ਇਸ ਗੱਲ ‘ਤੇ ਕਾਫ਼ੀ ਚਰਚਾ ਹੁੰਦੀ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਸਿਆਸਤ ਕੁਝ ਕੁ ਸਿਆਸੀ ਪਰਿਵਾਰਾਂ ਤੱਕ ਹੀ ਸਿਮਟ ਕੇ ਹੀ ਰਹਿ ਗਈ ਹੈ।
ਕੌਮੀ ਸਿਆਸਤ ਦੀ ਗੱਲ ਕਰੀਏ ਤਾਂ ਪਰਿਵਾਰਵਾਦ ਦੇ ਇਲਜ਼ਾਮ ਅਕਸਰ ਕਾਂਗਰਸ ‘ਤੇ ਲਗਦੇ ਸਨ, ਪਰ ਹੁਣ ਕਈ ਹੋਰ ਸਿਆਸੀ ਪਾਰਟੀਆਂ ਵੀ ਹਨ ਜਿਨ੍ਹਾਂ ਦਾ ਹਾਲ ਵੀ ਕੁਝ ਇਸੇ ਤਰ੍ਹਾਂ ਜਾਪਦਾ ਹੈ।
ਕੀ ਪਰਿਵਾਰਵਾਦ ਜਮਹੂਰੀਅਤ ਲਈ ਖ਼ਤਰਨਾਕ ਹੈ ਜਾਂ ਫਿਰ ਇਸ ਨਾਲ ਲੋਕਾਂ ਦਾ ਕੋਈ ਫਾਇਦਾ ਵੀ ਹੁੰਦਾ ਹੈ? ਆਓ ਦੇਖਦੇ ਹਾਂ ਲੋਕ ਸਭਾ ਚੋਣਾ 2019 ਵਿੱਚ ਕਿਹੜੇ ਸਿਆਸੀ ਪਰਿਵਾਰ ਤੋਂ ਕੌਣ ਚੋਣ ਲੜ ਰਿਹਾ ਹੈ।
ਪੰਜਾਬ ਦੀਆਂ 13 ਸੀਟਾਂ ਲਈ 9 ਪਰਿਵਾਰਾਂ ਦੇ 10 ਆਗੂ ਚੋਣ ਲੜ ਰਹੇ ਹਨ। ਉੱਥੇ ਹੀ ਹਰਿਆਣਾ ਦੀਆਂ 10 ਸੀਟਾਂ ਲਈ 8 ਪਰਿਵਾਰਾਂ ਦੇ 11 ਮੈਂਬਰ ਚੋਣ ਲੜ ਰਹੇ ਹਨ।
ਬਾਦਲ ਪਰਿਵਾਰ
ਪੰਜਾਬ ਵਿੱਚ, ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਦੋਵੇਂ ਚੋਣ ਮੈਦਾਨ ਵਿੱਚ ਉਤਰ ਆਏ ਹਨ।
ਹਰਸਿਮਰਤ ਬਾਦਲ ਬਠਿੰਡਾ ਤੋਂ ਚੋਣ ਲੜ ਰਹੇ ਹਨ ਅਤੇ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ। ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਵੀ ਹਨ।
ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਅਤੇ ਸੁਖਬੀਰ ਬਾਦਲ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸਨ।
ਹਰਸਿਮਰਤ ਬਾਦਲ ਦੇ ਭਰਾ ਬਿਕਰਮ ਸਿੰਘ ਮਜੀਠੀਆ ਪੰਜਾਬ ਵਿੱਚ ਮਜੀਠਾ ਤੋਂ ਵਿਧਾਇਕ ਹਨ ਅਤੇ ਮੰਤਰੀ ਰਹਿ ਚੁੱਕੇ ਹਨ।
ਅਕਾਲੀ ਦਲ ਦੇ ਸੰਗਰੂਰ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਜੋ ਪੰਜਾਬ ਦੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਉਹ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਹਨ।
ਕਾਂਗਰਸ ਦੇ ਉਮੀਦਵਾਰ
ਕਾਂਗਰਸ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਪਟਿਆਲਾ ਤੋਂ ਚੋਣ ਮੈਦਾਨ ਵਿੱਚ ਹਨ।
ਪ੍ਰਨੀਤ ਕੌਰ ਪਟਿਆਲਾ ਤੋਂ ਸੰਸਦ ਮੈਂਬਰ ਰਹਿਣ ਤੋਂ ਇਲਾਵਾ ਕੇਂਦਰੀ ਮੰਤਰੀ ਵੀ ਰਹੇ ਹਨ। ਉਨ੍ਹਾਂ ਦੇ ਪੁੱਤਰ ਰਣਇੰਦਰ ਵੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਆਜ਼ਮਾ ਚੁੱਕੇ ਹਨ, ਪਰ ਅਸਫਲ ਰਹੇ।
ਗੁਰਦਾਸਪੁਰ ਵਿੱਚ ਸੁਨੀਲ ਜਾਖੜ ਕਾਂਗਰਸ ਦੇ ਉਮੀਦਵਾਰ ਹਨ। ਇਨ੍ਹਾਂ ਦੇ ਪਿਤਾ ਬਲਰਾਮ ਜਾਖੜ ਲੋਕ ਸਭਾ ਦੇ ਅੱਠਵੇਂ ਸਪੀਕਰ ਸਨ। ਉਹ ਮੱਧ ਪ੍ਰਦੇਸ਼ ਤੋਂ ਗਵਰਨਰ ਵੀ ਰਹੇ। ਜਾਖੜ ਦੇ ਵੱਡੇ ਭਰਾ ਸੱਜਣ ਕੁਮਾਰ ਜਾਖੜ ਪੰਜਾਬ ਵਿੱਚ ਮੰਤਰੀ ਰਹਿ ਚੁੱਕੇ ਹਨ।
ਰਵਨੀਤ ਬਿੱਟੂ ਲੁਧਿਆਣਾ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ।
ਆਨੰਦਪੁਰ ਸਾਹਿਬ ਤੋਂ ਓਮੀਦਵਾਰ ਮਨੀਸ਼ ਤਿਵਾੜੀ ਦੇ ਪਿਤਾ ਵੀਐੱਨ ਤਿਵਾੜੀ ਅਤੇ ਜਲੰਧਰ ਤੋਂ ਉਮੀਦਵਾਰ ਸੰਤੋਖ ਸਿੰਘ ਚੌਧਰੀ ਦੇ ਪਿਤਾ ਮਾਸਟਰ ਗੁਰਬੰਤਾ ਸਿੰਘ ਮੰਨੇ ਪ੍ਰਮੰਨੇ ਸਿਆਸੀ ਆਗੂ ਸਨ।
ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਖਹਿਰਾ ਅਕਾਲੀ ਦਲ ਨੇਤਾ ਸਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਵੀ ਰਹੇ।
ਹਰਿਆਣਾ ਦੀ ਸਿਆਸਤ
ਹਰਿਆਣਾ ਵਿੱਚ ਵੀ ਹਾਲਾਤ ਇਸੇ ਤਰ੍ਹਾਂ ਦੇ ਹਨ। ਜੇ ਕਾਂਗਰਸ ਦੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸੋਨੀਪਤ ਤੋਂ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਦੇ ਪੁੱਤਰ ਦੀਪੇਂਦਰ ਸਿੰਘ ਹੁੱਡਾ ਰੋਹਤਕ ਤੋਂ।
ਭੁਪਿੰਦਰ ਸਿੰਘ ਹੁੱਡਾ ਦੇ ਪਿਤਾ ਰਣਬੀਰ ਸਿੰਘ ਹੁੱਡਾ ਆਜ਼ਾਦੀ ਘੁਲਾਟੀਏ ਸਨ ਅਤੇ 1947 ਵਿੱਚ ਭਾਰਤ ਦੀ ਸੰਵਿਧਾਨ ਸਭਾ ਦੇ ਮੈਂਬਰ ਸਨ। ਉਹ ਹਰਿਆਣਾ ਵਿੱਚ ਮੰਤਰੀ ਵੀ ਰਹੇ।
26 ਸਾਲਾ ਭਵਿਆ ਬਿਸ਼ਨੋਈ ਹਿਸਾਰ ਤੋਂ ਚੋਣ ਲੜ ਰਹੇ ਹਨ। ਉਹ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪੋਤੇ ਹਨ। ਭਵਿਆ ਦੇ ਮਾਤਾ-ਪਿਤਾ ਰੇਣੁਕਾ ਅਤੇ ਕੁਲਦੀਪ ਬਿਸ਼ਨੋਈ ਦੋਵੇਂ ਵਿਧਾਇਕ ਹਨ।
ਭਿਵਾਨੀ-ਮਹਿੰਦਰਗੜ੍ਹ ਤੋਂ ਚੋਣ ਲੜ ਰਹੀ ਸ਼ਰੁਤੀ ਚੌਧਰੀ ਕਾਂਗਰਸ ਵਿਧਾਇਕ ਕਿਰਨ ਚੌਧਰੀ ਦੀ ਧੀ ਹੈ ਅਤੇ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀ ਪੋਤੀ ਹੈ।
ਕੁਮਾਰੀ ਸ਼ੈਲਜਾ, ਜਿਹੜੇ ਅੰਬਾਲਾ ਤੋਂ ਚੋਣ ਮੈਦਾਨ ਵਿੱਚ ਹਨ ਕਾਂਗਰਸ ਦੇ ਆਗੂ ਚੌਧਰੀ ਦਲਬੀਰ ਸਿੰਘ ਦੀ ਕੁੜੀ ਹੈ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਵੱਲੋਂ ਬਣਾਈ ਗਈ ਪਾਰਟੀ INLD ਹਾਲ ਹੀ ਵਿੱਚ ਦੋ ਫਾੜ ਹੋ ਗਈ। ਉਨ੍ਹਾਂ ਦੇ ਪੋਤੇ ਦੁਸ਼ਯੰਤ ਚੌਟਾਲਾ ਨੇ ਆਪਣੀ ਪਾਰਟੀ ਜਨ ਨਾਇਕ ਜਨਤਾ ਪਾਰਟੀ ਬਣਾ ਲਈ ਅਤੇ ਹੁਣ ਹਿਸਾਰ ਤੋਂ ਚੋਣ ਮੈਦਾਨ ਵਿੱਚ ਹਨ।
ਉਨ੍ਹਾਂ ਦੇ ਛੋਟੇ ਭਰਾ ਦਿਗਵਿਜੇ ਚੌਟਾਲਾ ਸੋਨੀਪਤ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਦੁਸ਼ਯੰਤ ਅਤੇ ਦਿਗਵਿਜੇ ਦੀ ਮਾਂ ਨੈਨਾ ਚੌਟਾਲਾ ਵਿਧਾਇਕ ਹਨ।
ਇਨ੍ਹਾਂ ਦੋਵਾਂ ਦੇ ਚਾਚਾ ਅਭੇ ਚੌਟਾਲਾ ਦੇ ਮੁੰਡੇ ਅਰਜੁਨ ਚੌਟਾਲਾ ਕੁਰੁਕਸ਼ੇਤਰ ਵਿੱਚ INLD ਦੇ ਉਮੀਦਵਾਰ ਹਨ।
ਭਾਜਪਾ ਦੀ ਗੱਲ ਕਰੀਏ ਤਾਂ ਹਿਸਾਰ ਤੋਂ ਖੜੇ ਬ੍ਰਿਜੇਂਦਰ ਸਿੰਘ ਕੇਂਦਰੀ ਮੰਤਰੀ ਬਿਰੇਂਦਰ ਸਿੰਘ ਦੇ ਪੁੱਤਰ ਹਨ। ਇਨ੍ਹਾਂ ਦੀ ਮਾਤਾ ਪ੍ਰੇਮ ਲਤਾ ਵਿਧਾਇਕ ਹਨ।
ਉੱਥੇ ਹੀ ਹਰਿਆਣਾ ਦੇ ਦੂਜੇ ਮੁੱਖ ਮੰਤਰੀ ਰਹੇ ਰਾਓ ਬਿਰੇਂਦਰ ਸਿੰਘ ਦੇ ਪੁੱਤਰ ਰਾਓ ਇੰਦਰਜੀਤ ਸਿੰਘ ਗੁੜਗਾਂਓ ਤੋਂ ਚੋਣ ਲੜ ਰਹੇ ਹਨ।
ਭਾਈ-ਭਤੀਜਾਵਾਦ ਜਾਂ ਕਾਬਲੀਅਤ
IDC ਦੇ ਡਾਇਰੈਕਟਰ ਡਾ. ਪ੍ਰਮੋਦ ਦਾ ਕਹਿਣਾ ਹੈ ਕਿ ਜਦੋਂ ਸੱਤਾ ਕੁਝ ਲੋਕਾਂ ਦੇ ਹੱਥਾਂ ਵਿੱਚ ਸੀਮਿਤ ਹੋ ਕੇ ਰਹਿ ਜਾਂਦੀ ਹੈ ਤਾਂ ਉਨ੍ਹਾਂ ਲੋਕਾਂ ਤੱਕ ਨਹੀਂ ਪਹੁੰਚਦੀ ਜੋ ਅਸਲ ਵਿੱਚ ਇਸਦੇ ਕਾਬਿਲ ਹਨ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਇਹ ਤਾਕਤ ਹੈ, ਉਹ ਗਰੀਬ ਲੋਕਾਂ ਤੋਂ ਐਨੇ ਵੱਖ ਹੋ ਜਾਂਦੇ ਹਨ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਚੁੱਕ ਹੀ ਨਹੀਂ ਪਾਉਂਦੇ। ਇਸ ਨਾਲ ਗਰੀਬੀ ਅਤੇ ਅਸਮਾਨਤਾ ਹੋਰ ਵੱਧ ਜਾਂਦੀ ਹੈ।
ਜੇ ਆਮ ਔਰਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸਿਆਸਤ ਵਿੱਚ ਆਉਣਾ ਹੋਰ ਔਖਾ ਹੋ ਜਾਂਦਾ ਹੈ। ਜੋ ਔਰਤਾਂ ਸਿਆਸੀ ਪਰਿਵਾਰਾਂ ਵਿੱਚੋਂ ਆਉਂਦੀਆਂ ਹਨ ਉਨ੍ਹਾਂ ਨੂੰ ਪਰਿਵਾਰ ਤੋਂ ਸਮਰਥਨ ਮਿਲਦਾ ਹੈ ਜੋਂ ਬਾਕੀ ਔਰਤਾਂ ਨੂੰ ਨਹੀਂ ਮਿਲਦਾ।