ੍ਹਾਂ ਸ਼ਾਮ ਨਗਰ ਵਿਚ ਵੱਸਦੇ ਕਾਮਰਾਨ ਅਕਰਮ (ਕਾਮੀ) ਨੇ ਇਹ ਸਾਰਾ ਸੰਤਾਪ ਝੱਲਿਆ ਹੋਇਆ ਸੀ। ਸ਼ਾਮ ਨਗਰ ਦੀਆਂ ਗਲੀਆਂ ਦੇ ਬਾਸ਼ਿੰਦੇ ਜਾਂ ਲਾਹੌਰ ਦੇ ਲੋਕ ਹਾਲੇ ਬਹੁਤ ਘੱਟ ਜਾਣਦੇ ਹਨ ਕਿ ਇਹ ਕਾਮਰਾਨ ਕਾਮੀ ਕੌਣ ਹੈ। ਲੋਕ ਦਰਅਸਲ ਮਨੀ ਮਾਈਂਡਿਡ ਹੁੰਦੇ ਹਨ ਔਰ ਜਿਹੜੇ ਦੇਸ਼ ਵਿਚ ਜੰਮੇ ਹੋਣ ਜਾਂ ਜਿਹੜੇ ਸੱਭਿਆਚਾਰ ਜਾਂ ਧਰਮ ਵਿਚ ਜੰਮੇ ਹੋਣ, ਉਹਦੇ ਨਾਲ ਸਬੰਧਤ ਕਰਮ-ਕਾਂਡ ਨਿਭਾਉਂਦਿਆਂ ਮਰ-ਮੁੱਕ ਜਾਂਦੇ ਹਨ। ਲੋਕ ਕਦੇ ਵੀ ਬਹੁ-ਗਿਣਤੀ ਵਿਚ ਜਾਗ੍ਰਿਤ ਨਹੀਂ ਹੁੰਦੇ।

ਇਸ ਦੇ ਬਾਵਜੂਦ ‘ਕੱਲਿਆਂ ਦਾ ਕਾਫ਼ਲਾ’ ਬੰਨ੍ਹ ਕੇ ਕਾਮਰਾਨ ਹੁਰੀਂ ਵੀ ਨਿਕਲ ਪਏ। ਕਾਮਰਾਨ ਨੂੰ ਆਪਣੇ ਨਾਂ ਦੇ ਅਰਥਾਂ ਮੁਤਾਬਕ ਜੀਣਾ ਆਉਂਦਾ ਹੈ। ਉਸ ਨੇ ‘ਪੰਚਮ’ ਦੀ ‘ਸੰਗਤ’ ਵਿਚ ਬੈਠਕਾਂ ਕਰਦਿਆਂ ਇਹ ਜਾਣ ਲਿਆ ਸੀ ਕਿ ਉਹ ਧਾਰਮਕ ਪੱਖੋਂ ਕੋਈ ਵੀ ਹੋਵੇ ਪਰ ਉਹ ਦੁੱਲ੍ਹੇ ਭੱਟੀ ਦੀ ਸੋਚ ਦਾ ਵਾਰਿਸ ਹੋ ਸਕਦਾ ਹੈ। ਉਸ ਨੇ ਆਪਣੇ ਮਨ ਅੰਦਰ ਸੁਲਘਦੇ ਚੰਗਿਆੜਿਆਂ ਨੂੰ ਭਾਂਬੜ ਬਣਾ ਕੇ ਮਚਾਉਣ ਦਾ ਤਹੱਈਆ ਕਰ ਲਿਆ ਪਰ ਇਹ ਬੇਬਾਕ ਐਲਾਨ ਕਿਸੇ ਅੱਗੇ ਨਾ ਕੀਤੇ। ਦਰਅਸਲ, ਉਸ ਨੂੰ ਅੰਦਰੋਂ ਚਾਨਣ ਸੀ ਕਿ ਚੁੱਪ ਚੁਪੀਤੇ ਕੀਤੇ ਉਹਦੇ ਕੰਮਾਂ ਨੇ ਇਕ ਦਿਨ ਏਨਾ ਸ਼ੋਰ ਮਚਾਅ ਦੇਣਾ ਹੈ ਅਤੇ ਚੁੱਪ ਚੁਪੀਤੇ ਕੰਮ ਕਰਨ ਵਿਚ ਹੀ ਸਮਝਦਾਰੀ ਹੈ।

(4)

‘ਵਾਰਿਸ਼ ਸ਼ਾਹ ਵਿਚਾਰ ਪਰਚਾਰ ਪਰਿਆ’ ਦੇ ਬਾਨੀ ਸ਼ੱਬੀਰਜੀ ਦਾ ਸਾਥ ਹਾਸਿਲ ਕਰ ਕੇ ਕਾਮਰਾਨ ਨੂੰ ਸਕੂਨ ਮਿਲਿਆ ਕਿ ਹਾਂ, ਹੁਣ ਏਥੇ ਵੀ ਕੁਝ ਹੋ ਸਕਦਾ ਹੈ।
‘ਵਾਰਿਸ ਸ਼ਾਹ ਵਿਚਾਰ ਪਰਚਾਰ ਪਰਿਆ’ ਇਕ ਇਹੋ ਜਿਹੀ ‘ਸੱਥ’ ਹੈ, ਜਿੱਥੇ ਹੋਰ ਵੀ ਕਈ ਸੰਗੀ ਸਾਥੀ ਹਨ, ਜਿਨ੍ਹਾਂ ਨੂੰ ਜਨਾਬ ਸ਼ੱਬੀਰ ‘ਮੋਹਰੀ’ ਆਖਦੇ ਹਨ। ਇਨ੍ਹਾਂ ਦੇ ਨਾਂ ਨੋਟ ਫਰਮਾਓ : ਨੌਰੋਜ ਬੇਗ, ਕਾਮਰੇਡ ਅਬਦੁਲ ਗ਼ਫ਼ੂਰ, ਕਾਸ਼ਿਫ਼ ਜ਼ਫ਼ਰ (ਬਰੈਂਡਰਥ ਰੋਡ), ਫਰਖ਼ ਮਹਿਮੂਦ (ਕੋਟ ਸ਼ਹਾਬਦੀਨ ਸ਼ਾਹਦੱਰਾ), ਮੁਹੰਮਦ ਅਕਰਮ (ਕੋਟਲੀ ਪੀਰ ਅਬਦੁਰ ਰਹਮਾਨ), ਉਮੈਰ ਅਕਬਰ (ਕ੍ਰਿਸ਼ਨ ਨਗਰ), ਕਾਮਰੇਡ ਅਬਦੁਰ ਰਸ਼ੀਦ (ਬਦਾਮੀ ਬਾਗ਼) ਅਮਜਦ ਰਸ਼ੀਦ (ਹਾਲ ਰੋਡ), ਮੁਹੰਮਦ ਨਵਾਜ਼ (ਅਲਹਮਰਾ), ਨੋਫਲ ਗੁੱਜਰ ਤੇ ਕਈ ਹੋਰ ਸੰਗੀ-ਸਾਥੀ ਨੇ, ਜਿਹੜੇ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਹਨ ਤੇ ਹੋਰ ‘ਸੰਗਤੀ’ ਲਿਆਉਂਦੇ ਹਨ। ਮੇਰੀ ਜਾਣਕਾਰੀ ਵਿਚ ਲਿਆਂਦਾ ਗਿਆ ਹੈ ਕਿ ‘ਸੱਥ’ (ਪਰਿਆ) ਦੀਆਂ ਬੈਠਕਾਂ, ਜਿਸ ਨੂੰ ਅਕਸਰ ਇਹ ਪੰਜਾਬੀ ਪਿਆਰੇ ‘ਸੰਗਤ’ ਆਖਦੇ ਹਨ, ਵਿਚ ‘ਸੰਗਤੀਏ’ ਵੱਧ-ਘੱਟ ਜਾਂਦੇ ਹਨ ਪਰ ਸ਼ੱਬੀਰਜੀ ਤੇ ਉਨ੍ਹਾਂ ਦੇ ਸੰਗੀ-ਸਾਥੀ ਨਹੀਂ ਡਾਵਾਂਡੋਲ ਹੁੰਦੇ। ਪਹਿਲਾਂ ਇਹ ਇਕ ਮੁੱਹਲੇ ਤੋਂ ਸ਼ੁਰੂ ਹੋਈ ਸੀ ਜਦਕਿ ਅੱਜ ਇਸ ਦੀਆਂ ਸ਼ਾਖਾਵਾਂ ਨਿੱਤ ਫੈਲਦੀਆਂ ਪਈਆਂ ਹਨ। ਨਿੱਤ ਦਿਹਾੜੇ ਨਵੇਂ ਲੋਕ ਰਾਬਤਾ ਕਰਦੇ ਹਨ ਤੇ ਬੈਠਕਾਂ/ਸੰਗਤਾਂ ਦਾ ਸਿਲਸਿਲਾ ਤੇਜ਼ ਹੁੰਦਾ ਜਾ ਰਿਹਾ ਹੈ।

(5)

ਦਰਸਅਲ ਜਿੱਥੇ ਜਿੱਥੇ ਧਰਮਸੱਤਾ ਮੌਜੂਦ ਹੈ ਉਥੇ ਉਥੇ ਨਾ ਸਿਰਫ਼ ਸਧਾਰਨ ਬੰਦੇ ਮਾਯੂਸ ਹੋ ਕੇ ਹਯਾਤੀ ਬਿਤਾਉਂਦੇ ਹਨ ਬਲਕਿ ਗਿਆਨਵਾਨ ਲੋਕਾਂ ਲਈ ਵੀ ਜ਼ਿੰਦਗੀ ਦਾ ਪੈਂਡਾ ਔਖਾ ਹੋ ਜਾਂਦਾ ਹੈ। ਚੜ੍ਹਦੇ ਪੰਜਾਬ ਵਿਚ ਆਮ ਕਰ ਕੇ ਇਹ ਆਖਿਆ ਜਾਂਦਾ ਹੈ ਕਿ ਧਰਮ ਤੇ ਸਿਆਸਤ ਇੱਕੋ ਚੀਜ਼ ਹਨ। ਮਤਲਬ ਮਜ਼ਹਬੀ ਬੁਨਿਆਦ ‘ਤੇ ਰਿਆਸਤ ਉਸਾਰ ਕੇ ਉਥੇ ਸਿਆਸਤ ਕੀਤੀ ਜਾ ਸਕਦੀ ਹੈ। ਜੇ ਚੜ੍ਹਦੇ ਪੰਜਾਬ ਜਾਂ ਸਮੁੱਚੇ ਭਾਰਤ ਵਿਚ ਇਹ ਹਾਲ ਹੈ ਤਾਂ ਭਾਰਤ ਤੋਂ ਅਲਹਿਦਾ ਹੋਏ ਮੁਲਕ ਵਿਚ ਵੀ ਤਾਂ ਇਹੋ ਹਾਲ ਹੀ ਹੋਵੇਗਾ। ਪੰਜਾਬਾਂ ਦੇ ਸਮਾਜ, ਜਿੱਥੇ ਸਧਾਰਨ ਜ਼ਿੰਦਗੀ ਜੀਊਣ ਵਾਲੇ ਲੋਕਾਂ ਦੀ ਗਿਣਤੀ 90 ਫ਼ੀਸਦ ਤੋਂ ਵੱਧ ਹੈ। ਅਜਿਹੇ ਸਮਾਜਾਂ ਵਿਚ ਕਲਾਵੰਤ ਤੇ ਹੁਨਰਮੰਦ ਬੰਦੇ ਬੜੀ ਮੁਸ਼ਕਲ ਨਾਲ ਜੀਊਣ ਜੋਗਾ ਰਿਜ਼ਕ ਹਾਸਿਲ ਕਰਦੇ ਨੇ। … ਅਤੇ ਕਲਾ ਤੋਂ ਸੱਖਣੇ ਤੇ ਹੁਨਰਮੰਦਾਂ ਦੇ ਦੁਸ਼ਮਨ ਅਕਸਰ ਪੈਸੇ ਵਿਚ ਖੇਡਿਆ ਕਰਦੇ ਹਨ। ਫੇਰ ਅੱਜ ਤਾਂ ਦੌਰ ਹੀ ਪੈਸੇ ਦਾ ਹੈ। ਉੱਪਰਲੀ ਮਿਡਲ ਕਲਾਸ ਕਿਵੇਂ ਗ਼ੁਰਬਤ ਮਾਰੇ ਬੰਦਿਆਂ ਨੂੰ ਨਪੀੜ ਕੇ ਰੱਖਦੀ ਹੈ, ਆਪਾਂ ਸਾਰੇ ਜਾਣਦੇ ਹਾਂ। ਭਾਵੇਂ ਲਹਿੰਦਾ ਪੰਜਾਬ ਹੋਵੇ ਜਾਂ ਚੜ੍ਹਦਾ ਪੰਜਾਬ ਹੋਵੇ ਜਾਂ ਬਾਕੀ ਕੁਲ ਆਲਮ ਹੋਵੇ, ਇਹੀ ਵਰਤਾਰਾ ਭਾਰੂ ਹੁੰਦਾ ਜਾ ਰਿਹਾ ਹੈ।

(6)

ਸ਼ੱਬੀਰਜੀ ਤੇ ‘ਪਰਿਆ’ ਦੇ ਪ੍ਰੇਮੀ ਆਪਣੇ ਕਾਮਰਾਨ ਨਾਲ ਵੀ ਬਾਹਲਾ ਮੋਹ ਕਰਦੇ ਹਨ। ਇਹ ਲੋਕ ਵਟਸਐਪ ਗਰੁੱਪ ਚਲਾਉਂਦੇ ਹਨ। ਜਦੋਂ ਇਹ ਕਿਸੇ ਪੰਜਾਬੀ ਪਿਆਰੇ ਨੂੰ, ਜਿਹੜਾ ਲਹਿੰਦੇ ਪੰਜਾਬ ਤੋਂ ਬਾਹਰ ਦਾ ਹੋਵੇ ਜਾਂ ਖ਼ਾਸਕਰ ਪਾਕਿਸਤਾਨ ਤੋਂ ਬਾਹਰ ਦਾ ਨਾ ਹੋਵੇ ਸਗੋਂ ਕਿਸੇ ਗੁਆਂਢੀ ਮੁਲਕ ਦਾ ਹੋਵੇ, ਉਸ ਨੂੰ ਸ਼ਾਮਲ ਕਰ ਲੈਣ ਤਾਂ ਕੁਝ ਲੋਕ ਬੁਰਾ ਮਨ੍ਹਾ ਕੇ ‘ਲੈਫਟ’ ਕਰ ਜਾਂਦੇ ਹਨ ਪਰ ਬਹੁਤੇ ਨਹੀਂ ਕਰਦੇ, ਸਿਰਫ਼ ਉਹੀ ਕਰਦੇ ਹਨ, ਜਿਨ੍ਹਾਂ ਨੂੰ ਗਿਆਨਧਾਰਾ ਨਾਲ ਜੋੜਣ ਲਈ ਸ਼ਾਮਲ ਕੀਤਾ ਗਿਆ ਹੁੰਦਾ ਹੈ ਪਰ ਉਹ ਹਾਲੇ ਇਸ ਕਾਬਿਲ ਨਹੀਂ ਹੁੰਦੇ ਤੇ ਛੇਤੀ ਰੁੱਸ ਜਾਂਦੇ ਹਨ ਕਿ ਤੁਸੀਂ ‘ਗ਼ੈਰਾਂ’ ਨਾਲ ਸਾਂਝ ਪਾਉਂਦੇ ਹੋ, ਆਹ ਲਓ, ਮੈਂ ਚੱਲਿਆ।

(7)

ਬਹੁਤ ਦਿਣਾਂ ਤੋਂ ਮੈਂ ਸੋਚਦਾ ਪਿਆ ਸਾਂ ਕਿ 1947 ਦੀ ‘ਵੰਡ’ ਦਰਸਅਲ ‘ਵੰਡ’ ਜਾਂ ‘ਤਕਸੀਮ’ ਨਹੀਂ ਹੈ ਬਲਕਿ ‘ਉਜਾੜਾ’ ਹੈ। ਜਦੋਂ ਮੈਂ ਲਹਿੰਦੇ ਪੰਜਾਬ ਦੇ ਪੰਜਾਬੀ ਪਿਆਰਿਆਂ ਨਾਲ ਡਾਇਲਾਗ ਐਕਸਚੇਂਜ ਕੀਤਾ ਤੇ ਜਦੋਂ ਵਿਚਾਰ ਵਟਾਂਦਰੇ ਹੋਏ ਤਾਂ ਉਨ੍ਹਾਂ ਮੇਰੇ ਇਸ ਖ਼ਿਆਲ ਦੀ ਤਸਦੀਕ ਕੀਤੀ। ਹਾਂ, ਇਹ ਪੰਜਾਬਾਂ ਦਾ ਉਜਾੜਾ ਹੀ ਤਾਂ ਸੀ। ਇਕ ਬੱਚਾ ਸਕੂਲੋਂ ਆਇਆ, ਸੁੱਤਾ ਤੇ ਸੁੱਤਾ ਉੱਠ ਕੇ ਖੇਡਣ ਚਲਾ ਗਿਆ, ਉਹ ਘਰੇ ਆਇਆ ਤੇ ਉਸ ਨੂੰ ਪਤਾ ਲੱਗਾ ਕਿ ਉਹਦਾ ਘਰ ਨਵੇਂ ਬਣਨ ਵਾਲੇ ਮੁਲਕ ਪਾਕਿਸਤਾਨ ਵਿਚ ਆ ਗਿਆ ਹੈ ਤੇ ਲਿਹਾਜ਼ਾ ਉਸ ਨੂੰ ਟੱਬਰ ਸਮੇਤ ਕਿਤੇ ਹੋਰ ਜਾਣਾ ਪਵੇਗਾ। ਇਹ ਕੌੜੇ ਤੋਂ ਕੌੜਾ ਸੱਚ ਹੈ ਤੇ ਇਹੋ ਕੁਝ 1947 ਤੋਂ ਪਹਿਲੇ ਸਾਲਾਂ ਵਿਚ ਵਾਪਰਦਾ ਰਿਹਾ ਹੈ। ਤੌਬਾ! ਏਨਾ ਵੱਡਾ ਘੱਲੂਘਾਰਾ। ਮਨੁੱਖਤਾ ਉੱਤੇ ਇਹ ਕੈਸਾ ਆਜ਼ਾਬ ਆ ਗਿਆ ਸੀ। ਜਿਸ ਧਰਤੀ ‘ਤੇ ਲੋਕ ਸਦੀਆਂ ਤੋਂ ਰਹਿੰਦੇ ਸਨ, ਜਿੱਥੋਂ ਦੇ ਪਿੰਡਾਂ ਨੂੰ, ਜਿੱਥੋਂ ਦੇ ਸ਼ਹਿਰਾਂ ਨੂੰ ਪਿਆਰਦੇ ਸਨ, ਜਿੱਥੋਂ ਦੇ ਊਰਜਾ ਖੇਤਰ ਵਿਚ ਸਾਹ ਲੈਂਦੇ ਸਨ, ਉੱਥੋਂ ਹਿਜਰਤ ਕਰਨੀ ਪਈ। ਕਿੰਨਾ ਵੱਡਾ ਜਿਗਰਾ ਹੋਵੇਗਾ ਤਬਾਹ ਹੋਏ ਲੋਕਾਂ ਦਾ। ਜਿਹੜੇ ਉਥੇ ਲਹਿੰਦੇ ਪੰਜਾਬ ਵਿਚ ਪਿੱਛੇ ਰਹਿ ਗਏ, ਉਹ ਆਪਣੀ ਬਾਲ ਵਰੇਸ ਦੇ ਯਾਰਾਂ ਦੋਸਤਾਂ ਨੂੰ ਤਰਸਦੇ ਰਹੇ। ਹੁਣ ਉਥੇ ਕਿਸੇ ਅਸਲਮ ਨੂੰ ਲੱਭਿਆ ਵੀ ਕਰਤਾਰਾ ਨਹੀਂ ਲੱਭਦਾ, ਵਿਸਾਖਾ ਨਹੀਂ ਲੱਭਦਾ, ਰਵਿੰਦਰ ਨਹੀਂ ਲੱਭਦਾ, ਯਾਦਵਿੰਦਰ ਨਹੀਂ ਲੱਭਦਾ। ਨਹੀਂ ਤਾਂ ਕਦੇ ਸਦਰ ਉਦ ਦੀਨ ਜਦੋ ਮੇਲੇ ਜਾਂਦਾ ਸੀ ਤਾਂ ਉਹਦੇ ਨਾਲ ਜੋਗਿੰਦਰ ਵੀ ਹੁੰਦਾ, ਉਹਦੇ ਨਾਲ ਮੇਲਾ ਰਾਮ ਹੁੰਦਾ ਸੀ, ਉਹਦੇ ਨਾਲ ਮੇਹਰ ਸਿੰਘ ਹੁੰਦਾ ਸੀ। ਇਸ ਗੱਲ ਦਾ ਦੁੱਖ ਤਾਂ ਪਾਕਿਸਤਾਨ ਦੀ ਲਿਖਾਰਨ ਜ਼ਾਹਿਦਾ ਹਿਨਾ ਵੀ ਮਨਾਉਂਦੀ ਹੈ। ਸੱਚਮੁੱਚ ਪੰਜਾਬੀਆਂ ਨੇ 1947 ਦੇ ਮਨਹੂਸ ਅਗਸਤ ਮਹੀਨੇ ਦੌਰਾਨ ਉਜਾੜਾ ਤੇ ਮਹਾਸੰਤਾਪ ਹੰਢਾਇਆ ਹੈ। ਦੁਨੀਆਂ ਦੀ ਕਿਸੇ ਕੌਮ ਨਾਲ ਇੰਝ ਨਾ ਹੋਵੇ/ਵਾਪਰੇ।

ਆਖ਼ਰੀ ਗੱਲ

ਮੈਂ ਹੁਣ ਸੋਚਦਾ ਹਾਂ ਕਿ ਮੈਨੂੰ ਉਸ ਧਰਤੀ ਦੀ ਫੇਰੀ ਪਾ ਲੈਣੀ ਚਾਹੀਦੀ ਹੈ। ਮੈਂ ਕੁਲਵੰਤ ਸਿੰਘ ਵਿਰਕ ਤੇ ਸੰਤ ਸਿੰਘ ਸੇਖੋਂ ਦੀਆਂ ਕਹਾਣੀਆਂ ਵਿੱਚੋਂ ਉਸ ਪੰਜਾਬ ਦਾ ਬਿੰਬ ਉੱਭਰਦਾ ਵੇਖਿਆ ਹੈ। ਮੈਂ ਜਲੰਧਰ ਵੱਸਦੇ ਲਾਹੌਰੀਆਂ ਕੋਲੋਂ ਓਧਰ ਦੀਆਂ ਗੱਲਾਂ ਸੁਣੀਆਂ ਨੇ। ਇਹ ਵੀਜ਼ਾ ਸਿਸਟਮ ਦਾ ਪੁਆੜਾ ਨਾ ਹੋਵੇ ਤਾਂ ਉੱਡ ਕੇ ਉਥੇ ਚਲਾ ਜਾਵਾਂ। …. ਪਰ ਨਹੀਂ ਮੈਂ ਇਕੱਲਾ ਨਹੀਂ ਹਾਂ, ਸੈਂਕੜੇ ਅਜਿਹੇ ਲੋਕ ਹਨ, ਜਿਹੜੇ ਇਕ-ਦੂਜੇ ਪਾਸੇ ਜਾਣਾ ਚਾਹੁੰਦੇ ਹਨ। … ਪਰ ਨਹੀਂ ਜਾ ਸਕਦੇ। ਸ਼ੱਬੀਰ ਜੀ ਤੇ ਕਾਮਰਾਨ ਕਾਮੀ ਹੁਰਾਂ ਦਾ ਇਹ ਲੋਕ ਕਾਰਵਾਂ ਇਵੇਂ ਹੀ ਵੱਧਦਾ ਰਹੇ ਤੇ ਸਾਡੇ ਚੜ੍ਹਦੇ ਪੰਜਾਬ ਵਿਚ ਵੀ ਕਿਸੇ ਨੂੰ ਅੰਦਰੋਂ ਚਾਨਣ ਹੋ ਜਾਵੇ ਕਿ ਇਹੋ ਜਿਹਾ ਕੁਝ ਏਧਰ ਵੀ ਕਰ ਦਈਏ। ਇਸੇ ਆਸ ਨਾਲ ਇਸ ਲੇਖ ਨੂੰ ਠਹਿਰਾਅ ਦੇਣ ਲੱਗਾਂ ਹਾਂ ਤੇ ਵਾਅਦਾ ਕਰਦਾ ਹਾਂ ਕਿ ਜੇ ਅਦਾਰਾ ‘ਪੰਚਮ’ ਵਾਲੇ ਮੰਨ ਗਏ ਤਾਂ ਉਨ੍ਹਾਂ ਬਾਰੇ ਵੀ ‘ਦੀਦਾਵਰ ਦੇ ਪੜ੍ਹਣਹਾਰਿਆਂ’ ਨਾਲ ਜਾਣਕਾਰੀ ਸਾਂਝੀ ਕਰਾਂਗਾ।

ਸ਼ੁੱਭ ਉਮੀਦਾਂ ਨਾਲ..!

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ – 9465329617

Related posts

ਸੈਪਟਿਕ ਟੈਂਕ ਦੀ ਸਫਾਈ ਕਰਨ ਆਏ 4 ਕਰਮਚਾਰੀਆਂ ਦੀ ਮੌਤ, ਜ਼ਹਿਰੀਲੀ ਗੈਸ ਕਾਰਨ ਹਾਦਸਾ

On Punjab

ਪਾਕਿਸਤਾਨ ‘ਚ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਦੋਸ਼ ‘ਚ ਭੀੜ ਨੇ ਪੱਥਰ ਮਾਰ ਕੇ ਕੀਤਾ ਵਿਅਕਤੀ ਦਾ ਕਤਲ, ਦਰੱਖ਼ਤ ਨਾਲ ਲਟਕਾਈ ਲਾਸ਼

On Punjab

ਜੰਮੂ-ਕਸ਼ਮੀਰ: ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਦਾ ਸਰੰਡਰ, ਪਰਿਵਾਰ ਦੀ ਅਪੀਲ ‘ਤੇ ਸੁੱਟੇ ਹਥਿਆਰ

On Punjab