ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਵਿੱਚ ਮਿਲੀ ਬੰਪਰ ਜਿੱਤ ਤੋਂ ਬਾਅਦ ਐਨਡੀਏ ਤੇ ਬੀਜੇਪੀ ਲੀਡਰਾਂ ਨੇ ਪੀਐਮ ਨਰੇਂਦਰ ਮੋਦੀ ਨੂੰ ਸਰਬਸੰਮਤੀ ਨਾਲ ਸੰਸਦ ਮੈਂਬਰ ਦੇ ਲੀਡਰ ਚੁਣਿਆ। ਇਸ ਤੋਂ ਬਾਅਦ ਮੋਦੀ ਨੇ ਖੜੇ ਹੋ ਕੇ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਬੀਜੇਪੀ ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਣ ਅਡਵਾਣੀ ਤੇ ਮੁਰਲੀ ਮਨੋਹਰ ਜੋਸ਼ੀ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਇਸ ਮਗਰੋਂ ਪੀਐਮ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ।ਬਾਦਲ, ਅਡਵਾਣੀ ਤੇ ਜੋਸ਼ੀ ਨੇ ਵੀ ਪੀਐਮ ਨੂੰ ਗਲ਼ ਲਾ ਕੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਐਨਡੀਏ ਦੇ ਸਹਿਯੋਗੀ ਦਲ ਜੇਡੀਯੂ ਦੇ ਲੀਡਰ ਨਿਤੀਸ਼ ਕੁਮਾਰ. ਸ਼ਿਵਸੇਨਾ ਦੇ ਊਧਵ ਠਾਕਰੇ, ਲੋਜਪਾ ਦੇ ਰਾਮ ਵਿਲਾਸ ਪਾਸਵਾਨ ਤੇ ਹੋਰਾਂ ਨੇ ਵੀ ਫੁੱਲਾਂ ਦੇ ਗੁਲਦਸਤੇ ਦੇ ਕੇ ਪੀਐਮ ਮੋਦੀ ਦਾ ਸਵਾਗਤ ਕੀਤਾ।NDA ਦੀ ਬੈਠਕ ਵਿੱਚ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਲੀਡਰ ਪਰਕਾਸ਼ ਸਿੰਘ ਬਾਦਲ ਨੇ NDA ਸੰਸਦੀ ਦਲ ਦੇ ਲੀਡਰ ਵਜੋਂ ਨਰੇਂਦਰ ਮੋਦੀ ਦੇ ਨਾਂ ਦਾ ਪ੍ਰਸਤਾਵ ਕੀਤਾ। ਇਸ ਤੋਂ ਬਾਅਦ ਨਿਤੀਸ਼ ਕੁਮਾਰ, ਊਧਵ ਠਾਕਰੇ ਤੇ ਰਾਮ ਵਿਲਾਸ ਪਾਸਵਾਨ ਨੇ ਵੀ ਉਨ੍ਹਾਂ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਖ਼ਬਰਾਂ ਹਨ ਕਿ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ।NDA ਦੇ ਲੀਡਰ ਚੁਣੇ ਬਾਅਦ ਮੋਦੀ ਨੇ ਕਿਹਾ ਕਿ 21ਵੀਂ ਸਦੀ ਨੂੰ ਏਸ਼ੀਆ ਦੀ ਸਦੀ ਕਹਿੰਦੇ ਹਨ, ਪਰ ਇਸ ਨੂੰ ਭਾਰਤ ਦੀ ਸਦੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਵਿੱਚ ਦੁਨੀਆ ਦੇ ਕਈ ਲੀਡਰਾਂ ਨਾਲ ਗੱਲ ਕਰਨ ਬਾਅਦ ਮੈਂ ਕਹਿ ਸਕਦਾ ਹਾਂ ਕਿ ਦੁਨੀਆ ਨੂੰ ਭਾਰਤ ਨਾਲ ਕੀ ਉਮੀਦ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਨੂੰ ਗਰੀਬੀ ਦੇ ਟੈਗ ਤੋਂ ਮੁਕਤ ਕਰਨਾ ਹੈ।
previous post